ਦਿੱਲੀ ਫ਼ਤਹਿ : ਸਿੱਖ ਇਤਿਹਾਸ ਦੇ ਪੰਨਿਆਂ ’ਚੋਂ

ਜਸਵੰਤ ਸਿੰਘ ‘ਅਜੀਤ’

18ਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਸਿੱਖ ਜਰਨੈਲਾਂ ਵਲੋਂ ਦਿੱਲੀ ਫਤਹਿ ਕਰ, ਲਾਲ ਕਿਲ੍ਹੇ ’ਤੇ ਖਾਲਸਈ ਨਿਸ਼ਾਨ ਸਾਹਿਬ ਝੁਲਾ, ਇਤਿਹਾਸ ਵਿੱਚ ਜੋ ਮੀਲ-ਪੱਥਰ ਸਥਾਪਤ ਕੀਤਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸਦੀ 231-ਵੀਂ ਵਰ੍ਹੇਗੰਡ ਮੰਨਾਉਣ ਦਾ ਉਪਰਾਲਾ ਕਰ ਨਾ ਕੇਵਲ ਸਿੱਖਾਂ ਵਿੱਚ, ਸਗੋਂ ਗੈਰ-ਸਿੱਖਾਂ ਵਿੱਚ ਵੀ ਸਿੱਖਾਂ ਵਲੋਂ ਦਿੱਲੀ ਪੁਰ ਕਬਜ਼ਾ ਕਰਨ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਉਤਸੁਕਤਾ ਪੈਦਾ ਕਰ ਦਿੱਤੀ ਹੈ। ਇਸਦਾ ਕਾਰਣ ਇਹ ਹੈ ਕਿ ਕੌਮੀ ਇਤਿਹਾਸ ਵਿੱਚ ‘ਸਿੱਖਾਂ ਵਲੋਂ ਦਿੱਲੀ ਫਤਹਿ’ ਕੀਤੇ ਜਾਣ ਦਾ ਜ਼ਿਕਰ ਸ਼ਾਇਦ ਹੀ ਕਿਧਰੇ ਕੀਤਾ ਗਿਆ ਹੋਵੇ, ਜੇ ਕਿਧਰੇ ਭੁਲ-ਭੁਲੇਖੇ ਇਤਿਹਾਸ ਦੇ ਇਨ੍ਹਾਂ ਪੰਨਿਆਂ ਦਾ ਜ਼ਿਕਰ ਕੀਤਾ ਵੀ ਗਿਆ ਤਾਂ ਕੇਵਲ ਨਾਂ ਮਾਤ੍ਰ ਹੀ। ਜਿਸ ਕਾਰਣ ਗੈਰ-ਸਿੱਖਾਂ ਨੂੰ ਤਾਂ ਕੀ, ਬਹੁਤੇ ਆਮ ਸਿੱਖਾਂ ਨੂੰ ਸਿੱਖ ਇਤਿਹਾਸ ਦੇ ਇਸ ਸੁਨਹਿਰੀ ਕਾਂਡ ਦੇ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ। ਇਹੀ ਕਾਰਣ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਦਿੱਲੀ ਫਤਹਿ’ ਦੀ ਯਾਦ ਮਨਾਏ ਜਾਣ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਆਮ ਲੋਕਾਂ ਵਲੋਂ, ਸਿੱਖਾਂ ਵਲੋਂ ਕੀਤੀ ਗਈ ਦਿੱਲੀ ਫਤਹਿ ਦੀ ਇਤਿਹਾਸਕਤਾ ਜਾਣਨ ਦੇ ਲਈ ਉਤਸੁਕਤਾ ਵਿਖਾਈ ਜਾਣ ਲਗੀ ਹੈ। ਇਸੇ ਉਤਸੁਕਤਾ ਦੇ ਨਿਵਾਰਣ ਲਈ ਇਥੇ ਸਿੱਖ ਇਤਿਹਾਸ ਦੇ ਪੰਨਿਆ ਵਿਚੋਂ ‘ਦਿੱਲੀ ਫਤਹਿ’ ਨਾਲ ਸਬੰਧਤ ਕੁਝ ਵੇਰਵੇ ਦਿਤੇ ਜਾਣ ਦਾ ਜਤਨ ਕੀਤਾ ਗਿਆ ਹੈ।

ਇਤਿਹਾਸਕਾਰ ਪਤਵੰਤ ਸਿੰਘ ਨੇ ਆਪਣੀ ਪੁਸਤਕ ‘ਦ ਸਿੱਖਸ’ ਵਿੱਚ ਸਿੱਖ ਫੌਜਾਂ ਵਲੌਂ ਦਿੱਲੀ ਪੁਰ ਕੀਤੇ ਗਏ ਕਬਜ਼ੇ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੇ 1768 ਵਿੱਚ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਨੂੰ ਫਤਹਿ ਕਰ ਉਨ੍ਹਾਂ ਨੂੰ ਪੈਰਾਂ ਹੇਠ ਲਿਤਾੜਿਆ ਅਤੇ ਲੁਟਿਆ। ਪ੍ਰੰਤੂ ਮਾਰਚ-1783 ਨੂੰ ਹੀ ਉਹ ਸਾਂਝੀ ਸਿੱਖ ਸੈਨਾ ਦੀ ਕਮਾਨ ਸੰਭਾਲ, ਸ. ਬਘੇਲ ਸਿੰਘ ਅਤੇ ਹੋਰ ਸਾਥੀ ਜਰਨੈਲਾਂ ਨੂੰ ਨਾਲ ਲੈ ਕੇ ਦਿੱਲੀ ਸ਼ਹਿਰ ਵਿੱਚ ਦਾਖਲ ਹੋਇਆ। ਬੁਰਾੜੀ ਘਾਟ ਤੋਂ ਯਮਨਾ ਨਦੀ ਪਾਰ ਕਰ, ਉਸਨੇ ਦਿੱਲੀ ਦੇ ਬਾਹਰਲੇ ਮਲਕਾ ਗੰਜ, ਸਬਜ਼ੀ ਮੰਡੀ ਅਤੇ ਮੁਗਲਪੁਰਾ ਆਦਿ ਇਲਾਕਿਆਂ ਪੁਰ ਕਬਜ਼ਾ ਕਰ ਲਿਆ। ਫਿਰ ਉਹ ਮੁਗਲ ਸਮਰਾਟ ਦੇ ਦਰਬਾਰ ਹਾਲ ਅਰਥਾਤ ਲਾਲ ਕਿਲ੍ਹੇ ਦੇ ‘ਦੀਵਾਨ-ਏ-ਆਮ’ ਵਿੱਚ ਜਾ ਦਾਖਲ ਹੋਇਆ।
ਪ੍ਰਸਿੱਧ ਕਾਲਮ ਲੇਖਕ ਅਤੇ ਇਤਿਹਾਸਕਾਰ ਖੁਸ਼ਵੰਤ ਸਿੰਘ ‘ਸਿੱਖ ਇਤਿਹਾਸ’ – ਪਹਿਲਾ ਭਾਗ ਵਿੱਚ ਲਿਖਦੇ ਹਨ ਕਿ ਮਾਰਚ-1783 ਵਿੱਚ ਬਘੇਲ ਸਿੰਘ ਨੇ ਦਿੱਲੀ ਦੇ ਇੱਕ ਉਪਨਗਰ ਵਿੱਚ ਆ ਆਪਣਾ ਡੇਰਾ ਲਾਇਆ ਤੇ ਦਿੱਲੀ ਵਿੱਚ ਜੋ ਗੁਰੂ ਸਾਹਿਬਾਨ ਆਏ ਸਨ, ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰੇ ਉਸਾਰਨੇ ਸ਼ੁਰੂ ਕਰ ਦਿੱਤੇ।
ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਲੇਖਕ ਡਾ. ਹਰਬੰਸ ਸਿੰਘ ਚਾਵਲਾ, ਨੇ ਆਪਣੀ ਰਚਨਾ ‘ਸ. ਬਘੇਲ ਸਿੰਘ’ ਵਿੱਚ ਹਰੀ ਰਾਮ ਗੁਪਤਾ, ਗੋਪਾਲ ਸਿੰਘ, ਭਗਤ ਸਿੰਘ, ਮਹੇਸ਼ਵਰ ਦਿਆਲ (ਰੀਡਿਸਕਵਰਿੰਗ ਦੇਹਲੀ) ਆਦਿ ਵਿਦਵਾਨ ਇਤਿਹਾਸਕਾਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਸ. ਬਘੇਲ ਸਿੰਘ 40 ਹਜ਼ਾਰ ਦੀ ਸਿੱਖ ਸੈਨਾ ਨੂੰ ਨਾਲ  ਲੈ ਕੇ 8 ਮਾਰਚ, 1783 ਨੂੰ ਦਿੱਲੀ ਵਿੱਚ ਦਾਖਲ ਹੋਇਆ। ਉਸਦੀ ਸੈਨਾ ਨੇ ਯਮਨਾ ਨਦੀ ਨੂੰ ਬੁਰਾੜੀ ਘਾਟ ਤੋਂ ਪਾਰ ਕਰ ਸਹਿਰ ਵਿੱਚ ਪ੍ਰਵੇਸ਼ ਕੀਤਾ। ਉਸਨੇ ਸੈਨਾ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ, 5 ਹਜ਼ਾਰ ਫੌਜੀਆਂ ਦੀ ਇੱਕ ਟੁਕੜੀ ਨੂੰ ਮਜਨੂੰ ਟਿੱਲਾ ਵਾਲੇ ਅਸਥਾਨ ’ਤੇ ਤੈਨਾਤ ਕੀਤਾ ਅਤੇ 5 ਹਜ਼ਾਰ ਫੌਜੀਆਂ ਦੀ ਦੂਸਰੀ ਟੁਕੜੀ ਅਜਮੇਰੀ ਗੇਟ ਵਲ ਭੇਜੀ ਗਈ। ਬਾਕੀ 30 ਹਜ਼ਾਰ ਸੈਨਾ ਨਾਲ ਉਸ ਨੇ ਸ਼ਹਿਰ ਦੇ ਉਸ ਹਿਸੇ ਵਿੱਚ ਪੜਾਅ ਕੀਤਾ, ਜਿਸ ਨੂੰ ਅੱਜਕਲ ਤੀਸ ਹਜ਼ਾਰੀ ਕਿਹਾ ਜਾਂਦਾ ਹੈ। ਸ. ਬਘੇਲ ਸਿੰਘ ਦੀ 30 ਹਜ਼ਾਰ ਸੈਨਾ ਦੇ ਇਥੇ ਰੁਕਣ ਦੇ ਹੀ ਕਾਰਣ ਇਸ ਅਸਥਾਨ ਦਾ ਨਾਂ ਤੀਸ ਹਜ਼ਾਰੀ ਪ੍ਰਚਲਤ ਹੋਇਆ। ਐਨ ਕੇ ਸਿਨਹਾ ਲਿਖਤ ‘ਰਾਈਜ਼ ਆਫ ਸਿੱਖ ਪਾਵਰ’ ਅਨੁਸਾਰ ਸਭ ਤੋਂ ਪਹਿਲਾਂ ਖਾਲਸੇ ਦੀ ਵਿਸ਼ਾਲ ਸੈਨਾ ਨੇ ਮਲਕਾ ਗੰਜ, ਮੁਗਲਪੁਰਾ ਅਤੇ ਸਬਜ਼ੀ ਮੰਡੀ ਆਦਿ ਇਲਾਕਿਆਂ ਪੁਰ ਕਬਜ਼ਾ ਕੀਤਾ। ਡਾ. ਹਰਬੰਸ ਸਿੰਘ ਹੋਰ ਲਿਖਦੇ ਹਨ ਕਿ ਸ਼ਹਿਜ਼ਾਦਾ ਮਿਰਜ਼ਾ ਸ਼ਿਕੋਹ ਨੇ ਸਿੱਖਾਂ ਨੂੰ ਕਿਲਾ ਮਹਿਤਾਬ ਪੁਰ ਦੇ ਅਸਥਾਨ ’ਤੇ  ਰੋਕਣ ਕੀ ਕੌਸ਼ਿਸ਼ ਕੀਤੀ, ਪ੍ਰੰਤੂ ਉਹ ਹਾਰ ਕੇ ਭਜ ਲਾਲ ਕਿਲ੍ਹੇ ਵਿੱਚ ਜਾ ਵੜਿਆ। ਸ. ਬਘੇਲ ਸਿੰਘ ਜੇਤੂ ਸੈਨਾ ਨਾਲ 11 ਮਾਰਚ 1783 ਨੂੰ ਲਾਲ ਕਿਲ੍ਹੇ ਵਿੱਚ ਜਾ ਦਾਖਲ ਹੋਇਆ।
ਡਾ. ਹਰਜਿੰਦਰ ਸਿੰਘ ਦਿਲਗੀਰ ‘ਸਿੱਖ ਤਵਾਰੀਖ’ ਭਾਗ-2 ਵਿੱਚ ਲਿਖਦੇ ਹਨ ਕਿ ਸਿੱਖਾਂ ਨੇ ਦਿੱਲੀ ਦਰਬਾਰ ਦੀ ਕਮਜ਼ੋਰੀ ਅਤੇ ਉਥੋਂ ਦੇ ਸਾਜ਼ਸ਼ੀ ਮਾਹੌਲ ਦਾ ਲਾਭ ਉਠਾਂਦਿਆਂ 8 ਮਾਰਚ 1783 ਦੇ ਦਿਨ ਦਿੱਲੀ ਪੁਰ ਹਮਲਾ ਕਰ ਦਿੱਤਾ। ਉਹ ਅਲੀਗੜ੍ਹ ਵਲੋਂ ਆਏ ਅਤੇ ਬੁਰਾੜੀ ਵਿੱਚ ਡੇਰਾ ਲਾ ਦਿੱਤਾ। ਉਨ੍ਹਾਂ ਨੇ ਮਲਕਾ ਗੰਜ ਅਤੇ ਸਬਜ਼ੀ ਮੰਡੀ ਦੇ ਅਮੀਰਾਂ ਨੂੰ ਲੁਟਿਆ ਤੇ ਫਿਰ ਉਨ੍ਹਾਂ ਦੀਆਂ ਹਵੇਲੀਆਂ ਨੂੰ ਅੱਗ ਲਾ ਦਿੱਤੀ। ਇਸ ਦੇ ਬਾਅਦ ਉਹ ਮੁਗਲਪੁਰਾ ’ਤੇ ਟੁੱਟ ਪਏ। (ਦਿੱਲੀ ਕਰੋਨਿਕ੍ਯਲਜ਼)। ਕਸ਼ਮੀਰੀ ਗੇਟ ਦੇ ਬਾਹਰ ਹਜ਼ਾਰਾਂ ਸਿੱਖ ਸੈਨਿਕ ਖੜੇ ਸਨ। ਉਨ੍ਹਾਂ ਗੇਟ ਤੋੜਨ ਦੀ ਬਹੁਤ ਕੌਸ਼ਿਸ਼ ਕੀਤੀ, ਪਰ ਸਫਲ ਨਾ ਹੋ ਸਕੇ। ਆਖਰ 9 ਮਾਰਚ ਨੂੰ ਤੋਪਾਂ ਨਾਲ ਸ਼ਹਿਰ ਦੇ ਬਾਹਰ ਦੀ ਦੀਵਾਰ ਦਾ ਇੱਕ ਹਿੱਸਾ ਉ¤ਡਾ ਦਿੱਤਾ ਅਤੇ ਇਸ ਨਾਲ ਹੋਏ ਮੁਘੋਰ ਰਾਹੀਂ ਉਹ ਸ਼ਹਿਰ ਵਿੱਚ ਦਾਖਲ ਹੋ, ਲਾਲ ਕਿਲ੍ਹੇ ਵਲ ਵੱਧ ਗਏ। ਅੱਜ ਵੀ ਇਸ ਇਲਾਕੇ ਨੂੰ ਮੋਰੀ ਗੇਟ ਕਿਹਾ ਜਾਂਦਾ ਹੈ।
ਲਾਲ ਕਿਲ੍ਹੇ ਪੁਰ ਸਿੱਖਾਂ ਦਾ ਕਬਜ਼ਾ ਮੁਕਮੰਲ ਹੋ ਜਾਣ ’ਤੇ ਸ਼ਾਹ ਆਲਮ – ਦੂਜੇ ਨੇ ਆਪਣੇ ਵਕੀਲ ਰਾਮ ਦਿਆਲ ਅਤੇ ਬੇਗਮ ਸਮਰੂ, ਜੋ ਬਹੁਤ ਸਮਝਦਾਰ, ਹੁਸ਼ਿਆਰ ਅਤੇ ਰਾਜਨੀਤੀ ਦੀ ਸੂਝਵਾਨ ਖਿਡਾਰਨ ਮੰਨੀ ਜਾਂਦੀ ਸੀ, ਨੂੰ ਸਿੱਖ ਜਰਨੈਲਾਂ ਕੋਲ ਭੇਜ, ਉਨ੍ਹਾਂ ਨਾਲ ਸੁਲਾਹ ਦੀ ਗਲਬਾਤ ਚਲਾਈ। ਉਨ੍ਹਾਂ ਨੇ ਸਿੱਖ ਜਰਨੈਲਾਂ ਪਾਸੋਂ ਮੰਗ ਕੀਤੀ ਕਿ ਸ਼ਾਹ ਆਲਮ ਨੂੰ ਕੋਈ ਨੁਕਸਾਨ ਨਾ ਪੁਜੇ ਅਤੇ ਲਾਲ ਕਿਲ੍ਹੇ ਪੁਰ ਉਸਦਾ ਅਧਿਕਾਰ ਬਣਿਆ ਰਹਿਣ ਦਿੱਤਾ ਜਾਏ। ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਦੇ ਜਵਾਬ ਵਿੱਚ ਸ. ਬਘੇਲ ਸਿੰਘ ਨੇ ਚਾਰ ਸ਼ਰਤਾਂ ਰਖੀਆਂ : ਪਹਿਲੀ ਸ਼ਰਤ, ਦਿੱਲੀ ਦੇ ਉਹ ਸਾਰੇ ਅਸਥਾਨ ਸਿੱਖਾਂ ਨੂੰ ਸੌਂਪ ਦਿੱਤੇ ਜਾਣ, ਜਿਨ੍ਹਾਂ ਦਾ ਸਬੰਧ ਗੁਰੂ ਸਾਹਿਬਾਨ ਦੀ ਦਿੱਲੀ ਯਾਤ੍ਰਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਹੈ। ਇਸਦੇ ਨਾਲ ਹੀ ਉਨ੍ਹਾਂ ਅਸਥਾਨਾਂ ਨੂੰ ਵੀ ਸੌਂਪਿਆ ਜਾਏ ਜਿਨ੍ਹਾਂ ਦਾ ਸਬੰਧ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਨਾਲ ਸ਼ਹੀਦ ਕੀਤੇ ਗਏ ਸਿੱਖਾਂ ਦੇ ਨਾਲ ਹੈ। ਦੂਸਰੀ ਸ਼ਰਤ, ਇਨ੍ਹਾਂ ਅਸਥਾਨਾਂ ਦੀ ਨਿਸ਼ਾਨਦੇਹੀ ਹੋ ਜਾਣ ’ਤੇ ਫਰਮਾਨ ਜਾਰੀ ਕਰ, ਇਨ੍ਹਾਂ ਪੁਰ ਯਾਦਗਾਰਾਂ ਕਾਇਮ ਕਰਨ ਦਾ ਅਧਿਕਾਰ ਸਿੱਖਾਂ ਨੂੰ ਦਿੱਤਾ ਜਾਏ, ਤੀਜੀ ਸ਼ਰਤ, ਦਿੱਲੀ ਵਿੱਚ ਇਕੱਠੀ ਹੋਣ ਵਾਲੀ ਚੁੰਗੀ ਦਾ 37.5 ਪ੍ਰਤੀਸ਼ਤ ਸਿੱਖਾਂ ਨੂੰ ਦਿੱਤਾ ਜਾਏ, ਜੋ ਉਨ੍ਹਾਂ ਵਲੋਂ ਇਨ੍ਹਾਂ ਯਾਦਗਾਰਾਂ ਨੂੰ ਕਾਇਮ ਕਰਨ ਤੇ ਖਰਚ ਕੀਤਾ ਜਾਇਗਾ। ਇਨ੍ਹਾਂ ਦੇ ਨਾਲ ਆਖਰੀ ਅਤੇ ਚੌਥੀ ਸ਼ਰਤ ਇਹ ਸੀ ਕਿ ਗੁਰਦੁਆਰਿਆਂ ਦੀ ਸਥਾਪਨਾ ਹੋ ਜਾਣ ਤਕ 4 ਹਜ਼ਾਰ ਸਿੱਖ ਸੈਨਿਕ ਦਿੱਲੀ ਰਹਿਣਗੇ, ਜਿਨ੍ਹਾਂ ਦਾ ਸਾਰਾ ਖਰਚ ਸਰਕਾਰੀ ਖਜ਼ਾਨੇ ਵਿਚੋਂ ਦਿੱਤਾ ਜਾਏ। ਇਨ੍ਹਾਂ ਸ਼ਰਤਾਂ ਨੂੰ ਮੰਨ ਲਏ ਜਾਣ ਤੋਂ ਬਾਅਦ ਸਿੱਖ ਸੈਨਾ ਲਾਲ ਕਿਲ੍ਹੇ ਤੋਂ ਬਾਹਰ ਆ ਗਈ।
ਅਤੇ ਅੰਤ ਵਿੱਚ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਮੁੱਖੀਆਂ, ਸ. ਜਸਬੀਰ ਸਿੰਘ ਕਾਕਾ ਸਾਬਕਾ ਸਕਤ੍ਰ ਦਿੱਲੀ ਗੁਰਦੁਆਰਾ ਕਮੇਟੀ, ਸ. ਕੁਲਦੀਪ ਸਿੰਘ ਸਾਹਨੀ ਮੈਂਬਰ ਗੁਰਦੁਆਰਾ ਕਮੇਟੀ, ਸ. ਤੇਜਪਾਲ ਸਿੰਘ ਸਾਬਕਾ ਮੈਂਬਰ ਗੁਰਦੁਆਰਾ ਕਮੇਟੀ, ਸ. ਰਾਜਿੰਦਰ ਸਿੰਘ ਲਾਡੀ ਆਦਿ ਨੇ ਦਿੱਲੀ ਗੁਰਦੁਆਰਾ ਕਮੇਟੀ ਵਲੋਂ ‘ਦਿੱਲੀ ਫਤਹਿ’ ਦੀ ਯਾਦ ਮੰਨਾਏ ਜਾਣ ਦੇ ਪ੍ਰਤੀ ਪਹਿਲਕਦਮੀ ਕੀਤੇ ਜਾਣ ਦਾ ਸੁਆਗਤ ਕਰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ, ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਆਦਿ ਮੁੱਖੀਆਂ ਨੂੰ ਵਧਾਈ ਦਿੱਤੀ।

Send this to a friend