ਚੰਡੀਗੜ੍ਹ, 6 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਕਾਂਗਰਸ ਵਿਧਾਇਕ ਦਲ ਦੇ ਲੀਡਰ ਸੁਨੀਲ ਜਾਖੜ ਨੇ ਅੱਜ ਫਿਰ ਮੰਗ ਕੀਤੀ ਹੈ ਕਿ ਡਰਗਜ਼ ਮਾਮਲੇ ਵਿਚ ਪੰਜਾਬ ਦੇ ਇੱਕ ਮੰਤਰੀ ਅਤੇ ਇੱਕ ਹੋਰ ਮੰਤਰੀ ਜਿਨ੍ਹਾਂ ਦੇ ਪੁੱਤਰ ਦਾ ਨਾਮ ਆਇਆ ਹੈ, ਨੂੰ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਆਪਣੇ ਅਹੁਦੇ ’ਤੇ ਬੈਠਿਆਂ ਨਿਰਪੱਖ ਤੇ ਪਾਰਦਰਸ਼ੀ ਜਾਂਚ ਨਹੀਂ ਹੋ ਸਕੇਗੀ। ਸ੍ਰੀ ਜਾਖੜ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਇਨ੍ਹਾਂ ਮੰਤਰੀਆਂ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਜਿਵੇਂ ਕਿ ਅੱਜ ਕੁਝ ਅਖ਼ਬਾਰਾਂ ਵਿਚ ਛਪਿਆ ਹੈ, ਪਰ ਨਾਲ ਹੀ ਉਨ੍ਹਾਂ ਅੱਜ ਫਿਰ ਦੁਹਰਾਇਆ ਕਿ ਕਿਸੇ ਦੋਸ਼ੀ ਵਿਅਕਤੀ ਵੱਲੋਂ ਕਿਸੇ ਦਾ ਨਾਮ ਲਏ ਜਾਣ ’ਤੇ ਉਹ ਦੋਸ਼ੀ ਨਹੀਂ ਬਣ ਜਾਂਦਾ।ਸ੍ਰੀ
ਜਾਖੜ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ, ਜਿਨ੍ਹਾਂ ਖਿਲਾਫ਼ ਦੋਹਰੀ ਵੋਟ ਬਣਾਉਣ ਸਬੰਧੀ ਕੇਸ ਦਰਜ ਹੋਇਆ, ਤੋਂ ਵੀ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਖਿਲਾਫ਼ ਧਾਰਾ 420 ਅਧੀਨ ਵੀ ਐਫ.ਆਈ.ਆਰ ਦਰਜ ਹੋਣੀ ਚਾਹੀਦੀ ਸੀ, ਜਿਸ ਤਰ੍ਹਾਂ ਕਿ ਕਿਸੇ ਆਮ ਵਿਅਕਤੀ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਦੇ ਸਾਰੇ 117 ਵਿਧਾਇਕਾਂ ਨਾਲ ਹੀ ਚੰਗੇ ਸਬੰਧ ਹਨ ਪਰ ਜੇਕਰ ਕਈ ਗਲਤ ਕੰਮ ਕਰਦਾ ਹੈ ਤਾਂ ਉਸ ਵਿਰੁੱਧ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਹੀ ਚਾਹੀਦੀ ਹੈ।
ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਉਹ ਤਿੰਨਾਂ ਮੰਤਰੀਆਂ ਨੂੰ ਮੰਤਰੀ ਮੰਡਲ ਵਿਚੋਂ ਕੱਢ ਕੇ ਇਕ ਸਮਾਂਬੱਧ ਨਿਰਪੱਖ ਤੇ ਪਾਰਦਰਸ਼ੀ ਜਾਂਚ ਕਰਾਉਣ, ਜਿਸ ਤਰ੍ਹਾਂ ਕਿ ਉਨ੍ਹਾਂ ਆਪਣੇ ਇਕ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਖਿਲਾਫ਼ ਕਰਵਾਈ ਸੀ।
ਇਥੇ ਇਹ ਗੱਲ ਵਰਨਣਯੋਗ ਹੈ ਕਿ ਸ੍ਰੀ ਰਣੀਕੇ ਦੇ ਪੀ.ਏ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ’ਤੇ ਮੁੱਖ ਮੰਤਰੀ ਨੇ ਸ੍ਰੀ ਰਣੀਕੇ ਤੋਂ ਅਸਤੀਫਾ ਲੈ ਲਿਆ ਸੀ, ਪਰ ਬਾਅਦ ਵਿਚ ਹੋਈ ਜਾਂਚ ਦੌਰਾਨ ਉਨ੍ਹਾਂ ਖਿਲਾਫ਼ ਕੋਈ ਦੋਸ਼ ਨਾ ਸਿੱਧ ਹੋਣ ’ਤੇ ਉਨ੍ਹਾਂ ਨੂੰ ਮੁੜ ਮੰਤਰੀ ਮੰਡਲ ਵਿਚ ਸ਼ਾਮਿਲ ਕਰ ਲਿਆ ਸੀ। ਵਿਧਾਨ ਸਭਾ ਦੇ ਪ੍ਰੈਸ ਗੈਲਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਉਨ੍ਹਾਂ ਨਾਲ ਚਰਨਜੀਤ ਸਿੰਘ ਚੰਨੀ ਅਤੇ ਨਵਤੇਜ ਸਿੰਘ ਚੀਮਾ ਵਿਧਾਇਕ ਵੀ ਹਾਜ਼ਰ ਸਨ।