ਸਮਰਾਲਾ, 9 ਮਾਰਚ (ਕਮਲਜੀਤ)– ਸਥਾਨਕ ਨਿਵਾਸੀ ਤਾਂ ਪਿਛਲੇ ¦ਬੇ ਸਮੇਂ ਤੋਂ ਗੰਦਗੀ ਦੀ ਮਾਰ ਝੱਲਦੇ ਆ ਹੀ ਰਹੇ ਹਨ, ਪ੍ਰੰਤੂ ਸਥਾਨਕ ਨਗਰ ਕੌਂਸਲ ਨੂੰ ਅੱਜ ਖੁਦ ਗੰਦੇ ਪਾਣੀ ਦੀ ਚਪੇਟ ਵਿੱਚ ਆਏ ਦੇਖ ਕੇ ਇੱਥੋਂ ਦੇ ਵਸਨੀਕ ਸ਼ਾਇਦ ਇਹ ਸੋਚ ਰਹੇ ਹੋਣਗੇ ਕਿ ਜੋ ਆਪਣਾ ਆਪ ਹੀ ਸਾਫ਼ ਨਹੀਂ ਰੱਖ ਸਕਦੇ, ਉਹ ਭਲਾਂ ਸਾਡੀ ਕੀ ਫ਼ਿਕਰ ਕਰਨਗੇ। ਬੇਸ਼ੱਕ ਸਥਾਨਕ ਨਗਰ ਕੌਂਸਲ ਅਧਿਕਾਰੀ, ਸ਼ਹਿਰ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਡੀਂਗੇ ਮਾਰਦੇ ਨਹੀਂ ਥੱਕਦੇ, ਪਰ ਸੱਚਾਈ ਇਹ ਹੈ ਕਿ ਇਹ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਹਾਲੇ ਤੱਕ ਤਾਂ ਅਸਮਰੱਥ ਹਨ। ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਅਖ਼ਬਾਰਾਂ ਵਿੱਚ ਗੰਦਗੀ ਦੇ ਸਬੰਧ ’ਚ ਕਈ ਖ਼ਬਰਾਂ ਛਪੀਆਂ, ਪ੍ਰੰਤੂ ਇਨ੍ਹਾਂ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ।
ਸ਼ਹਿਰ ਅੰਦਰ ਸਥਿੱਤ ਦੁਰਲੱਭ ਨਗਰ, ਗੁਰੂ ਨਾਨਕ ਰੋਡ, ਪਪੜੌਦੀ ਰੋਡ ਤੇ ਭਗਵਾਨਪੁਰਾ ਰੋਡ ਵਿੱਚ ਤਾਂ ਬਿਨ੍ਹਾਂ ਮੀਂਹ ਤੋਂ ਹੀ ਪਾਣੀ ਖੜ੍ਹਾ ਆਮ ਦੇਖਿਆ ਜਾ ਸਕਦਾ ਹੈ ਅਤੇ ਖੰਨਾ ਰੋਡ ਸਥਿੱਤ ਮੈਰਿਜ ਪੈਲੇਸਾਂ ਵਾਲੇ ਗੰਦਗੀ ਬਾਹਰ ਸੁੱਟ ਦਿੰਦੇ ਹਨ, ਇਨ੍ਹਾਂ ਉ¤ਪਰ ਵੀ ਨਗਰ ਕੌਂਸਲ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਸਕੇ। ਅੱਜ ਜਦੋਂ ਖੜ੍ਹੇ ਗੰਦੇ ਪਾਣੀ ਦੇ ਸਬੰਧ ’ਚ ਸਥਾਨਕ ਕਾਰਜ ਸਾਧਕ ਅਫ਼ਸਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਿਰਫ਼ 15 ਸੈਕਿੰਡ ਵਿੱਚ ਇਹ ਕਹਿ ਕੇ ਫੋਨ ਬੰਦ ਕਰ ਦਿੱਤਾ ਕਿ ਪਾਣੀ ‘‘ਬੈਕ’’ ਆਉਣ ਕਰਕੇ ਇਹ ਗੰਦਾ ਪਾਣੀ ਇੱਥੇ ਭਰ ਚੁੱਕਾ ਹੈ। ਇੱਥੋਂ ਦੀਆਂ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ, ਜਿਨ੍ਹਾਂ ਵਿੱਚ ਸਪਨਾ ਫਾਊਂਡੇਸ਼ਨ ਦੇ ਪ੍ਰਧਾਨ ਮਹਿੰਦਰ ਯਾਦਵ, ਮਾਸਟਰ ਮਾਈਂਡ ਇੰਸਟੀਚਿਊਟ ਦੇ ਡਾਇਰੈਕਟਰ ਅੰਮ੍ਰਿਤਪਾਲ, ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ, ਆਮ ਆਦਮੀ ਪਾਰਟੀ ਦੇ ਕਾਰਕੁੰਨ ਬੰਤ ਸਿੰਘ ਖਾਲਸਾ ਨੇ ਨਗਰ ਕੌਂਸਲ ਸਮਰਾਲਾ ਵੱਲੋਂ ਆਪਣੀਆਂ ਡਿਊਟੀਆਂ ਪ੍ਰਤੀ ਵਰਤੀ ਜਾ ਰਹੀ ਅਣਗਹਿਲੀ ਪ੍ਰਤੀ ਸਖ਼ਤ ਨੋਟਿਸ ਲਿਆ ਹੈ ਤੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜੋ ਉਮੀਦਵਾਰ ਤੁਹਾਡੇ ਪਾਸ ਵੋਟਾਂ ਦੀ ਮੰਗ ਕਰਨ ਆਉਣ, ਉਨ੍ਹਾਂ ਨੂੰ ਆਪੋ-ਆਪਣੇ ਇਲਾਕੇ ’ਚ ਹੋਏ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਜ਼ਰੂਰ ਦਿਖਾਉਣ, ਕਿਉਂਕਿ ਇਸ ਫੈਲੀ ਗੰਦਗੀ ਲਈ ਜਿੱਥੇ ਇਹ ਅਧਿਕਾਰੀ ਜ਼ਿੰਮੇਵਾਰ ਹਨ, ਉ¤ਥੇ ਪ੍ਰਮੁੱਖ ਪਾਰਟੀਆਂ ਦੇ ਸਥਾਨਕ ਆਗੂ ਵੀ ਇਸ ਸ਼ਹਿਰ ’ਚ ਫੈਲੀ ਗੰਦਗੀ ਤੇ ਖੜ੍ਹੇ ਗੰਦੇ ਪਾਣੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ’ਚ ਨਾਕਾਮ ਹੀ ਰਹੇ ਹਨ।