ਰਾੜਾ ਸਾਹਿਬ, 12 ਜੁਲਾਈ (ਸਵਰਨਜੀਤ ਕੈਲੇ, ਬਲਜੀਤ ਸਿੰਘ ਜੀਰਖ)- ਲੇਖਕ ਅਤੇ ਕਵੀਸ਼ਰ ਸਭਾ ਰਜਿ ਪੰਜਾਬ ਦੀ ਜਿਲਾ ਪੱਧਰੀ ਮੀਟਿੰਗ ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਪਿੰਡ ਘੁਡਾਣੀ ਕਲਾਂ, ਦੇ ਗੁਰਦੁਆਰਾ ਸ਼੍ਰੀ ਨਿੰਮਸਰ ਸਹਿਬ ਵਿਖੇ ਹੋਈ। ਇਸ ਇੱਕਤਰਤਾ ਦੀ ਪ੍ਰਧਾਨਗੀ ਕਰਦਿਆਂ ਕੌਮੀ ਪ੍ਰਧਾਨ ਸ. ਮਿੱਠੂ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਮੂਹ ਕਵੀਸ਼ਰ ਜਨਾ ਨੂੰ ਧਾਰਮਿਕ ਇਤਿਹਾਸ ਗਾਉਣ ਤੋਂ ਇਲਾਵਾ ਲੋਕ ਮਸਲੇ, ਜਿਵੇਂ ਨਸ਼ਿਆਂ ਦੇ ਮਾਰੂ ਹਮਲੇ, ਭਰੂਣ ਹੱਤਿਆ, ਬੀਬੀਆਂ ਦਾ ਸਤਿਕਾਰ, ਰੁੱਖ ਲਗਾਉਣ, ਵਾਤਾਵਰਨ ਦੀ ਸੰਭਾਲ ਲਹਿਰ ਦੀ ਵੀ ਅਗਵਾਈ ਕਰਨੀ ਚਾਹੀਦੀ ਹੈ, ਕਿੳਕਿ ਕਵੀਸ਼ਰੀ ਕਿਸੇ ਵੀ ਹੋਰ ਸਾਧਨ ਨਾਲੋਂ ਜਿਆਦਾ ਲੋਕ ਮਨਾ ਤੇ ਅਸਰ ਛੱਡਦੀ ਹੈ। ਇਸ ਮੌਕੇ ਵਿਸ਼ੇਸ ਤੌਰ ਤੇ ਪੰਹੁਚੇ ਸ. ਰਘਵੀਰ ਸਿੰਘ ਸਹਾਰਨ ਮਾਜਰਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਕਿਹਾ ਕਿ ਕਵੀਸ਼ਰੀ ਲੋਕ ਗਾਇਕੀ ਦੀ ਸਭ ਤੋਂ ਪੁਰਾਣੀ ਕਲਾ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਨੇ ਹਮੇਸ਼ਾਂ ਹੀ ਵਿਦਵਾਨ ਕਵੀਸ਼ਰਾਂ ਦਾ ਸਤਿਕਾਰ ਕੀਤਾ ਹੈ ਅਤੇ ਕਰਦੀ ਰਹੇਗੀ। ਕਵੀਸ਼ਰਾਂ ਨੂੰ ਆ ਰਹੀਆਂ ਦਰਪੇਸ਼ ਮੁਸਕਲਾਂ ਅਤੇ ਹੱਕੀਂ ਮੰਗਾਂ ਸਬੰਧੀਂ ਬਲਿਹਾਰ ਸਿੰਘ ਗੋਬਿਦਗੜੀਆ, ਰਮੇਸਰ ਦਾਸ ਦਦਹੇੜਾ, ਕ੍ਰਿਸ਼ਨ ਸਿੰਘ ਨਰਮਾਣਾ, ਮਨਜੀਤ ਸਿੰਘ ਬੁਟਾਹਰੀ, ਗੁਲਜ਼ਾਰ ਖਾਂ ਹਥੋਆ, ਮੱਘਰ ਸਿੰਘ ਬਰੜਵਾਲ, ਓਮ ਪ੍ਰਕਾਸ਼ ਮੌੜ, ਨਛੱਤਰ ਸਿੰਘ ਕੈਦੂਪੁਰ, ਭੂਰਾ ਸਿੰਘ ਚੱਠੇ, ਗੁਫਾਰ ਰੋਹੀੜਾ ਆਦਿ ਨੇ ਅਪਣੇ ਵਿਚਾਰ ਰੱਖੇ। ਸਟੇਜ਼ ਦਾ ਸੰਚਾਲਨ ਕਰਦਿਆਂ ਮਸ਼ਹੂਰ ਕਵੀਸ਼ਰ ਪਰੀਤ ਸਿੰਘ ਸੰਦਲ ਨੇ ਕਿਹਾ ਕਿ ਸਾਨੂੰ ਅਪਣੇ ਹੱਕਾਂ ਦੇ ਨਾਲ ਨਾਲ ਅਪਣੇ ਫਰਜ਼ ਵੀ ਪਹਿਚਾਨਣੇ ਚਾਹੀਦੇ ਹਨ। ਹਾਜ਼ਰੀਨ ਵੱਲੋਂ ਜਿਲਾ ਲੁਧਿਆਣਾ ਇਕਾਈ ਦਾ ਗਠਿਨ ਕੀਤਾ ਗਿਆ। ਇਸ ਮੌਕੇ ਸ. ਸੁਖਦੇਵ ਸਿੰਘ ਮੈਨੇਜਰ, ਵਾਹਿਗੁਰੂ ਪਾਲ ਸਿੰਘ ਕਲਾਲਾ, ਜਗਤਾਰ ਸਿੰਘ ਰਾਮਾ, ਕੁਲਵੰਤ ਸਿੰਘ ਮਾਣੂੰਕੇ, ਤਰਸੇਮ ਸਿੰਘ ਦੌਧਰ, ਬਲਵਿੰਦਰ ਸਿੰਘ ਰੌਣੀ, ਦਰਸ਼ਨ ਸਿੰਘ ਛਾਜਲੀ, ਬਾਵਾ ਸਿੰਘ ਹਾਂਸ, ਗੁਰਜੰਟ ਸਿੰਘ ਨੱਥੋਵਾਲ, ਜੰਗ ਸਿੰਘ ਕੁੱਪ ਖੁਰਦ, ਲੇਖਕ ਬੰਤ ਘੁਡਾਣੀ ਅਤੇ ਹੋਰ ਚਾਲੀ ਦੇ ਕਰੀਬ ਕਵੀਸ਼ਰ ਹਾਜ਼ਰ ਸਨ।
ਸ਼ੋਮਣੀ ਕਮੇਟੀ ਵੱਲੋਂ ਵਿਦਵਾਨ ਕਵੀਸ਼ਰ ਸਨਮਾਨਿਤ



