ਰਾਜੀਵ ਕਤਲ ਕਾਂਡ : ਦੋਸ਼ੀਆਂ ਦੀ ਰਿਹਾਈ ਦੇ ਖਿਲਾਫ ਕੇਂਦਰ ਦੀ ਅਪੀਲ ’ਤੇ ਸੁਣਵਾਈ ਮੁਲਤਵੀ

ਨਵੀਂ ਦਿੱਲੀ, 6 ਮਾਰਚ (ਪੀ.ਟੀ.)- ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਕਤਲ ਕਾਂਡ ਦੇ ਸੱਤ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਤਮਿਲਨਾਡੂ ਸਰਕਾਰ ਦੇ ਫ਼ੈਸਲੇ ਦੇ ਖਿਲਾਫ ਕੇਂਦਰ ਦੀ ਅਪੀਲ ਦੀ ਸੁਣਵਾਈ ਅੱਜ 26 ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ। ਪ੍ਰਧਾਨ ਜੱਜ ਪੀ. ਸਦਾਸ਼ਿਵਮ ਦੀ ਪ੍ਰਧਾਨਤਾ ਵਾਲੀ ਇੱਕ ਖੰਡਪੀਠ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਇਸਤੋਂ ਪਹਿਲਾਂ, ਪਿਛਲੇ ਹਫ਼ਤੇ ਅਦਾਲਤ ਨੇ ਇਨ੍ਹਾਂ ਕੈਦੀਆਂ ਨੂੰ ਰਿਹਾਅ ਕਰਨ ਤੋਂ ਰਾਜ ਸਰਕਾਰ ਨੂੰ ਰੋਕ ਦਿੱਤਾ ਸੀ। ਅਦਾਲਤ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਸੀ ਕਿ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੱਤ ਕੈਦੀਆਂ ਨੂੰ ਰਿਹਾਅ ਕਰਨ ਦੇ ਫ਼ੈਸਲੇ ਦੇ ਖਿਲਾਫ ਕੇਂਦਰ ਦੀ ਅਰਜ਼ੀ ‘ਤੇ 6 ਮਾਰਚ ਨੂੰ ਸੁਣਵਾਈ ਕੀਤੀ ਜਾਵੇਗੀ। ਜੈਲਲਿਤਾ ਸਰਕਾਰ ਨੇ ਰਾਜੀਵ ਗਾਂਧੀ ਹੱਤਿਆਕਾਂਡ ਦੇ ਸੱਤ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ 19 ਫਰਵਰੀ ਨੂੰ ਕੀਤਾ ਸੀ। ਇਸਤੋਂ ਪਹਿਲਾਂ ਅਦਾਲਤ ਨੇ ਤਰਸ ਅਰਜ਼ੀ ਦੇ ਨਿਬਟਾਰੇ ‘ਚ ਬਹੁਤ ਜ਼ਿਆਦਾ ਦੇਰੀ ਦੇ ਆਧਾਰ ‘ਤੇ ਇਸ ਮਾਮਲੇ ਵਿੱਚ ਮੌਤ ਦੀ ਸਜ਼ਾ ਮਿਲਣ ਵਾਲੇ ਕੈਦੀਆਂ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦਾ ਫੈਸਲਾ ਸੁਣਾਇਆ ਸੀ।

Send this to a friend