ਮੌੜ ਮੰਡੀ, 24 ਜੁਲਾਈ (ਰੇਸ਼ਮ ਸਿੰਘ ਕੁੱਬੇ)- ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਇੰਟਕ ਦੀ ਸੂਬਾ ਪੱਧਰੀ ਮੀਟਿੰਗ ਸਥਾਨਕ ਮੰਡੀ ਵਿਖੇ ਹੋਈ। ਮੀਟਿੰਗ ਦੌਰਾਨ ਪੰਜਾਬ ਦੇ ਸੂਬਾ ਪ੍ਰਧਾਨ ਮਾਸਟਰ ਤੇਲੂ ਰਾਮ ਧੁਰੀ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਠੇਕੇਦਾਰੀ ਸਿਸਟਮ ਖਤਮ ਕਰਨ ਲਈ ਕਮੇਟੀ ਬਣਾਈ ਸੀ, ਇਸ ਕਮੇਟੀ ਦਾ ਸੁਖਦੇਵ ਸਿੰਘ ਰੋਪੜ ਇੰਟਕ ਪ੍ਰਧਾਨ ਵਲੋਂ ਪੂਰਾ ਸਹਿਯੋਗ ਵੀ ਕੀਤਾ ਗਿਆ ਪ੍ਰੰਤੂ ਅਜੇ ਤੱਕ ਉਸ ਦਾ ਕੋਈ ਸਿੱਟਾ ਨਹੀ ਨਿਕਲਿਆ। ਜੇਕਰ ਸਰਕਾਰ ਸੱਚਮੁੱਚ ਮਜ਼ਦੂਰ ਹਿਤੈਸ਼ੀ ਹੈ ਤਾਂ ਪੱਲੇਦਾਰਾਂ ਦੀ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਦਾ ਪਹਿਲ ਦੇ ਅਧਾਰ ਤੇ ਹੱਲ ਕਰੇ । ਇਸ ਮੌਕੇ ਕੈਲਾਸ਼ ਚੰਦ ਅਤੇ ਬਲਦੇਵ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਖਤਮ ਕਰਨ ਦੀ ਕੀਤੇ ਵਾਅਦੇ ਕਾਂਗਰਸ ਸਰਕਾਰ ਪੂਰੇ ਕਰੇ ਤਾਂ ਮਜ਼ਦੂਰ ਵਰਗ ਦੀ ਹੁੰਦੀ ਆਰਥਿਕ ਲੁੱਟ ਬੰਦ ਹੋ ਸਕੇ। ਉਹਨਾਂ ਕਿਹਾ ਕਿ ਕੁਝ ਅਫ਼ਸਰਸ਼ਾਹੀ ਇਸ ਮਸਲੇ ਦਾ ਹੱਲ ਕਰਨ ਲਈ ਤਿਆਰ ਨਹੀ ਇਸ ਲਈ ਕੈਪਟਨ ਸਾਹਿਬ ਇਸ ਮਸਲੇ ਦਾ ਹੱਲ ਕਰਨ ਲਈ ਨਿੱਜੀ ਤੌਰ ਤੇ ਦਖਲ ਦੇਣ ਅਤੇ ਕੀਤੇ ਵਾਅਦੇ ਪੂਰੇ ਕਰਨ। ਉਹਨਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕਰਕੇ ਪੱਲੇਦਾਰਾਂ ਨੂੰ ਸਿਧੀ ਪੇਮੈਂਟ ਕੀਤੀ ਜਾਵੇ ਤਾਂ ਜੋ ਗਰੀਬ ਮਜ਼ਦੂਰਾਂ ਦਾ ਸ਼ੋਸ਼ਣ ਹੋਣ ਤੋਂ ਬਚ ਸਕੇ। ਇਸ ਮੌਕੇ ਸ਼ਿੰਦਰਪਾਲ ਚਕੇਰੀਆ, ਮੋਹਨ ਚੇਅਰਮੈਨ, ਨਿਰਭੈ ਪਾਤੜਾਂ , ਮੱਖਣ ਪਾਤੜਾਂ, ਸੁਰਜੀਤ ਸਮਾਣਾ, ਜੋਗਿੰਦਰ ਅਹਿਮਦਗੜ੍ਹ, ਸੁਖਪਾਲ ਭਵਾਨੀਗੜ੍ਹ, ਵਿਪੁਨ ਸੰਗਰੂਰ, ਗੁਰਜੀਤ ਸੁਨਾਮ, ਅਮਰੀਕ ਛਾਜਲੀ, ਲਾਲ ਬੁਢਲਾਡਾ,ਜਗਤਾਰ ਭੀਖੀ, ਛਿੰਦਾ ਸਰਦੂਲਗੜ੍ਹ, ਦਰਸ਼ਨ ਬਰੇਟਾ ,ਟਿੱਕਾ ਰਾਮਪੁਰਾ, ਹੰਸਾ ਮੌੜ, ਪੱਪੀ ਬਠਿੰਡਾ, ਬਲਜੀਤ ਰਾਮਾਂ ਮੰਡੀ, ਜਸਵੀਰ ਗੋਨਿਆਣਾ, ਮੋਤੀ ਭੁੱਚੋ, ਬਲਦੇਵ ਪ੍ਰਧਾਨ ਮੌੜ, ਕੈਲਾਸ਼ ਚੰਦ ਮੌੜ, ਮਨਜੀਤ ਰਾਮਪੁਰਾ ਆਦਿ ਪੰਜਾਬ ਪੱਧਰ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।