30 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਅਤੇ ਫਗਵਾੜਾ ਵਿਖੇ ਸਥਾਪਤ ਕੀਤੇ ਜਾਣਗੇ ਦੋਵੇਂ ਸੈਂਟਰ
ਚੰਡੀਗੜ੍ਹ, 26 ਜੁਲਾਈ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਜੀ ਯਤਨਾਂ ਸਦਕਾ ਭਾਰਤ ਸਰਕਾਰ ਨੇ ਪੰਜਾਬ ਵਿਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ 30 ਕਰੋੜ ਰੁਪਏ ਦੀ ਲਾਗਤ ਨਾਲ 2 ਕਾਮਨ ਫੈਸਿਲਟੀ ਸੈਂਟਰ (ਸੀ.ਐਫ.ਸੀਜ਼.) ਸਥਾਪਤ ਕਰਨ ਦੀ ਪ੍ਰਵਾਨਗੀ ਦਿਤੀ ਹੈ।ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਸਕਤਰ ਅਰੁਣ ਕੁਮਾਰ ਪਾਂਡਾ ਦੀ ਅਗਵਾਈ ਵਿੱਚ ਨਵੀਂ ਦਿੱਲੀ ਵਿਖੇ ਹੋਈ ਮੰਤਰਾਲੇ ਦੀ ਮੀਟਿੰਗ ਦੌਰਾਨ ਇਨ੍ਹਾਂ ਫੈਸਿਲਟੀ ਸੈਂਟਰਾਂ ਨੂੰ ਮਨਜ਼ੂਰੀ ਦਿਤੀ ਗਈ। ਇਸ ਮੀਟਿੰਗ ਵਿਚ ਪੰਜਾਬ ਸਰਕਾਰ ਦੀ ਤਰਫੋਂ ਉਦਯੋਗ ਤੇ ਵਪਾਰ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਨੁਮਾਇੰਦਗੀ ਕੀਤੀ।ਇਕ ਸਰਕਾਰੀ ਬੁਲਾਰੇ ਮੁਤਾਬਕ ਆਇਲ ਐਕਸਪੈਲਰ (ਤੇਲ ਕਢਣ ਸਬੰਧੀ) ਬਣਾਉਣ ਦਾ ਫੈਸਿਲਟੀ ਸੈਂਟਰ ਲੁਧਿਆਣਾ ਵਿਖੇ ਜਦਕਿ ਫਾਊਂਡਰੀ ਐਂਡ ਜਨਰਲ ਇੰਜਨੀਅਰਿੰਗ ਕਲਸਰ ਫਗਵਾੜਾ ਵਿਖੇ ਸਥਾਪਤ ਕੀਤਾ ਜਾਣਾ ਹੈ। ਦੋਵੇਂ ਸੈਂਟਰ 15-15 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜਾਣੇ ਹਨ ਜੋ 24 ਮਹੀਨਿਆਂ ਵਿਚ ਚਾਲੂ ਹੋ ਜਾਣਗੇ।ਬੁਲਾਰੇ ਨੇ ਦਸਿਆ ਕਿ ਆਇਲ ਐਕਸਪੈਲਰ ਫੈਸਿਲਟੀ ਸੈਂਟਰ ਦੀ ਸਥਾਪਨਾ ਨਾਲ ਸਾਲਾਨਾ 100 ਕਰੋੜ ਰੁਪਏ ਤੋਂ 250 ਕਰੋੜ ਦੀ ਬਰਾਮਦ ਸਮਰਥਾ ਨੂੰ ਉਤਸ਼ਾਹ ਮਿਲੇਗਾ ਅਤੇ 2000 ਤੋਂ 3500 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।ਫਗਵਾੜਾ ਵਿਖੇ ਸਥਾਪਤ ਕੀਤਾ ਜਾਣ ਵਾਲਾ ਕੇਂਦਰ ਉਤਰੀ ਭਾਰਤ ਵਿਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੋਵੇਗਾ ਜਿਥੇ ਰਵਾਇਤੀ ਕਚੇ ਲੋਹੇ ‘ਤੇ ਅਧਾਰਿਤ ਡੀਜ਼ਲ ਇੰਜਣਾਂ ਦੇ ਬਦਲ ਵਜੋਂ ਐਲਮੀਨੀਅਮ ਅਧਾਰਿਤ ਡਾਈ ਇੰਜਣ ਤਿਆਰ ਕੀਤੇ ਜਾਣਗੇ। ਰਵਾਇਤੀ ਡੀਜ਼ਲ ਇੰਜਣ ਆਮ ਤੌਰ ‘ਤੇ ਸੇਮਗ੍ਰਸਤ ਇਲਾਕਿਆਂ ਵਿਚੋਂ ਪਾਣੀ ਕਢਣ ਅਤੇ ਸਿੰਜਾਈ ਲਈ ਖੇਤੀਬਾੜੀ ਪੰਪ ਸੈਟਾਂ ਲਈ ਵਰਤੇ ਜਾਂਦੇ ਹਨ। ਐਲਮੀਨੀਅਮ ਡਾਈ ਅਧਾਰਿਤ ਨਵੀਂ ਤਕਨਾਲੋਜੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂ ਜੋ ਲਾਗਤ ਕੀਮਤ 6000 ਰੁਪਏ ਪ੍ਰਤੀ ਏਕੜ ਤਕ ਘਟ ਜਾਵੇਗੀ।ਐਲਮੀਨੀਅਮ ਡਾਈ ਇੰਜਣ ਬਣਾਉਣ ਲਈ ਆਧੁਨਿਕ ਇੰਟੇਗ੍ਰਿਸ਼-300 ਮਸ਼ੀਨ ਨਾਲ ਲੈਸ ਫੈਸਿਲਟੀ ਸੈਂਟਰ ਨਾਲ ਜਿਥੇ ਸਥਾਨਕ ਪਧਰ ‘ਤੇ ਇੰਜਣਾਂ ਦੀ ਮੰਗ ਪੂਰੀ ਹੋਵੇਗੀ, ਉਥੇ ਵਾਧੂ ਉਤਪਾਦਨ ਮੁਲਕ ਦੇ ਬਾਕੀ ਹਿਸਿਆਂ ਵਿਚ ਸਪਲਾਈ ਕੀਤਾ ਜਾਵੇਗਾ ਜਿਸ ਨਾਲ ਇਸ ਖੇਤਰ ਵਿਚ ਚੀਨ ਤੇ ਜਪਾਨ ਨੂੰ ਮੁਕਾਬਲਾ ਦਿਤਾ ਜਾ ਸਕੇਗਾ।
ਲੋਹੇ ‘ਤੇ ਅਧਾਰਿਤ ਇੰਜਣ ਦਾ ਭਾਰ ਦੁਗਣਾ, ਤੇਲ ਦੀ ਖਪਤ ਵਧ ਅਤੇ ਜ਼ਿਆਦਾ ਖਰਚੀਲੇ ਹਨ।ਔਸਤਨ 45 ਕਿਲੋ ਦੇ ਐਲਮੀਨੀਅਮ ਅਧਾਰਿਤ ਇੰਜਣ ਦੇ ਮੁਕਾਬਲੇ ਲੋਹੇ ਦੇ ਇੰਜਣ ਦਾ ਭਾਰ 130 ਕਿਲੋ ਹੈ। ਇਸੇ ਤਰ੍ਹਾਂ ਲੋਹੇ ਦੇ ਇੰਜਣ ਦੀ 0.8 ਲਿਟਰ ਪ੍ਰਤੀ ਘੰਟਾ ਖਪਤ ਦੇ ਮੁਕਾਬਲੇ ਐਲਮੀਨੀਅਮ ਅਧਾਰਿਤ ਇੰਜਣ ਦੀ 0.4 ਲਿਟਰ ਤੇਲ ਦੀ ਖਪਤ ਹੈ। ਇਸ ਤੋਂ ਇਲਾਵਾ ਐਲਮੀਨੀਅਮ ਇੰਜਣ ਦੀ ਕੀਮਤ 10 ਹਜ਼ਾਰ ਜਦਕਿ ਲੋਹੇ ਦੇ ਇੰਜਣ ਦੀ ਕੀਮਤ 15 ਹਜ਼ਾਰ ਰੁਪਏ ਹੈ।