ਇਹ ਗੱਲ ਸਾਲ 2002 ਦੀ ਹੈ। ਉਦੋਂ ਮੈਂ ਪੰਜਾਬੀ ਵਿਸ਼ੇ ’ਚ ਐਮ.ਏ ਪਾਸ ਕਰਕੇ ਵਿਹਲਾ ਸਾਂ। ਕੋਈ ਕੰਮ-ਧੰਦਾ ਕਰਨ ਨੂੰ ਹੈ ਨਹੀਂ ਸੀ। ਵਿਹਲੇ ਰਹਿਣ ਤੋਂ ਅਲਕਤ ਜਿਹੀ ਆਉਂਦੀ। ਨਿੱਕੇ ਹੁੰਦਿਆਂ ਸੁਣਿਆ ਸੀ, ‘ਐਸ਼ ਕਰਨ ਨੂੰ ਮਾਸਟਰੀ, ਪੈਸਾ ਕਰਨ ਨੂੰ ਡਾਕਟਰੀ’। ਭਾਵੇਂ ਮੇਰੇ ਕੋਲ ਮਾਸਟਰ ਲੱਗਣ ਲਈ ਕੋਈ ਪ੍ਰੋਫ਼ੈਸ਼ਨਲ ਯੋਗਤਾ ਤਾਂ ਨਹੀਂ ਸੀ, ਪਰ ਚਾਰ-ਪੰਜ ਸਾਲ ਆਪਣੇ ਕੋਚਿੰਗ ਸੈਂਟਰ ’ਚ ਪੜ੍ਹਾਇਆ ਹੋਣ ਕਰਕੇ ਪੜ੍ਹਾਉਣ ਸਬੰਧੀ ਆਪਣੇ ਆਪ ’ਤੇ ਪੂਰਾ ਵਿਸਵਾਸ਼ ਸੀ। ਸਾਡੇ ਨਾਲ ਦੇ ਪਿੰਡ ਚੱਲਦੇ ਇਕ ਨਿੱਜੀ ਮਾਲਕੀਅਤ ਵਾਲੇ ਸਕੂਲ ’ਚ ਮੈਂ ਸਕੂਲ ਦੀ ਮੁਖੀ ਨੂੰ ਮਿਲ ਕੇ ਆਪਣੀ ਪੜ੍ਹਾਈ ਤੇ ਪੜ੍ਹਾਉਣ ਦੇ ਤਜਰਬੇ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਲੱਗਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਝੱਟ ਹਾਂ ਕਰ ਦਿੱਤੀ। ਮੇਰੇ ਤਨਖਾਹ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ 14 ਸੌ ਰੁਪਿਆ ਪ੍ਰਤੀ ਮਹੀਨਾ ਦੇ ਸਕਦੇ ਹਾਂ। ਮੈਂ ਤਰਲਾ ਕਰਦਿਆਂ ਕਿਹਾ, ‘ਮੈਡਮ ਜੀ! ਪੰਦਰਾਂ ਸੌ ਰੁਪਏ ਤਾਂ ਕਰੋ’। ਉਸਨੇ ਕਿਹਾ ਕਿ ਚੱਲ ਵੇਖ ਲਵਾਂਗੇ, ਤੁਸੀਂ ਕੱਲ੍ਹ ਤੋਂ ਆਉਣਾ ਸ਼ੁਰੂ ਕਰੋ। ਮਨ ’ਚ ਮਾਸਟਰ ਬਣਨ ਦਾ ਚਾਅ ਪੂਰਾ ਹੁੰਦਾ ਪ੍ਰਤੀਤ ਹੋਣ ਲੱਗ ਪਿਆ ਸੀ। ਅਗਲੇ ਦਿਨ ਜ਼ਮੀਨੀ ਤਾਰ ਵਾਲੇ ਫ਼ੋਨ ’ਤੇ ਮੈਡਮ ਦਾ ਫ਼ੋਨ ਆਇਆ ਕਿ ‘ਤੁਸੀਂ ਅਜੇ ਰੁਕ ਜਾਓ, ਜਦੋਂ ਲੋੜ ਹੋਵੇ ਬੁਲਾ ਲਵਾਂਗੇ’। ਸੁਣਦਿਆਂ ਉਦਾਸੀ ਜਿਹੀ ਮਹਿਸੂਸ ਹੋਈ ਅਤੇ ਕਈ ਤਰ੍ਹਾਂ ਦੇ ਮਨ ’ਚ ਸਵਾਲ ਵੀ ਬਣੇ। ਇਕ ਦਿਨ ਮੈਂ ਇਹ ਸਾਰੀ ਗੱਲ ਆਪਣੇ ਮਿੱਤਰ ਨਾਲ ਸਾਂਝੀ ਕੀਤੀ ਤਾਂ ਉਹਨੇ ਅੱਗੋਂ ਹੱਸਦਿਆਂ ਕਿਹਾ, ‘ਗੁੱਤ ਕਰਨ ਲੱਗ ਜਾ’। ਮੈਨੂੰ ਉਹਦਾ ਮਤਲਬ ਸਮਝ ਨਾ ਆਇਆ। ਮੇਰੇ ਜ਼ੋਰ ਪਾਉਣ ’ਤੇ ਉਹਨੇ ਸਪੱਸ਼ਟ ਹੁੰਦਿਆਂ ਦੱਸਿਆ ਕਿ ਨਿੱਜੀ ਮਾਲਕੀ ਵਾਲੇ ਸਕੂਲਾਂ ਦੇ ਪ੍ਰਬੰਧਕਾਂ ਦੀ ਸਟਾਫ਼ ਰੱਖਦੇ ਸਮੇਂ ਪਹਿਲੀ ਚੋਣ ਪੁਰਸ਼ ਨਹੀਂ, ਸਗੋਂ ਇਸਤਰੀ ਹੁੰਦੀਆਂ ਹਨ। ਉਸਦਾ ਤਰਕ ਸੀ ਕਿ ਲੜਕੀਆਂ-ਇਸਤਰੀਆਂ ਮਾਲਕਾਂ ਦਾ ਵਧੇਰੇ ਭੈਅ ਮੰਨਦੀਆਂ ਰਹਿੰਦੀਆਂ ਹਨ। ਬਹੁ-ਗਿਣਤੀ ਫ਼ੀਮੇਲ ਸਟਾਫ਼ ’ਚ ਕੋਈ ਅਣਸਰਦੇ ਨੂੰ ਹੀ ਮੇਲ (ਪੁਰਸ਼) ਕਰਮਚਾਰੀ ਰੱਖਿਆ ਜਾਂਦਾ ਹੈ। ਉਨ੍ਹਾਂ ਦਿਨਾਂ’ਚ ਹੀ ਮੇਰੇ ਇਕ ਜਾਣਕਾਰ ਨੇ ਆਪਣਾ ਨਵਾਂ-ਨਵਾਂ ਸਕੂਲ ਖੋਲ੍ਹਿਆ ਸੀ। ਮੈਨੂੰ ਉਮੀਦ ਸੀ ਕਿ ਉਹ ਮੈਨੂੰ ਅਧਿਆਪਨ ਲਈ ਆਪਣੇ ਆਪ ਹੀ ਬੁਲਾ ਲਵੇਗਾ। ਰਲ-ਮਿਲ ਕੇ ਕੰਮ ਕਰੀ ਜਾਵਾਂਗੇ, ਪਰ ਅਜਿਹਾ ਨਹੀਂ ਹੋਇਆ। ਐਵੇਂ ਕਿਸੇ ਤੋਂ ਵੱਡੀ ਉਮੀਦ ਲਾ ਲੈਣਾ ਵੀ ਨਿਰ੍ਹੀ ਬੇਵਕੂਫ਼ੀ ਹੁੰਦੀ ਹੈ। ਜਦੋ ਉਮੀਦ ਮਰਦੀ ਨਜ਼ਰ ਆਵੇ ਤਾਂ ਅੰਤਾਂ ਦਾ ਦੁੱਖ ਹੁੰਦਾ ਹੈ। ਫ਼ਿਰ ਦੋ ਵਿਸ਼ਿਆਂ ’ਚ ਪੋਸਟ-ਗਰੈਜੂਏਟ, ਬੀ.ਐੱਡ, ਐਮ.ਐੱਡ ਅਤੇ ਯੂ.ਜੀ.ਸੀ ਨੈੱਟ ਪ੍ਰੀਖਿਆ ਪਾਸ ਕਰਨ ਉਪਰੰਤ ਮਾਲਵੇ ਦੇ ਦੋ-ਤਿੰਨ ਨਿੱਜੀ ਕਾਲਜਾਂ ’ਚ ਸਹਾਇਕ ਪ੍ਰੋਫ਼ੈਸਰ ਲੱਗਣ ਲਈ ਇੰਟਰਵਿਊ ਦੇਣ ਦਾ ਮੌਕਾ ਮਿਲਿਆ। ਹਰੇਕ ਇੰਟਰਵਿਊ ’ਚ ਲਗਪਗ ਉਹੀ ਪੁਰਾਣੇ ਸਾਥੀ ਮਿਲ ਜਾਂਦੇ। ਇਸਦਾ ਵੱਡਾ ਕਾਰਨ ਇਹ ਸੀ ਕਿ ਸੰਸਥਾਵਾਂ ਵਾਲਿਆਂ ਨੂੰ ਇਕ ਜਾਂ ਦੋ ਬੰਦੇ ਚਾਹੀਦੇ ਹੁੰਦੇ ਸਨ, ਪਰ ਓਥੇ ਜਾਣ ਵਾਲੇ ਹਰ ਵਾਰ ਦੋ ਦਰਜ਼ਨ ਦੇ ਨੇੜੇ-ਤੇੜੇ ਹੁੰਦੇ ਸਨ। ਸੋ ਸੁਭਾਵਿਕ ਹੀ ਸੀ ਬਹੁਤਿਆਂ ਨੂੰ ਪਹਿਲਾਂ ਵਾਲੀ ਸਥਿਤੀ ’ਚ ਰਹਿ ਕੇ ਸਬਰ ਕਰਨਾ ਪੈਣਾ ਸੀ। ਇਵੇਂ ਹੀ ਸਾਡੇ ਇਲਾਕੇ ਦੇ ਇਕ ਸਰਕਾਰੀ ਕਾਲਜ ’ਚ ਪਾਰਟ-ਟਾਈਮ ਲਈ ਹਰੇਕ ਵਿਸ਼ੇ ਦਾ ਇਕ-ਇਕ ਲੈਕਚਰਾਰ ਚਾਹੀਦਾ ਸੀ। ਬੱਸ ਸ਼ੁਗਲ ’ਚ ਹੀ ਮੈਂ ਵੀ ਓਥੇ ਚਲਾ ਗਿਆ। ਇੰਟਰਵਿਊ ਚੱਲ ਰਹੀ ਸੀ। ਹਾਲ ’ਚ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਪੰਜਾਬੀ ਵਿਸ਼ੇ ’ਚ ਇੰਟਰਵਿਊ ਦੇਣ ਵਾਲੇ ਕੁੱਲ 18 ਬਿਨੈਕਾਰ ਬਾਹਰ ਉਡੀਕ ਕਮਰੇ ’ਚ ਉਮੀਦਾਂ ਲਾਈ ਬੈਠੇ ਸਨ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਮੈਂ ਓਥੋਂ ਬਿਨ੍ਹਾਂ ਇੰਟਰਵਿਊ ਦਿੱਤਿਆਂ ਬਾਹਰ ਨਿਕਲ ਆਇਆ।