ਸੰਤ ਤੇਜਾ ਸਿੰਘ ਰੂਹਾਨੀ ਵਿਅਕਤਿਤਵ ਦੇ ਮਾਲਕ ਸਨ। ਉਨ੍ਹਾਂ ਆਪਣੀ ਸਾਰੀ ਉਮਰ ਸਿੱਖ ਸਿਧਾਂਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਲਗਾ ਦਿੱਤੀ। ਜਦੋਂ ਉਨ੍ਹਾਂ ਨੂੰ ਸੰਤ ਅਤਰ ਸਿੰਘ ਨੇ ਉਚ ਪੜ੍ਹਾਈ ਲਈ ਅਗਸਤ 1906 ਵਿਚ ਇੰਗਲੈਂਡ ਭੇਜਿਆ ਤਾਂ ਉਹ ਆਪਣੀ ਪੜ੍ਹਾਈ ਅੱਧ ਵਿਚਕਾਰ ਛੱਡ ਕੇ ਸਿੱਖ ਧਰਮ ਦੇ ਅਨੁਆਈਆਂ ਉਪਰ ਅਮਰੀਕਾ ਅਤੇ ਕੈਨੇਡਾ ਵਿਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਚਲੇ ਗਏ। ਇੰਗਲੈਂਡ ਵਿਚ ਵੀ ਉਹ ਆਪਣੀ ਪੜ੍ਹਾਈ ਦੌਰਾਨ ਗੁਰੂ ਘਰਾਂ ਦੀ ਸਥਾਪਨਾ ਲਈ ਲੋਕਾਂ ਨੂੰ ਸੰਗਠਤ ਕਰਦੇ ਰਹੇ ਅਤੇ ਗੁਰਦੁਆਰੇ ਸਥਾਪਤ ਕਰਵਾਏ। ਉਨ੍ਹਾਂ ਕੈਨੇਡਾ ਵਿਚ ਸਿੱਖ ਗੁਰੂ ਘਰਾਂ ਦੀ ਸਥਾਪਨਾ ਕਰਵਾਈ ਅਤੇ ਬਹੁਤ ਥਾਵਾਂ ਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਕਿਉਂਕਿ ਸੰਤ ਅਤਰ ਸਿੰਘ ਜਦੋਂ ਸੰਤ ਤੇਜਾ ਸਿੰਘ ਨੂੰ ਸਾਇੰਸ ਦੀ ਪੜ੍ਹਾਈ ਕਰਨ ਭੇਜਿਆ ਸੀ ਤਾਂ ਨਸੀਹਤ ਦਿੱਤੀ ਸੀ ਕਿ ਸਿੱਖੀ ਸਰੂਪ ਕਾਇਮ ਰੱਖਣਾ ਹੈ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਤਨੋਂ ਮਨੋ ਕੰਮ ਕਰਨਾ ਹੈ। ਜਿਥੇ ਵੀ ਜਾਣਾ ਹੈ ਉਥੇ ਗੁਰਦੁਆਰਾ ਜ਼ਰੂਰ ਹੀ ਸਥਾਪਤ ਕਰਵਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਤੁਸੀਂ ਐਸੀ ਪੜ੍ਹਾਈ ਗ੍ਰਹਿਣ ਕਰਕੇ ਵਾਪਸ ਆਓ ਤੇ ਇਥੇ ਆ ਕੇ ਪੰਜਾਬੀਆਂ ਨੂੰ ਉਹ ਸਿਖਿਆ ਦੇ ਸਕੋ ਤਾਂ ਜੋ ਪੰਜਾਬੀਆਂ ਨੂੰ ਪੜ੍ਹਾਈ ਲਈ ਬਾਹਰ ਨਾ ਜਾਣਾ ਪਵੇ। ਕੋ¦ਬੀਆ ਯੂਨੀਵਰਸਿਟੀ ਵਿਚ ਪੜ੍ਹਦਿਆਂ ਉਨ੍ਹਾਂ ਇਕ ਪ੍ਰੋਫੈਸਰ ਦੇ ਕਹਿਣ ਉਪਰ ਯੂਨੀਵਰਸਿਟੀ ਦੇ ਹਾਲ ਵਿਚ ਭਗਤਾਂ ਅਤੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਭਾਸ਼ਣ ਦਿੱਤਾ, ਇਹ ਲੈਕਚਰ 10 ਹਜ਼ਾਰ ਗੋਰਿਆਂ ਨੇ ਸੁਣਿਆਂ। ਇਸ ਦੇ ਨਤੀਜੇ ਵਜੋਂ 250 ਗੋਰੇ ਗੋਰੀਆਂ ਨੇ ਸੰਤ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਹਰ ਐਤਵਾਰ ਉਹ ਸਿੱਖ ਧਰਮ ਬਾਰੇ ਲੈਕਚਰ ਦਿਆ ਕਰਨ। ਆਪਦੀ ਉਥੇ ਸਿੱਖ ਪ੍ਰਚਾਰਕ ਦੇ ਤੌਰ ਤੇ ਧਾਂਕ ਪੈ ਗਈ। ਇਕ ਗੋਰਾ ਟੀ.ਸੀ.ਕਰਾਫਰਡ ਆਪ ਦਾ ਪੱਕਾ ਚੇਲਾ ਬਣ ਗਿਆ। ਉਸ ਗੋਰੇ ਉਪਰ ਆਰਥਿਕ ਭੀੜ ਆ ਪਈ ਤਾਂ ਸੰਤਾਂ ਨੇ 2 ਲੱਖ ਡਾਲਰ ਉਦੋਂ ਸੰਗਤਾਂ ਤੋਂ ਇਕੱਠੇ ਕਰਕੇ ਉਸਨੂੰ ਦਿੱਤੇ। ਸ਼ਿਕਾਗੋ ਦੇ ਸਭ ਤੋਂ ਵੱਡੇ ਚਰਚ ਦੇ ਪਾਦਰੀ ਜੈਨਕਿਨ ਲੀਓਡ ਜੋਨਜ਼ ਨੇ ਸੰਤ ਤੇਜਾ ਸਿੰਘ ਦੇ ਬਚਨ ਸੁਣਕੇ ਕਿਹਾ‘‘ ਭਾਈ ਤੇਜਾ ਸਿੰਘ ਜੀ, ਗਿਆਨ ਦਾ ਪ੍ਰਕਾਸ਼ ਪੂਰਬ ਵੱਲੋਂ ਹੀ ਆਵੇਗਾ, ਅਸੀਂ ਪੱਛਮੀ ਲੋਕ ਇਸ ਗੱਲ ਤੋਂ ਵਾਂਝੇ ਹਾਂ।’’ ਇਥੋਂ ਤੱਕ ਕਿ ਇਕ ਵਾਰ ਪਾਦਰੀ ਜੋਨਜ਼ ਦੇ ਸੱਦੇ ਉਪਰ ਜਰਮਨ ਵਿਖੇ ‘ਸਰਬ ਧਰਮ ਕਾਂਗਰਸ’ ਵਿਚ ਅਜਿਹਾ ਭਾਸ਼ਣ ਸਿੱਖ ਧਰਮ ਦੇ ਪਰਉਪਕਾਰੀ ਸਿਧਾਂਤਾਂ ਬਾਰੇ ਦਿੱਤਾ ਕਿ ਜਿਸ ਤੋਂ ਸਭਾ ਵਿਚ ਸ਼ਾਮਲ ਮੈਂਬਰ ਬਹੁਤ ਹੀ ਪ੍ਰਭਾਵਤ ਹੋਏ ਤੇ ਉਨ੍ਹਾਂ ਵਿਚੋਂ ਇਕ ਨੇ ਉਠਕੇ ਕਿਹਾ ਕਿ ਸਾਨੂੰ ਇਸਦੀ ਲੋੜ ਹੈ। ਉਸ ਭਾਸ਼ਣ ਦਾ ਸਾਰ ਇਹ ਸੀ‘‘ ਸਭ ਮਨੁੱਖ ਮਾਤਰ ਵਿਚ ਇਕੋ ਹੀ ਰੱਬ ਦੀ ਜੋਤ ਹੈ। ਹਰ ਰੰਗ, ਹਰ ਮਜ਼੍ਹਬ, ਹਰ ਨਸਲ, ਹਰ ਜ਼ਾਤ ਦੇ ਸਰੀਰਾਂ ਦੀ ਬਨਾਵਟ ਇਕੋ ਹੀ ਮਿੱਟੀ ਤੋਂ ਬਣੀ ਹੈ। ਖ਼ੁਦਗਰਜ਼ੀ ਦੇ ਪਰਦੇ ਕਰਕੇ, ਇਨਸਾਨ ਦੇ ਹਿਰਦੇ ਦੀ ਰੱਬੀ ਜੋਤ ਦੇ ਸੂਰਜ ਅੱਗੇ ਓਹਲਾ ਆ ਜਾਂਦਾ ਹੈ। ਅਸੀਂ ਭੁਲੇਖੇ ਵਿਚ ਪੈ ਕੇ, ਇਕ ਦੂਜੇ ਨਾਲ ਕੁੱਕੜਖੋਹੀ ਕਰਨ ਲੱਗ ਜਾਂਦੇ ਹਾਂ। ਰੱਬ ਦੀ ਯਾਦ ਵਿਚ, ਜੇ ਖ਼ੁਦਗਰਜ਼ੀ ਨੂੰ ਮਿਟਾ ਦੇਈਏ ਤਾਂ ਹਰ ਇਕ ਹਿਰਦੇ ਵਿਚ ਜੋਤ ਪ੍ਰਕਾਸ਼ ਹੋ ਕੇ, ਇਕੋ ਨੂਰ ਪ੍ਰਗਟ ਕਰ ਦਿੰਦੀ ਹੈ। ਇਸ ਲਈ ਸੋਝੀ ਬਿਨਾਂ ਦੁਨੀਆਂ ਵਿਚ ਕੋਈ ਪੱਕਾ ਅਮਨ ਚੈਨ ਨਹੀਂ ਹੋ ਸਕਦਾ।’’ ਤੇਜਾ ਸਿੰਘ ਦਾ ਜਨਮ ਪਿੰਡ ਬਲੋਵਾਲੀ, ਜਿਲ੍ਹਾ ਗੁਜਰਾਂਵਾਲਾ ਵਿਚ ਪਿਤਾ ਰੱਲਾ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ 14 ਮਈ 1877 ਨੂੰ ਹੋਇਆ। ਮਾਤਾ ਰਾਮ ਕੌਰ ਨਿਮਰਤਾ ਦੀ ਪ੍ਰਤੀਕ ਅਤੇ ਸਬਰ ਸੰਤੋਖ ਦੀ ਮੂਰਤ ਸਨ। ਆਪਦੇ ਪਿਤਾ ਕੇਂਦਰੀ ਜੇਲ੍ਹ ਲਾਹੌਰ ਵਿਚ ਡਾਕਟਰ ਸਨ। ਦਾਦਾ ਨਾਨਕ ਚੰਦ ਸਮਾਜ ਸੇਵਕ ਅਤੇ ਗ਼ਰੀਬਾਂ ਦੀ ਸੇਵਾ ਵਿਚ ਲੀਨ ਰਹਿੰਦੇ ਸਨ। ਆਪਦੇ ਨਾਨਾ ਭਾਈ ਭਾਗ ਸਿੰਘ ਧਾਰਮਿਕ ਵਿਅਕਤੀ ਸਨ। ਬਲੋਵਾਲੀ ਪਿੰਡ ਐਮਨਾਬਾਦ ਦੇ ਇਲਾਕੇ ਵਿਚ ਪੈਂਦਾ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ। ਮਲਿਕ ਭਾਗੋ ਨੂੰ ਵੀ ਗੁਰੂ ਨਾਨਕ ਦੇਵ ਜੀ ਨੇ ਐਮਨਾਬਾਦ ਵਿਚ ਹੀ ਸਿੱਧੇ ਰਸਤੇ ਪਾਇਆ ਸੀ। ਪਹਿਲਾਂ ਆਪਦਾ ਨਾਮ ਨਿਰੰਜਨ ਸਿੰਘ ਮਹਿਤਾ ਸੀ ਪ੍ਰੰਤੂ ਅੰਮ੍ਰਿਤ ਪਾਨ ਕਰਾਉਣ ਤੋਂ ਬਾਅਦ ਸੰਤ ਅਤਰ ਸਿੰਘ ਨੇ ਆਪਦਾ ਨਾਮ ਤੇਜਾ ਸਿੰਘ ਰੱਖਿਆ ਗਿਆ ਸੀ। ਪਿੰਡ ਦੇ ਸਕੂਲ ਵਿਚ ਹੀ ਦੋ ਸਾਲ ਆਪਨੇ ਮੀਆਂ ਮੁਹੰਮਦ ਦੀਨ ਪਾਸੋਂ ਪੜ੍ਹਾਈ ਕੀਤੀ। ਉਸਤੋਂ ਬਾਅਦ ਆਪ ਨੂੰ ਪਹਿਲਾਂ ਫਾਜਿਲਕਾ ਅਤੇ ਫਿਰ ਲਾਹੌਰ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਨੇ ਪਾ ਦਿੱਤਾ। ਅੰਗਰੇਜ਼ੀ ਸਕੂਲਾਂ ਦੇ ਵਾਤਾਵਰਨ ਨੇ ਆਪਨੂੰ ਨਾਸਤਿਕ ਬਣਾ ਦਿੱਤਾ ਪ੍ਰੰਤੂ ਆਪ ਹਠਧਰਮੀ ਨਹੀਂ ਸਨ। ਗ਼ਰੀਬ ਲੋਕਾਂ ਦੇ ਹੱਕ ਵਿਚ ਸਨ। ਸਕੂਲ ਵਿਚ ਪੜ੍ਹਦਿਆਂ ਦਾ ਹੀ ਆਪਦੇ ਦਾਦਾ ਨਾਨਕ ਚੰਦ ਨੇ ਆਪਦਾ ਵਿਆਹ ਧੌਲਰ ਪਿੰਡ ਦੇ ਭਾਈ ਝੰਡਾ ਸਿੰਘ ਦੀ ਲੜਕੀ ਬੀਬੀ ਬਿਸ਼ਨ ਕੌਰ ਨਾਲ ਕਰ ਦਿੱਤਾ। ਫਿਰ ਆਪ ਨੂੰ ਗੌਰਮਿੰਟ ਕਾਲਜ ਲਾਹੌਰ ਵਿਚ ਬੀ.ਏ.ਦੀ ਪੜ੍ਹਾਈ ਲਈ ਦਾਖ਼ਲ ਕਰਵਾ ਦਿੱਤਾ। ਆਪਨੇ ਬੀ.ਏ.ਅਤੇ ਐਲ.ਐਲ.ਬੀ.ਗੌਰਮਿੰਟ ਕਾਲਜ ਲਾਹੌਰ ਤੋਂ 1900 ਵਿਚ ਪਾਸ ਕਰ ਲਈ। ਉਸਤੋਂ ਬਾਅਦ ਐਮ.ਏ.ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪਹਿਲੇ ਦਰਜੇ ਵਿਚ ਪਾਸ ਕੀਤੀ। ਆਪਦੇ ਤਿੰਨ ਬੱਚੇ ਮੁਕੰਦ ਸਿੰਘ, ਹਰੀ ਸਿੰਘ ਅਤੇ ਬੀਬੀ ਜੀਤ ਕੌਰ ਹੋਏ। ਹਰੀ ਸਿੰਘ ਛੋਟੀ ਉਮਰ ਵਿਚ ਹੀ ਪ੍ਰਲੋਕ ਸਿਧਾਰ ਗਏ। ਪੜ੍ਹਾਈ ਤੋਂ ਬਾਅਦ ਆਪ ਨੇ ਗੁਜਰਾਂਵਾਲਾ ਵਿਖੇ ਵਕਾਲਤ ਦੀ ਪ੍ਰੈਕਟਿਸ ਸ਼ੁਰੂ ਕਰ ਲਈ ਪ੍ਰੰਤੂ ਇਸ ਕੰਮ ਵਿਚ ਝੂਠ ਬੋਲਣਾ ਪੈਂਦਾ ਸੀ ਜੋ ਆਪ ਨੂੰ ਰਾਸ ਨਾ ਆਇਆ। ਥੋੜ੍ਹੇ ਸਮੇਂ ਬਾਅਦ ਹੀ ਵਕਾਲਤ ਕਰਨੀ ਛੱਡ ਦਿੱਤੀ। 1902 ਵਿਚ ਭਾਰਤ ਸਰਕਾਰ ਦੇ ਲੂਣ ਵਿਭਾਗ ਵਿਚ ਸੁਪਰਇਨਟੈਂਡੈਂਟ ਚੁਣੇ ਗਏ ਪ੍ਰੰਤੂ ਉਥੇ ਵੀ ਲੂਣ ਦੀ ਚੋਰੀ ਕਰਕੇ ਵੇਚਣ ਵਾਲੇ ਗ਼ਰੀਬ ਲੋਕਾਂ ਨੂੰ ਪਕੜਕੇ ਜੇਲ੍ਹ ਭੇਜਣਾ ਹੁੰਦਾ ਸੀ। ਉਥੋਂ ਇਕ ਸਾਲ ਦੀ ਛੁੱਟੀ ਲੈ ਕੇ 1904 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਵਾਈਸ ਪ੍ਰਿੰਸੀਪਲ ਲੱਗ ਗਏ। ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਰ ਸੁੰਦਰ ਸਿੰਘ ਮਜੀਠੀਆ ਸਨ। ਸਕੂਲ ਦਾ ਅੰਗਰੇਜ਼ ਪ੍ਰਿੰਸੀਪਲ ਇੰਗਲੈਂਡ ਚਲਾ ਗਿਆ ਤਾਂ ਆਪਦੀ ਕਾਬਲੀਅਤ ਨੂੰ ਮੁੱਖ ਰੱਖਦਿਆਂ ਆਪਨੂੰ ਪ੍ਰਿੰਸੀਪਲ ਨਿਯੁਕਤ ਕਰ ਦਿੱਤਾ ਗਿਆ। ਇਥੇ ਹੀ ਆਪ ਦਾ ਮੇਲ ਸੰਤ ਅਤਰ ਸਿੰਘ ਮਸਤੂਆਣਾ ਨਾਲ ਹੋ ਗਿਆ, ਜਿਨ੍ਹਾਂ ਤੋਂ ਆਪ ਬਹੁਤ ਹੀ ਪ੍ਰਭਾਵਤ ਹੋਏ। ਨਾਸਤਕ ਤੋਂ ਆਸਤਕ ਬਣ ਗਏ। ਗੁਰਬਾਣੀ ਨਾਲ ਅਥਾਹ ਜੁੜ ਗਏ। ਉਨ੍ਹਾਂ ਇਕ ‘ਗੁਰੂ ਨਾਨਕ ਕਲੱਬ’ ਬਣਾਇਆ ਜਿਸ ਰਾਹੀਂ ਲੋੜਮੰਦ ਵਿਦਿਆਰਥੀਆਂ ਦੀ ਮਦਦ ਕੀਤੀ ਜਾਂਦੀ ਸੀ। ਇਸ ਦੌਰਾਨ ਗ਼ਰੀਬ ਵਿਦਿਆਰਥੀਆਂ ਨੂੰ ਆਪਣੀ ਰਿਹਾਇਸ਼ ਤੇ ਲਿਆਕੇ ਪੜ੍ਹਾਉਂਦੇ ਅਤੇ ਉਨ੍ਹਾਂ ਦੇ ਖਾਣੇ ਦਾ ਪ੍ਰਬੰਧ ਕਰਦੇ ਸਨ। ਵਿਦਿਆਰਥੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪ੍ਰਜਵਲਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਸਮੇਂ ਸਕੂਲ ਵਿਚ ਮਾਸਟਰ ਤਾਰਾ ਸਿੰਘ, ਭਾਈ ਮਾਨ ਸਿੰਘ, ਬਾਵਾ ਹਰਕਿਸ਼ਨ ਸਿੰਘ, ਬਾਵਾ ਗੁਰਬਖ਼ਸ਼ ਸਿੰਘ, ਭਾਈ ਰਛਪਾਲ ਸਿੰਘ, ਭਾਈ ਸੰਤ ਸਿੰਘ ਅਤੇ ਭਾਈ ਸੰਪੂਰਨ ਸਿੰਘ ਵਿਦਿਆਰਥੀ ਸਨ। ਖਾਲਸਾ ਕਾਲਜ ਵਿਚ ਨੌਕਰੀ ਕਰਦਿਆਂ ਆਪਦਾ ਮਨ ਰੱਬੀ ਬਾਣੀ ਨਾਲ ਜੁੜ ਗਿਆ। ਜਿਹੜਾ ਤੇਜਾ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਨਹੀਂ ਹੁੰਦਾ ਸੀ, ਉਸਨੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਪਣੇ ਘਰ ਸੁਭਾਏਮਾਨ ਕਰ ਲਈ। ਆਪ 1917 ਤੋਂ 19 ਅਤੇ 1923 ਤੋਂ 26 ਤੱਕ ਗੁਜਰਾਂਵਾਲਾ ਕਾਲਜ, 1920 ਤੋਂ 23 ਤੱਕ ਅਕਾਲ ਕਾਲਜ ਗੁਰਸਾਗਰ ਸੰਗਰੂਰ ਅਤੇ 1919 ਤੋਂ 20 ਤੱਕ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਕਾਲਜ ਦੇ ਪ੍ਰਿੰਸੀਪਲ ਰਹੇ। ਬਨਾਰਸ ਯੂਨੀਵਰਸਿਟੀ ਦੇ ਕਾਲਜ ਦੀ ਮਿਲਦੀ 1200 ਰੁਪਏ ਮਹੀਨਾ ਤਨਖ਼ਾਹ ਵਿਚੋਂ 200 ਰੁਪਏ ਨਾਲ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਸਨ ਅਤੇ 1000 ਰੁਪਿਆ ਮਹੀਨਾ ਗੁਰ ਸਾਗਰ ਕਾਲਜ ਨੂੰ ਸਹਾਇਤਾ ਲਈ ਭੇਜਦੇ ਸਨ। ਇਕ ਵਾਰ ਜਦੋਂ ਗੁਰਦੁਆਰਾ ਮਸਤੂਆਣਾ ਦੀ ਉਸਾਰੀ ਦੀ ਸੇਵਾ ਚਲ ਰਹੀ ਸੀ ਤਾਂ ਕੁਝ ਲੋਕਾਂ ਨੇ ਸੰਤ ਅਤਰ ਸਿੰਘ ਕੋਲ ਸ਼ਿਕਾਇਤ ਕਰ ਦਿੱਤੀ ਕਿ ਤੇਜਾ ਸਿੰਘ ਨੇ 10 ਹਜ਼ਾਰ ਰੁਪਏ ਕਰਜ ਚੜ੍ਹਾ ਦਿੱਤਾ ਹੈ ਤਾਂ ਤੇਜਾ ਸਿੰਘ 1916 ਵਿਚ ਮਸਤੂਆਣਾ ਛੱਡ ਕੇ ਆਪਣੇ ਘਰ ਗੁਜਰਾਂਵਾਲੇ ਚਲਾ ਗਿਆ ਅਤੇ ਆਪਣੀ ਕੋਠੀ ਵੇਚਕੇ ਰਕਮ ਦੇ ਦਿੱਤੀ। ਸੰਤ ਅਤਰ ਸਿੰਘ ਨੇ ਉਨ੍ਹਾਂ ਨੂੰ ਵਾਪਸ ਲਿਆਂਦਾ। ਜਦੋਂ ਸੰਤ ਅਤਰ ਸਿੰਘ ਨੇ ਹਿੰਦੂ ਯੂਨੀਵਰਸਿਟੀ ਦੇ ਕਾਲਜ ਦਾ ਨੀਂਹ ਪੱਥਰ ਰੱਖਿਆ ਤਾਂ ਮਦਨ ਮੋਹਨ ਮਾਲਵੀਆ ਨੇ ਸੰਤ ਤੇਜਾ ਸਿੰਘ ਨੂੰ ਉਸ ਕਾਲਜ ਦਾ ਪ੍ਰਿੰਸੀਪਲ ਦੀਆਂ ਸੇਵਾਵਾਂ ਦੇਣ ਲਈ ਸੰਤ ਅਤਰ ਸਿੰਘ ਤੋਂ ਮੰਗ ਕੀਤੀ, ਜਿਸ ਕਰਕੇ ਇਕ ਸਾਲ ਸੰਤ ਤੇਜਾ ਸਿੰਘ ਨੇ ਉਸ ਕਾਲਜ ਨੂੰ ਸਥਾਪਤ ਕੀਤਾ। ਸਿੱਖ ਲੀਗ ਦੇ ਸਮਾਗਮ ਵਿਚ ਸੰਤ ਤੇਜਾ ਸਿੰਘ ਨੇ ਮਹਾਤਮਾ ਗਾਂਧੀ ਨਾਲ ਵਿਚਾਰ ਵਟਾਂਦਰਾ ਕਰਕੇ ਆਜ਼ਾਦੀ ਦੀ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੇ ਸੁਝਾ ਦਿੱਤੇ। ਉਨ੍ਹਾਂ ਸਿੰਘਾਪੁਰ, ਪੂਰਬੀ ਅਫਰੀਕਾ, ਜਾਪਾਨ, ਇੰਗਲੈਂਡ, ਅਮਰੀਕਾ, ਯੁਗਾਂਡਾ, ਆਦਿ ਦੇਸ਼ਾਂ ਵਿਚ ਗੁਰੂ ਘਰ ਸਥਾਪਤ ਕਰਵਾਏ ਅਤੇ ਅੰਤਰਾਸ਼ਟਰੀ ਧਾਰਮਿਕ ਸੰਮੇਲਨਾ ਵਿਚ ਭਾਸ਼ਣ ਦਿੱਤੇ। ਉਨ੍ਹਾਂ ਕਲਗੀਧਰ ਟਰੱਸਟ ਬਣਾਕੇ ਬੜੂ ਸਾਹਿਬ ਵਿਖੇ ਗੁਰਦੁਆਰਾ ਸਥਾਪਤ ਕੀਤਾ ਜਿਥੇ ਅੱਜ ਕਲ੍ਹ ਹਜ਼ਾਰਾਂ ਵਿਦਿਆਰਥੀ ਸਿੱਖਿਆ ਲੈ ਰਹੇ ਹਨ। ਵੈਨਕੂਵਰ ਵਿਚ ਗੁਰਦੁਆਰਾ ਸਥਾਪਤ ਕਰਨ ਸਮੇਂ ਸਿੱਖ, ਹਿੰਦੂ ਅਤੇ ਮੁਸਲਮਾਨਾ ਨੂੰ ਬ੍ਰਿਟਿਸ਼ ਹਾਊਂਡਰਾਸ ਜਾਣ ਤੋਂ ਰੋਕਣ ਕਰਕੇ ਆਪ ਨੂੰ ਸਰਕਾਰ ਨੇ ਯੂਨੀਵਰਸਿਟੀ ਨੂੰ ਲਿਖ ਦਿੱਤਾ ਕਿ ਆਪ ਭਾਵੇਂ ਪੜ੍ਹਾਈ ਵੀ ਪੂਰੀ ਕਰ ਲੈਣ ਪ੍ਰੰਤੂ ਡਿਗਰੀ ਨਾ ਦਿੱਤੀ ਜਾਵੇ। ਇਸ ਲਈ ਆਪ ਨੂੰ ਕੈਮਬਰਿਜ ਅਤੇ ਕੋ¦ਬੀਆ ਦੀਆਂ ਯੂਨੀਵਰਸਿਟੀਆਂ ਨੇ ਡਿਗਰੀਆਂ ਨਹੀਂ ਦਿੱਤੀਆਂ ਆਪ ਉਪਰ ਇਲਜ਼ਾਮ ਲਗਾਇਆ ਗਿਆ ਕਿ ਆਪ ਪੜ੍ਹਾਈ ਦੇ ਨਾਲ ਨਾਲ ਸਿਆਸੀ ਕੰਮ ਕਰ ਰਹੇ ਸੀ। ਹਾਰਵਰਡ ਯੂਨੀਵਰਸਿਟੀ ਨੂੰ ਅਜੇ ਰਿਪੋਰਟ ਪਹੁੰਚੀ ਨਹੀਂ ਸੀ ਜਿਸ ਕਰਕੇ ਉਨ੍ਹਾਂ ਆਪ ਨੂੰ ਏ.ਐਮ. ਦੀ ਡਿਗਰੀ ਦੇ ਦਿੱਤੀ ਸੀ। ਉਨ੍ਹਾਂ ਨੂੰ ਕੈਂਬਰਿਜ ਯੂਨੀਵਰਸਿਟੀ ਨੇ ਸਇੰਸ ਟਰਾਈਪਾਜ ਦੀ ਡਿਗਰੀ ਦੇ 6 ਸਮੈਸਟਰਾਂ ਵਿਚੋਂ 5 ਕਰਨ ਦੇ ਬਾਵਜੂਦ ਵੀ 6ਵੇਂ ਸਮੈਸਟਰ ਨੂੰ ਕਰਨ ਦੀ ਇਜ਼ਾਜਤ ਨਹੀਂ ਦਿੱਤੀ। ਸੰਤ ਤੇਜਾ ਸਿੰਘ ਅਖ਼ੀਰੀ ਸਮੇਂ ਚੀਮਾ ਪਿੰਡ ਵਿਚ ਆ ਕੇ ਸੇਵਾ ਕਰ ਰਹੇ ਸਨ, ਜਿਥੇ ਉਹ 3 ਜੁਲਾਈ 1965 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।