April 24, 2026 3:17 am

ਮਿੰਨੀ ਟ੍ਰਾਈ-ਐਥਲੌਨ ਰਾਹੀਂ ਮਾਨਸਾ ਅੱਜ ਭਰੇਗਾ ਨਸ਼ਾ-ਮੁਕਤ ਤੇ ਤੰਦਰੁਸਤ ਪੰਜਾਬ ਵੱਲ ਵੱਡੀ ਪੁਲਾਂਘ

ਮਾਨਸਾ, 27 ਜੁਲਾਈ (ਨਛੱਤਰ ਸਿੰਘ ਕਾਹਨਗੜ੍ਹ, ਵਕੀਲ ਬਾਂਸਲ)-ਪੰਜਾਬ ਨੂੰ ਤੰਦਰੁਸਤ ਬਣਾਉਣ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਵਿੱਚ ਮਾਨਸਾ ਜ਼ਿਲ੍ਹਾ 28 ਜੁਲਾਈ ਨੂੰ ਮਿੰਨੀ ਟ੍ਰਾਈ-ਐਥਲੋਨ ਰਾਹੀਂ ਆਪਣਾ ਵੱਡਾ ਯੋਗਦਾਨ ਪਾਵੇਗਾ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਬੱਚਤ ਭਵਨ ਵਿਖੇ ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਖੇਡਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ। ਸ਼ਨੀਵਾਰ ਨੂੰ ਸਵੇਰੇ 7:00 ਵਜੇ ਸ਼ੁਰੂ ਹੋਣ ਵਾਲੀ ਸਾਈਕਲਿੰਗ ਰੇਸ, ਮੈਰਾਥਨ ਦੌੜ ਅਤੇ ਪੈਦਲ ਚਾਲ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਪੰਜਾਬ ਦੇ ਬਿਜਲੀ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਕਰਨਗੇ। ਸ੍ਰੀ ਕਪਲਿਸ਼ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡ ਵਿਭਾਗ, ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ, ਸਰਦਾਰੀ ਔਨ ਟੌਪ, ਮਾਨਸਾ ਸਾਈਕਲ ਗਰੁੱਪ ਅਤੇ ਸਮੂਹ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਇਨ੍ਹਾਂ ਤਿੰਨ ਤਰ੍ਹਾਂ ਦੀਆਂ ਦੌੜਾਂ ਦੇ ਪਹਿਲੇ ਤਿੰਨ ਜੇਤੂਆਂ ਨੂੰ ਤਮਗ਼ਿਆਂ ਨਾਲ ਸਨਮਾਨਤ ਕੀਤਾ ਜਾਵੇਗਾ ਜਦਕਿ ਬਾਕੀ ਖਿਡਾਰੀਆਂ ਨੂੰ ਸਪੋਰਟਸ ਕੈਪਸ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੌੜਾਂ ਦੀ ਸਮਾਪਤੀ ਵਾਲੀ ਥਾਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਸਟੇਡੀਅਮ ਵਿਖੇ ਜ਼ਿਲ੍ਹੇ ਨਾਲ ਸਬੰਧਤ ਕੌਮੀ ਤੇ ਕੌਮਾਂਤਰੀ ਪੱਧਰ ਦੇ ਕਰੀਬ 20 ਖਿਡਾਰੀਆਂ ਵੱਲੋ ਕੁਸ਼ਤੀ, ਬਾਕਸਿੰਗ, ਜੂਡੋ, ਅਥਲੈਟਿਕਸ ਅਤੇ ਹੈਮਰ ਥਰੋਅ ਦੇ ਨੁਮਾਇਸ਼ੀ ਮੈਚ ਖਿੱਚ ਦਾ ਕੇਂਦਰ ਹੋਣਗੇ ਅਤੇ ਇਨ੍ਹਾਂ ਮੈਚਾਂ ਦੇ ਜੇਤੂਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਗੱਤਕਾ, ਨੁੱਕੜ ਨਾਟਕ ਅਤੇ ਭੰਗੜੇ ਦੀਆਂ ਟੀਮਾਂ ਵੀ ਦਰਸ਼ਕਾਂ ਨੂੰ ਆਪਣੀ ਕਲਾ ਵਿਖਾਉਣਗੀਆਂ। ਐਸ.ਡੀ.ਐਮ. ਨੇ ਦੱਸਿਆ ਕਿ ਸਟੇਡੀਅਮ ਵਿੱਚ ਵਣ ਵਿਭਾਗ ਵੱਲੋਂ ਬੂਟਿਆਂ ਦੀ ਸਟਾਲ ਲਾਈ ਜਾਵੇਗੀ, ਜਿਥੋਂ ਸਭਨਾਂ ਨੂੰ ਮੁਫ਼ਤ ਬੂਟੇ ਵੰਡੇ ਜਾਣਗੇ। ਐਸ.ਡੀ.ਐਮ. ਮੁਤਾਬਕ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਪਰਾਲੇ ਤਹਿਤ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸਨ ਵੱਲੋਂ ਕਰਵਾਈਆਂ ਜਾ ਰਹੀਆਂ ਇਨ੍ਹਾਂ ਦੌੜਾਂ ਵਿੱਚ ਸਾਈਕਲ ਰੇਸ 25 ਕਿਲੋਮੀਟਰ, ਪੈਦਲ ਚਾਲ 10 ਕਿਲੋਮੀਟਰ ਅਤੇ ਮੈਰਾਥਨ ਦੌੜ 8 ਕਿਲੋਮੀਟਰ ਦੀਆਂ ਹੋਣਗੀਆਂ, ਜੋ ਮਾਨਸਾ ਦੀ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋਣਗੀਆਂ। ਮੀਟਿੰਗ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ੍ਰੀ ਕੁਲਭੂਸ਼ਣ ਸਿੰਘ ਬਾਜਵਾ, ਸਹਾਇਕ ਸਿੱਖਿਆ ਅਫ਼ਸਰ ਸ੍ਰੀਮਤੀ ਮਹਿੰਦਰ ਕੌਰ, ਕੁਸ਼ਤੀ ਕੋਚ ਸ੍ਰੀ ਸ਼ਾਹਬਾਜ਼ ਸਿੰਘ, ਖੇਡ ਸੁਪਰਡੈਂਟ ਸ੍ਰੀ ਮਨਪ੍ਰੀਤ ਸਿੰਘ ਸਿੱਧੂ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਹਾਜ਼ਰ ਸਨ।

Send this to a friend