ਗ਼ੈਰ ਰਵਾਇਤੀ ਅਤਿਵਾਦ ਨਾਲ ਨਜਿੱਠਣ ਲਈ ਕਾਇਮ ਕੀਤੇ ਐਸ.ਓ.ਜੀ. ਕਮਾਂਡੋਜ਼ ਦੀ ਕੀਤੀ ਭਰਵੀਂ ਸ਼ਲਾਘਾ
ਬਹਾਦਰਗੜ੍ਹ (ਪਟਿਆਲਾ), 19 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ, ਨਵੇਂ ਭਰਤੀ ਐਸ.ਓ.ਜੀ. ਕਮਾਂਡੋਜ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪਹਿਲਾਂ ਬਣਾਈ ਗਈ ਸਵੈਟ ਦੇ ਮੁਕਾਬਲੇ ਇਸ ਮੌਜੂਦਾ ਬਦਲਦੇ ਪਰਿਪੇਖ ਵਿੱਚ ਅਤਿਵਾਦ ਦੇ ਟਾਕਰੇ ਲਈ ਰਾਜ ਦਾ ਅਹਿਮ ਅੰਗ ਦੱਸਿਆ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਨਵੀਂ ਯੂਨਿਟ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਸਰਕਾਰ ਪੂਰਾ ਸਹਿਯੋਗ ਦੇਵੇਗੀ। ਇੱਥੇ ਕਮਾਂਡੋਂ ਸਿਖਲਾਈ ਕੇਂਦਰ, ਬਹਾਦਰਗੜ੍ਹ ਵਿਖੇ ਸਪੈਸ਼ਲ ਓਪਰੇਸ਼ਨ ਗਰੁੱਪ ਦੇ ਟ੍ਰੇਨੀ ਕਮਾਂਡੋਂਜ਼ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਤਿਵਾਦੀਆਂ ਅਤੇ ਦਹਿਸ਼ਤਗਰਦਾਂ ਵੱਲੋਂ ਲੜਾਈ ਦੇ ਗ਼ੈਰ-ਰਵਾਇਤੀ ਢੰਗ-ਤਰੀਕੇ ਵਰਤੇ ਜਾਣ ਕਰਕੇ ਸੂਬੇ ਦੀ ਅਤਿਵਾਦ ਵਿਰੋਧੀ ਪ੍ਰਣਾਲੀ ਨੂੰ ਨਵੀਨਤਮ ਢੰਗ ਤਰੀਕਿਆਂ ਨਾਲ ਲੈਸ ਕਰਨਾ ਇੱਕ ਅਹਿਮ ਲੋੜ ਬਣ ਗਈ ਸੀ। ਐਸ.ਓ.ਜੀ ਕਮਾਂਡੋਂਜ਼ ਵੱਲੋਂ ਆਪਣੀ ਕਰੜੀ ਸਿਖਲਾਈ ਅਤੇ ਸਮਰੱਥਾ ਦੇ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਨੂੰ ਬਰੀਕੀ ਨਾਲ ਵਾਚਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਭਰਵੀਂ ਸ਼ਲਾਘਾ ਕੀਤੀ। ਇਸ ਦੌਰਾਨ ਕੁਲ 186 ਕਮਾਂਡੋਂਜ਼ (158 ਟ੍ਰੇਨੀ ਅਤੇ 17 ਇੰਸਟ੍ਰਕਟਰਜ) ਨੇ ਇਸ ਅਭਿਆਸ ਵਿੱਚ ਹਿੱਸਾ ਲਿਆ, ਜਿਸ ’ਚ ਐਡਵਾਂਸ ਪੀ.ਟੀ., ਡ੍ਰਿਲ, ਸਰੀਰਕ ਫਿੱਟਨੈਸ, ਹਥਿਆਰ ਚਲਾਉਣਾ, ਇਮਾਰਤ ’ਤੇ ਰੱਸੇ ਦੀ ਮਦਦ ਨਾਲ ਚੜ੍ਹਨਾ, ਉਤਰਨਾ, ਰੇਂਗਣਾ, ਓਪਰੇਸ਼ਨ ਦੌਰਾਨ ਰਾਹ ’ਚ ਆਉਣ ਵਾਲੀਆਂ ਔਕੜਾਂ ਨੂੰ ਪਾਰ ਕਰਨਾ ਸਮੇਤ ਦੁਸ਼ਮਣ ਨੂੰ ਮਾਰ ਗਿਰਾਉਣ ਲਈ ਹੋਰ ਕਈ ਪ੍ਰਕਾਰ ਦੇ ਅਤਿ-ਆਧੁਨਿਕ ਢੰਗ ਤਰੀਕੇ ਤੇ ਰਣਨੀਤੀ ਵਰਤਣ ਦੇ ਕਰਤੱਬ ਦਿਖਾਏ। ਇਸ ਗਰੁੱਪ ਦੇ ਇੰਸਟ੍ਰਕਟਰਜ ਭਾਰਤੀ ਫ਼ੌਜ, ਪੈਰਾ ਸਪੈਸ਼ਲ ਫੋਰਸਿਜ, ਸੀ.ਪੀ.ਓਜ ਅਤੇ ਐਨ.ਐਸ.ਜੀ. ਤੋਂ ਆਏ ਹੋਏ ਵਿਸ਼ੇਸ਼ ਸਿਖਲਾਈ ਯਾਫ਼ਤਾ ਕਮਾਂਡੋਂਜ ਹਨ, ਜਿਨ੍ਹਾਂ ਨੂੰ ਪੰਜਾਬ ਪੁਲਿਸ ’ਚ ਵਿਸ਼ੇਸ਼ ਕੇਸ ਵਜੋਂ ਭਰਤੀ ਕੀਤਾ ਗਿਆ ਹੈ। ਐਸ.ਓ.ਜੀ. ਵਰਗੇ ਅਹਿਮ ਤੇ ਵਿਸ਼ੇਸ਼ ਦਸਤੇ ਦੀ ਲੋੜ ’ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੀਨਾਨਗਰ ਪੁਲਿਸ ਸਟੇਸ਼ਨ ਅਤੇ ਪਠਾਨਕੋਟ ਏਅਰਬੇਸ ’ਤੇ ਹੋਏ ਫ਼ਿਦਾਇਨ ਹਮਲਿਆਂ ਵਰਗੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਇਸ ਸਰਹੱਦੀ ਸੂਬੇ ਨੂੰ ਅਜਿਹੀ ਅਤਿਵਾਤ ਵਿਰੋਧੀ ਸ਼ਕਤੀ ਨਾਲ ਲੈਸ ਕਰਨਾ ਬੇਹੱਦ ਜਰੂਰੀ ਸੀ। ਉਨ੍ਹਾਂ ਕਿਹਾ ਕਿ, ਹਾਲਾਂਕਿ ਰਵਾਇਤੀ ਅਤਿਵਾਦ ਦੇ ਅਗਲੇ ਪੜਾਅ ਦੌਰਾਨ ਦਹਿਸ਼ਤਗਰਦੀ ਦੀਆਂ ਘਟਨਾਵਾਂ ’ਚ ਬੇਹੱਦ ਕਮੀ ਆਈ ਹੈ ਪਰੰਤੂ ਇਹ ਚੁਣੌਤੀ ਹੁਣ ਨਵੇਂ ਤੇ ਗ਼ੈਰ-ਰਵਾਇਤੀ ਅਤਿਵਾਦ ਵਜੋਂ ਉਭਰਕੇ ਵੀ ਸਾਹਮਣੇ ਆਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਸੂਬੇ ਨੂੰ ਕੌਮਾਂਤਰੀ ਅਤਿਵਾਦ ਅਤੇ ਨਸ਼ਿਆਂ ਦੀ ਤਸਕਰੀ ਸਮੇਤ ਸਥਾਨਕ ਅਤਿਵਾਦ ਤੋਂ ਵੀ ਖ਼ਤਰਾ ਪੈਦਾ ਹੁੰਦਾ ਰਿਹਾ ਹੈ, ਕਿਉਂਕਿ ਸਰਹੱਦ ਪਾਰ ਦੀਆਂ ਲਸ਼ਕਰ-ਏ-ਤਾਇਬਾ, ਯੁਨਾਇਡ ਜੇਹਾਦ ਕੌਂਸਲ, ਜੈਸ਼-ਏ-ਮੁਹੰਮਦ ਅਤੇ ਅਲ ਕਾਇਦਾ ਵਰਗੀਆਂ ਜਥੇਬੰਦੀਆਂ ਇਥੇ ਅਤਿਵਾਦ ਫੈਲਾਉਣ ਦੀ ਤਾਕ ’ਚ ਰਹੀਆਂ ਹਨ।