April 25, 2026 10:16 pm

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ॥

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਅਸ਼ਟਮ ਬਲਬੀਰਾ, ਬਾਲਾ ਪ੍ਰੀਤਮ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ।ਆਪ ਪੰਜ ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ ਤਿੰਨ ਸਾਲ ਗੁਰਗੱਦੀ ਦੇ ਸਮੇਂ ਦੌਰਾਨ ਆਪਣੇ ਆਪ ਨੂੰ ਯੋਗ ਸਾਬਤ ਕੀਤਾ। ਪਿਤਾ ਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਕਹਿਣ ਮੁਤਾਬਿਕ ਕਿ ‘ਔਰੰਗਜ਼ੇਬ ਦੇ ਮੱਥੇ ਨਹੀ ਲੱਗਣਾ’ ਤੇ ਔਰੰਗਜ਼ੇਬ ਦੇ ਦਿੱਲੀ ਬਲਾਉਣ ਤੇ ਵੀ ਦਿੱਲੀ ਜਾਣ ਤੋਂ ਨਾਂਹ ਕਰਕੇ ਆਪਣੇ ਆਪ ਨੂੰ ਸ਼ਾਹੀ ਡਰ ਤੋਂ ਬੇਪ੍ਰਵਾਹ ਸਾਬਤ ਕੀਤਾ। ਰਾਮਰਈਆਂ ਨੂੰ ਸਦਾ ਲਈ ਗੁਰੂ ਘਰ ਤੋਂ ਤ੍ਰਿਸਕਾਰ ਦਿੱਤਾ। ਆਪ ਨੇ ਸਾਵਣ ਵਦੀ 10 (8 ਸਾਵਣ) ਸੰਮਤ 1713 ਜੁਲਾਈ 7 ਸੰਨ 1656 ਈ: ਨੂੰ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਤੇ ਮਾਤਾ ਸ੍ਰੀ ਕ੍ਰਿਸ਼ਨ ਕੌਰ ਦੇ ਗ੍ਰਹਿ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਵਿਖੇ ਅਵਤਾਰ ਧਾਰਿਆ। ਆਪ ਦੇ ਵੱਡੇ ਭਰਾ ਰਾਮਰਾਇ ਗੁਰਬਾਣੀ ਦੀ ਤੁਕ ਬਦਲਣ ਕਾਰਨ ਪਿਤਾ ਗੁਰਦੇਵ ਦੇ ਮਨੋ ਲਹਿ ਗਏ ਸਨ। ਆਪ ਪੰਜ ਕੁ ਵਰਿਆ ਦੇ ਸਨ, ਜਦ ਪਿਤਾ ਗੁਰਗੱਦੀ ਦੀ ਜਿੰਮੇਵਾਰੀ ਸੌਂਪ ਕੇ ਜੋਤੀ ਜੋਤ ਸਮਾਂ ਗਏ। ਆਪ ਦਾ ਹਿਰਦਾ ਆਪਣੇ ਪਿਤਾ ਵਾਂਗ ਬੜਾ ਕੋਮਲ ਸੀ। ਆਪ ਸ਼ੁਰੂ ਤੋਂ ਹੀ ਤੀਖਣ ਬੁੱਧੀ ਦੇ ਮਾਲਿਕ ਸਨ। ਔਰੰਗਜ਼ੇਬ ਦੇ ਦਿੱਲੀ ਬਲਾਉਣ ਤੇ ਆਪ ਨੇ ਦਿੱਲੀ ਆਉਣ ਤੋਂ ਨਾਂਹ ਕਰ ਦਿੱਤੀ, ਪਰ ਸੰਗਤਾਂ ਦੇ ਬਲਾਉਣ ਤੇ ਝੱਟ ਹਾਂ ਕਰ ਦਿੱਤੀ। (ਭਾਵੇਂ ਔਰੰਗਜ਼ੇਬ ਦੀ ਇਸ ਪਿੱਛੇ ਚਾਲ ਸੀ, ਪਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਭ ਜਾਣਦੇ ਸਨ) ਦਿੱਲੀ ਜਾਂਦਿਆਂ ਜਦ ਪੰਜੋਖਰੇ ਦੇ ਸਥਾਨ ਤੇ ਹੰਕਾਰੀ ਪੰਡਿਤ ਲਾਲ ਚੰਦ ਦੇ ਕਹਿਣ ਤੇ ਕਿ ‘ਆਪ ਤਾਂ ਸ੍ਰੀ ਕ੍ਰਿਸ਼ਨ ਤੋਂ ਵੀ ਵੱਡੇ ਬਣਦੇ ਹੋ, ਭਗਵਾਨ ਕ੍ਰਿਸ਼ਨ ਨੇ ਤਾਂ ਗੀਤਾ ਦੀ ਸਿਰਜਣਾ ਕੀਤੀ ਸੀ ਤੁਸੀ ਕੇਵਲ ਉਸਦੇ ਅਰਥ ਹੀ ਕਰ ਵਿਖਾਉ।’ ਤਾਂ ਬ੍ਰਹਮ ਗਿਆਨ ਦੇ ਪੁੰਜ ਸਰਬ ਕਲਾ ਸੰਪੂਰਨ ਸਤਿਗੁਰੂ ਜੀ ਨੇ ਫੁਰਮਾਇਆ ਕਿ ‘ਤੁਸੀ ਆਪਣੇ ਪਿੰਡ ਵਿੱਚੋਂ ਕੋਈ ਵੀ ਵਿਅਕਤੀ ਲੈ ਕੇ ਆਉ। ਉਹ ਤੁਹਾਡੇ ਹਰ ਪ੍ਰਸ਼ਨ ਦਾ ਉ ਤਰ ਦੇਵੇਗਾ।’ ਪੰਡਿਤ ਲਾਲ ਚੰਦ ਨੇ ਪਿੰਡ ਵਿੱਚੋਂ ਮੂਰਖ ਅਨਪੜ੍ਹ ਝੀਰ ਛੱਜੂ ਨੂੰ ਬੁਲਾਇਆ। ਗੁਰੂ ਜੀ ਨੇ ਉਸ ਦੇ ਸਿਰ ਉਪਰ ਆਪਣੀ ਛੜੀ ਰੱਖੀ ਤਾਂ ਉਸ ਮੂਰਖ ਝੀਰ ਨੇ ਗੀਤਾ ਦੇ ਅਰਥ ਕਰਕੇ ਸੁਣਾ ਦਿੱਤੇ। ਹੰਕਾਰੀ ਪੰਡਿਤ ਨੇ ਮੁਆਫੀ ਮੰਗੀ ਤੇ ਗੁਰੂ ਦਾ ਸਿੱਖ ਬਣ ਗਿਆ। ਦਿੱਲੀ ਪਹੁੰਚ ਕੇ ਆਪ ਨੇ ਆਪਣਾ ਨਿਵਾਸ ਰਾਜਾ ਜੈ ਸਿੰਘ ਦੇ ਬੰਗਲੇ (ਜਿੱਥੇ ਹੁਣ ਗੁਰਦੁਆਰਾ ਬੰਗਲਾ ਸਾਹਿਬ ਸ਼ੁਸ਼ੋਭਿਤ ਹੈ) ਵਿੱਚ ਕੀਤਾ। ਜਿੱਥੇ ਆਪ ਨੇ ਹੰਕਾਰੀਆਂ ਦੇ ਹੰਕਾਰ ਤੋੜੇ ਤੇ ਰੋਗੀਆਂ ਦੇ ਰੋਗ ਦੂਰ ਕੀਤੇ। ਸੰਗਤ ਵੱਧਦੀ ਵੇਖ ਕੇ ਚੁਬੱਚਾ ਬਣਵਾ ਕੇ ਸਭ ਲਈ ਜਲ ਦਾ ਪ੍ਰਬੰਧ ਕੀਤਾ (ਕਿਉਂਕਿ ਆਪ ਆਪਣਾ ਅੰਗੂਠਾ ਧੋ ਕੇ ਜਲ ਦਿੰਦੇ ਸਨ। ਇਸ ਜਲ ਨੂੰ ਸੰਗਤਾਂ ਬੜੀ ਸ਼ਰਧਾ ਨਾਲ ਛੱਕਦੀਆਂ ਸਨ ਤੇ ਆਪਣੇ ਪੁਰਾਣੇ ਤੋਂ ਪੁਰਾਣੇ ਰੋਗ ਦੂਰ ਕਰਦੀਆਂ ਸਨ) ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਠਹਿਰਣ ਸਮੇਂ ਹੀ ਚੇਚਕ ਦੀ ਬੀਮਾਰੀ ਮਹਾਂਮਾਰੀ ਦੇ ਰੂਪ ਵਿੱਚ ਫੈਲ ਗਈ ਜੋ ਉਸ ਸਮੇਂ ਲਾ-ਇਲਾਜ ਬੀਮਾਰੀ ਸੀ। ਗੁਰੂ ਜੀ ਆਪ ਰੋਗੀਆਂ ਕੋਲ ਜਾ ਕੇ ਰੋਗੀਆਂ ਦਾ ਇਲਾਜ ਤੇ ਸੇਵਾ ਕਰਦੇ ਸਨ। ਇਹ ਬੀਮਾਰੀ ਛੂਤ ਦੀ ਹੋਣ ਕਰਕੇ ਬੱਚਿਆਂ ਤੇ ਵਧੇਰੇ ਅਸਰ ਕਰਦੀ ਹੈ। ਇੱਕ ਦਿਨ ਅਚਾਨਕ ਗੁਰੂ ਜੀ ਨੂੰ ਤੇਜ਼ ਬੁਖਾਰ ਹੋ ਗਿਆ ਜੋ ਚੇਚਕ ਵਿੱਚ ਬਦਲ ਗਿਆ, ਜਿਵੇਂ ਮਾਨੋ ਕਿ ਗੁਰੂ ਜੀ ਨੇ ਸਾਰੇ ਸ਼ਹਿਰ ਦੀ ਬੀਮਾਰੀ ਆਪਣੇ ਉਪਰ ਲੈ ਲਈ ਹੋਵੇ। ਗੁਰੂ ਜੀ ਨੇ ਆਪਣਾ ਟਿਕਾਣਾ ਰਾਜਾ ਜੈ ਸਿੰਘ ਦੇ ਬੰਗਲੇ ਤੋਂ ਬਦਲ ਕੇ ਜਮਨਾ ਦੇ ਕੰਢੇ ਲੈ ਆਂਦਾ। ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤਾ ਤੇ ਕਿਹਾ ਕਿ ਸਾਡਾ ਜੋਤੀ-ਜੋਤ ਸਮਾਉਣ ਦਾ ਸਮਾਂ ਨੇੜੇ ਆ ਗਿਆ ਹੈ। ਪੰਜ ਪੈਸੇ ਤੇ ਨਾਰੀਅਲ ਮੰਗਵਾ ਕੇ ਮੱਥਾ ਟੇਕ ਕੇ ‘ਬਾਬੇ ਬਕਾਲੇ’ ਵੱਲ ਸੰਕੇਤ ਕਰ ਦਿੱਤਾ। ਅੰਤ ਆਪ 30 ਮਾਰਚ 1664 ਈ: ਨੂੰ ਦਿੱਲੀ ਵਿੱਚ ਜੋਤੀ-ਜੋਤ ਸਮਾਂ ਗਏ। ਦੱਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਗਉਤੀ ਦੀ ਵਾਰ ਪਾਤਸ਼ਾਹੀ ਦੱਸਵੀਂ ਦੀ ਪਹਿਲੀ ਪਉੜੀ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਾਰੇ ਦੁੱਖਾਂ ਦੀ ਨਵਿਰਤੀ ਦੀ ਬਖਸ਼ਿਸ਼ ਕਰਨ ਬਾਰੇ ਲਿਖਿਆ ਹੈ ਕਿ:
ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਜਿਸ ਡਿਠੈ ਸਭਿ ਦੁਖ ਜਾਇ॥

Send this to a friend