ਪੰਜਾਬ ਵਿੱਚ ਨਸ਼ਿਆਂ ਦੀ ਹੱਦ ਹੋ ਗਈ!
ਮਾਛੀਵਾੜਾ ਸਾਹਿਬ 8 ਮਾਰਚ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਦੇ ਵਿਚ ਪਿਛਲੇ ਕੁਝ ਸਾਲਾਂ ਤੋਂ ਵਧ ਰਿਹਾ ਨਸ਼ਿਆਂ ਦਾ ਰੁਝਾਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਹੁਣ ਤਾਂ ਨਸ਼ਿਆਂ ਦੇ ਦਰਿਆ ਵਹਿਣ ਦੀ ਹੱਦ ਹੁੰਦੀ ਜਾ ਰਹੀ ਹੈ ਕਿਉਂਕਿ ਸੂਬੇ ਦੀ ਨੌਜਵਾਨੀ ਤੋਂ ਇਲਾਵਾ ਬੱਚੇ ਵੀ ਇਸਦੀ ਗ੍ਰਿਫਤ ਵਿਚ ਆ ਕੇ ਘਟੀਆ ਕਿਸਮ ਦਾ ਨਸ਼ਾ ਵਰਤਣ ਲੱਗ ਪਏ ਹਨ।ਪੰਜਾਬ ਵਿਚ ਸ਼ਰਾਬ ਤੋਂ ਇਲਾਵਾ ਲੋਕਾਂ ਵਿਚ ਖਾਸਕਰ ਨੌਜਵਾਨਾਂ ਵਿਚ ਸਮੈਕ, ਹੈਰੋਇਨ ਤੇ ਮੈਡੀਕਲ ਨਸ਼ਿਆਂ ਦਾ ਰੁਝਾਨ ਤਾਂ ਦੇਖਣ ਨੂੰ ਮਿਲ ਹੀ ਰਿਹਾ ਸੀ ਪਰ ਪਿਛਲੇ ਕੁਝ ਸਮੇਂ ਦੌਰਾਨ ਕੁਝ ਬੱਚਿਆਂ ਵੱਲੋਂ ਕਿਤਾਬਾਂ ਕਾਪੀਆਂ ਤੇ ਅੱਖਰਾਂ ਨੂੰ ਮਿਟਾਉਣ ਵਾਲੇ ਫਲਿਊਡ ਨੂੰ ਵੀ ਨਸ਼ੇ ਦੇ ਤੌਰ ਤੇ ਵਰਤਣ ਦੇ ਮਾਮਲੇ ਸਾਹਮਣੇ ਆਏ ਸਨ ਪਰ ਹੁਣ ਮਾਛੀਵਾੜਾ ਵਿਚ ਇੱਕ ਬੱਚਿਆਂ ਦੇ ਟੋਲੇ ਨੂੰ ਟੁੱਟੇ ਸਮਾਨ
ਅਤੇ ਹੋਰ ਵਸਤੂਆਂ ਨੂੰ ਜੋੜਨ ਲਈ ਵਰਤੇ ਜਾਂਦੇ ਸਲੋਸ਼ਨ ਨੂੰ ਨਸ਼ੇ ਵਜੋਂ ਵਰਤਦਿਆਂ ਦੇਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 10 ਤੋਂ ਲੈ ਕੇ 15 ਸਾਲ ਤੱਕ ਦੇ ਨਾਬਾਲਿਗ ਬੱਚਿਆਂ ਦਾ ਇਹ ਟੋਲਾ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਦੀਆਂ ਵੱਖ ਵੱਖ ਦੁਕਾਨਾਂ ਤੋਂ ਕਈ ਤਰ੍ਹਾਂ ਦੇ ਕੈਮੀਕਲਾਂ ਨੂੰ ਮਿਲਾ ਕੇ ਬਣਾਏ ਜਾਂਦੇ ਸਲੋਸ਼ਨ ਦੀ ਟਿਊਬ ਨੂੰ ਖਰੀਦਦੇ ਸਨ ਤੇ ਇਸਨੂੰ ਨਸ਼ੇ ਵਜੋਂ ਵਰਤਦੇ ਸਨ। ਸ਼ਹਿਰ ਦੇ ਕੁਝ ਪਤਵੰਤੇ ਸੱਜਣਾਂ ਨੇ ਬੱਚਿਆਂ ਦੇ ਇਨਾਂ ਟੋਲਿਆਂ ਤੇ ਅੱਖ ਰੱਖੀ ਤੇ ਅੱਜ ਜਦੋਂ ਇਹ ਇੱਕ ਦੁਕਾਨ ਤੋਂ ਇਹ ਸਲੋਸ਼ਨ ਦੀ ਟਿਊਬ ਲੈ ਕੇ ਗਏ ਤਾਂ ਇਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਇਹ 5-6 ਬੱਚਿਆਂ ਦਾ ਟੋਲਾ ਕਿਸੇ ਸੁੰਨਸਾਲ ਥਾਂ ਤੇ ਜਾ ਕੇ ਪਲਾਸਟਿਕ ਦੇ ਛੋਟੇ ਛੋਟੇ ਲਿਫਾਫਿਆਂ ਵਿਚ ਇਸ ਸਲੋਸ਼ਨ ਨੂੰ ਪਾ ਕੇ ਲਿਫਾਫੇ ਨੂੰ ਮੂੰਹ ਅਤੇ ਨੱਕ ਨਾਲ ਲਗਾ ਕੇ ਜੋਰ ਨਾਲ ਸਾਹ ਅੰਦਰ ਨੂੰ ਖਿੱਚਦੇ ਦਿਖਾਈ ਦਿੱਤੇ। ਇਸ ਤਰ੍ਹਾਂ ਨਸ਼ਾ ਕਰਦਿਆਂ ਇਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਨਾਂ ਵਿਚੋਂ ਕੇਵਲ ਇੱਕ 11 ਸਾਲ ਦਾ ਬੱਚਾ ਮੋਨੂੰ (ਕਾਪਲਨਿਕ ਨਾਮ) ਕਾਬੂ ਆ ਸਕਿਆ ਜਦਕਿ ਬਾਕੀ ਭੱਜ ਗਏ। ਇਸ ਨਾਬਾਲਿਗ ਬੱਚੇ ਨੇ ਦੱਸਿਆ ਕਿ ਉਹ ਅਤੇ ਉਸਦੇ ਸਾਥੀ ਟਿਊਬ ਵਿਚਲੇ ਸਲੋਸ਼ਨ ਨੂੰ ਲਿਫਾਫੇ ਵਿਚ ਪਾ ਕੇ ਸਾਹ ਅਤੇ ਨੱਕ ਰਾਹੀਂ ਅੰਦਰ ਖਿੱਚਦੇ ਸਨ ਜਿਸ ਨਾਲ ਉਨਾਂ ਨੂੰ ਨਸ਼ਾ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਪੜ੍ਹਦੇ ਨਹੀਂ ਤਾਂ ਇਹ ਨਾਬਾਲਿਗ ਬੱਚੇ ਇੰਨੇ ਸ਼ਾਤਿਰ ਸਨ ਕਿ ਨਾ ਤਾਂ ਉਹ ਆਪਣੇ ਮਾਂ ਬਾਪ ਦੀ ਅਸਲੀਅਤ ਦੱਸੀਅਤੇ ਨਾ ਹੀ ਪੜ੍ਹਾਈ ਬਾਰੇ। ਜਦੋਂ ਨਸ਼ਿਆਂ ਦੇ ਸੇਵਨ ਲਈ ਪੈਸੇ ਬਾਰੇ ਪੁੱਛਿਆ ਗਿਆ ਤਾਂ ਪਹਿਲਾਂ ਤਾਂ ਉਸਨੇ ਥੋੜਾ ਬਹੁਤ ਕੰਮ ਕਰਕੇ ਪੈਸਾ ਕਮਾਉਣ ਦੀ ਗੱਲ ਕੀਤੀ ਪਰ ਬਾਦ ਵਿਚ ਉਹ ਮੰਨ ਗਿਆ ਕਿ ਉਹ ਬਜਾਰ ਵਿਚੋਂ ਲੋਹਾ ਤੇ ਛੋਟੀਆਂ ਮੋਟੀਆਂ ਚੋਰੀਆਂ ਕਰਕੇ ਉਸਨੂੰ ਸਮਾਨ ਨੂੰ ਵੇਚ ਕੇ ਨਸ਼ੇ ਦੀ ਪੂਰਤੀ ਕਰਦੇ ਹਨ। ਨਸ਼ਾ ਕਰਨ ਦੇ ਇਸ ਨਵੇਂ ਢੰਗ ਨੂੰ ਦੇਖਣ ਤੇ ਉਥੇ ਸਭ ਲੋਕ ਹੈਰਾਨ ਸਨ ਕਿ ਸੂਬੇ ਦੀ ਜਵਾਨੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਇਹ ਨਾਬਾਲਿਗ ਬੱਚੇ ਦਿਸ਼ਾਹੀਣ ਹੋ ਗਏ ਸਨ ਤੇ ਆਉਣ ਵਾਲੇ ਸਮੇਂ ਵਿਚ ਜਿੱਥੇ ਇਹ ਜੁਰਮ ਨੂੰ ਵਧਾਉਣਗੇ ਉਥੇ ਸਮਾਜ ਲਈ ਵੱਡਾ ਖ਼ਤਰਾ ਹੋਣਗੇ। ਇਹ ਸਲੋਸ਼ਨ ਵੇਚਣ ਵਾਲੇ ਦੁਕਾਨਦਾਰਾਂ ਦਾ ਵੀ ਕਹਿਣਾ ਸੀ ਕਿ ਪਹਿਲਾਂ ਤਾਂ ਇਸਦਾ ਗਾਹਕ ਮਹੀਨੇ ਵਿਚ ਕਦੇ ਕਦਾਈਂ ਆਉਂਦਾ ਸੀ ਪਰ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਜਿੱਥੇ ਇਸਦੀ ਖਰੀਦ ਵਧੀ ਹੋਈ ਤੇ ਜਦੋਂ ਉਹ ਬੱਚਿਆਂ ਨੂੰ ਇਸ ਬਾਰੇ ਪੁੱਛਦੇ ਸਨ ਤਾਂ ਉਹ ਕਿਤਾਬਾਂ ਕਾਪੀਆਂ ਜੋੜਨ ਜਾਂ ਸਕੂਲ ਦੇ ਹੋਰ ਕੰਮ ਲਈ ਵਰਤੋਂ ਦਾ ਕਹਿ ਕੇ ਇਹ ਸਲੋਸ਼ਨ ਲੈ ਜਾਂਦੇ ਸਨ। ਜਾਣਕਾਰੀ ਅਨੁਸਾਰ ਇਸ ਸਲੋਸ਼ਨ ਦੀ ਟਿਊਬ ਵਿਚ ਅਲਕੋਹਲ ਦੀ ਮਾਤਰਾ ਹੁੰਦੀ ਹੈ ਜਿਸਨੂੰ ਕਿ ਨਸ਼ੇ ਵਜੋਂ ਵਰਤਿਆ ਜਾ ਰਿਹਾ ਹੈ। ਨਸ਼ਾ ਕਰਨ ਵਾਲੇ ਇਸ ਨਾਬਾਲਿਗ ਬੱਚੇ ਨੂੰ ਪੁਲਸ ਦੇ ਸਪੁਰਦ ਕਰ ਦਿੱਤਾ ਗਿਆ ਪਰ ਉਹ ਵੀ ਕਾਨੂੰਨ ਦੇ ਹੱਥਾਂ ਵਿਚ ਬੰਨ੍ਹੇ ਹੋਏ ਕਾਰਨ ਇਸ ਨਾਬਾਲਿਗ ਖਿਲਾਫ਼ ਕੋਈ ਵੀ ਕਾਰਵਾਈ ਕਰਨ ਤੋਂ ਅਸਮਰੱਥ ਦਿਖਾਈ ਦਿੱਤੇ।