ਬਰਨਾਲਾ, 6 ਮਾਰਚ (ਕੁਲਦੀਪ ਸੂਦ)-ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੇ ਭਗਵੰਤ ਮਾਨ ਦੇ ਫੈਸਲੇ ਨੇ ਜਿਥੇ ਸੰਗਰੂਰ ਲੋਕ ਸਭਾ ਹਲਕੇ ’ਚ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ, ਉਥੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ’ਚ ਵੀ ਸਵਾਗਤ ਦੀ ਥਾਂ ਬਗਾਵਤੀ ਅੱਗ ਧੁਖਦੀ ਨਜ਼ਰ ਆ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀਆਂ ਸੰਭਾਵਨਾਵਾਂ ਨੇ ‘ਆਪ’ ਦੇ ਉਨ੍ਹਾਂ ਕਈ ਆਗੂਆਂ ਨੂੰ ਸੋਚੀਂ ਪਾ ਦਿੱਤਾ ਹੈ ਜੋ ਕਿ ਖੁਦ ਇਸ ਹਲਕੇ ਤੋਂ ਉਮੀਦਵਾਰੀ ਦੇ ਇੱਛੁਕ ਸਨ। ਦੂਜੇ ਪਾਸੇ ਭਗਵੰਤ ਮਾਨ ਦੀ ਆਪ ਦੀ ਉਮੀਦਵਾਰੀ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸੀ ਖੇਮੇ ਵਿਚ ਵੀ ਸਿਆਸੀ ਗਿਣਤੀਆਂ
ਮਿਣਤੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਅਕਾਲੀ ਅਤੇ ਕਾਂਗਰਸੀ ਆਗੂ ਇਹ ਹਿਸਾਬ ਕਿਤਾਬ ਲਾਉਣ ਲੱਗੇ ਹਨ, ਕਿ ਭਗਵੰਤ ਮਾਨ ਉਨ੍ਹਾਂ ਨੂੰ ਕਿੰਨਾ ਨੁਕਸਾਨ ਪਹੁੰਚਾਵੇਗਾ। ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਦਾ ਵੀ ਅਕਾਲੀਆਂ ਅਤੇ ਕਾਂਗਰਸੀਆਂ ਨੇ ਲੇਖਾ ਜੋਖਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਕਿਥੇ ਸ੍ਰੀ ਮਾਨ ਦਾ ਸਿਆਸੀ ਪ੍ਰਭਾਵ ਜ਼ਿਆਦਾ ਹੋਵੇਗਾ ਜਾਂ ਘੱਟ ਹੋਵੇਗਾ। ਭਾਵੇਂ ਅਕਾਲੀ ਖੇਮੇ ਵਿਚ ਪਹਿਲਾਂ ਇਹ
ਖੁਸ਼ੀ ਪਾਈ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਦਾ ਵਧੇਰੇ ਨੁਕਸਾਨ ਕਾਂਗਰਸ ਦੇ ਉਮੀਦਵਾਰ ਨੂੰ ਹੋਵੇਗਾ, ਕਿਉਂਕਿ ਆਪ ਦਾ ਜ਼ਿਆਦਾ ਪ੍ਰਭਾਵ ਸ਼ਹਿਰੀ ਖੇਤਰਾਂ ਵਿਚ ਹੈ। ਅਕਾਲੀ ਸਮਝਦੇ ਸਨ ਕਿ ਜਿਵੇਂ ਵਿਧਾਨ ਸਭਾ ਚੋਣਾਂ ਵੇਲੇ ਪੀਪੀਪੀ ਉਮੀਦਵਾਰ ਅਕਾਲੀ ਉਮੀਦਵਾਰਾਂ ਦੀ ਜਿੱਤ ਦਾ ਕਾਰਨ ਬਣੇ ਸਨ, ਉਸੇ ਤਰ੍ਹਾਂ ਲੋਕ ਸਭਾ ਚੋਣਾਂ ਵਿਚ ਵੀ ਆਪ ਦੇ ਉਮੀਦਵਾਰ ਅਕਾਲੀਆਂ ਲਈ ਲਾਹੇਵੰਦ ਸਾਬਤ ਹੋਣਗੇ, ਪਰ ਹੁਣ ਭਗਵੰਤ ਮਾਨ ਦੀ ਉਮੀਦਵਾਰੀ ਨੇ ਅਕਾਲੀਆਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਕਿਉਂਕਿ ਭਗਵੰਤ ਮਾਨ ਪੇਂਡੂ ਖੇਤਰ ਦੇ ਲੋਕਾਂ ‘ਚ ਜਾਣਿਆ-ਪਛਾਣਿਆ ਨਾਂ ਹੈ ਅਤੇ ਇਸ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਪਿਛਲੀ ਚੋਣ ਲੜ ਚੁੱਕਿਆ ਹੈ। ਪਾਰਟੀ ਟਿਕਟ ਲੈਣ ਦੇ ਚਾਹਵਾਨਾਂ ਵਿਚ ਸਾਬਕਾ ਆਈ.ਏ.ਐਸ ਅਧਿਕਾਰੀ ਡਾ. ਹਰਕੇਸ਼ ਸਿੰਘ ਸਿੱਧੂ ਵੀ ਸ਼ਾਮਲ ਹਨ।