ਮਾਲ ਵਿਭਾਗ ਵੱਲੋਂ ਹਰ ਸਹਿਯੋਗ ਦਿੱਤਾ ਜਾਵੇਗਾ : ਡਿਪਟੀ ਕਮਿਸ਼ਨਰ
ਲੁਧਿਆਣਾ, 12 ਜੁਲਾਈ (ਮਹੇਸ਼ਇੰਦਰ ਸਿੰਘ ਮਾਂਗਟ)- ਹੁਣ ਉਹ ਸਮਾਂ ਨਹੀਂ ਰਿਹਾ, ਜਦੋਂ ਕੋਈ ਵਿਅਕਤੀ ਆਪਣੀ ਆਮਦਨ ਨੂੰ ਲੁਕੋਣ ਲਈ ਜਾਇਦਾਦਾਂ ਕਿਸੇ ਹੋਰ ਵਿਅਕਤੀ ਦੇ ਨਾਮ ’ਤੇ ਖਰੀਦ ਵੇਚ ਕਰ ਲੈਂਦਾ ਸੀ ਅਤੇ ਇਸ ਦਾ ਇਨਕਮ ਟੈਕਸ ਵਿਭਾਗ ਜਾਂ ਮਾਲ ਵਿਭਾਗ ਨੂੰ ਪਤਾ ਵੀ ਨਹੀਂ ਚੱਲਦਾ ਸੀ। ਇਸ ਚੋਰੀ ਨੂੰ ਰੋਕਣ ਲਈ ਹੁਣ ਇਨਕਮ ਟੈਕਸ ਵਿਭਾਗ ਅਤੇ ਮਾਲ ਵਿਭਾਗ ਸਾਂਝੇ ਤੌਰ ’ਤੇ ਤਾਲਮੇਲ ਨਾਲ ਕੰਮ ਕਰਨਗੇ। ਸਾਹਮਣੇ ਆਉਣ ਵਾਲੀਆਂ ਬੇਨਾਮੀਆਂ ਜਾਇਦਾਦਾਂ ਬਾਰੇ ਮਾਲ ਵਿਭਾਗ ਆਮਦਨ ਕਰ ਵਿਭਾਗ ਨੂੰ ਜਾਣਕਾਰੀ ਦੇਵੇਗਾ, ਜਿਸ ’ਤੇ ਆਮਦਨ ਕਰ ਵਿਭਾਗ ਕਾਰਵਾਈ ਕਰਕੇ ਮਾਲ ਵਿਭਾਗ ਨੂੰ ਸੰਬੰਧਤ ਜਾਇਦਾਦ ਨੂੰ ਜ਼ਬਤ ਕਰਨ ਬਾਰੇ ਅਗਵਾਈ ਦੇਵੇਗਾ। ‘ਪ੍ਰੋਹਿਬਸ਼ਨ ਆਫ਼ ਬੇਨਾਮੀ ਪ੍ਰਾਪਰਟੀ ਟਰਾਂਜੈਕਸ਼ਨਜ਼ ਐਕਟ, 1988’ ਬਾਰੇ ਮਾਲ ਅਧਿਕਾਰੀਆਂ ਨੂੰ ਜਾਣੂ ਕਰਾਉਣ ਲਈ ਇੱਕ ਸੈਮੀਨਾਰ ਦਾ ਆਯੋਜਨ ਅੱਜ ਸਥਾਨਕ ਬਚਤ ਭਵਨ ਵਿਖੇ ਡਾਇਰੈਕਟੋਰੇਟ ਆਫ਼ ਇਨਕਮ ਟੈਕਸ (ਇਨਵੈਸਟੀਗੇਸ਼ਨ), ਬੇਨਾਮੀ ਪ੍ਰੋਹਿਬਸ਼ਨ ਯੂਨਿਟ-2 ਲੁਧਿਆਣਾ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਵਧੀਕ ਕਮਿਸ਼ਨਰ ਇਨਕਮ ਟੈਕਸ ਦਿੱਲੀ ਸ੍ਰੀ ਆਰ. ਕੇ. ਗੁਪਤਾ ਨੇ ਵਿਸ਼ੇਸ਼ ਵਕਤਾ ਵਜੋਂ ਹਿੱਸਾ ਲਿਆ ਅਤੇ ਇਸ ਐਕਟ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਲੁਧਿਆਣਾ ਦੇ ਵਧੀਕ ਕਮਿਸ਼ਨਰ ਇਨਕਮ ਟੈਕਸ ਡਾ. ਰਾਜਿੰਦਰ ਕੌਰ, ਡਿਪਟੀ ਕਮਿਸ਼ਨਰ ਇਨਕਮ ਟੈਕਸ ਸ੍ਰੀ ਰਾਜੀਵ ਵਡੇਰਾ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਸਮੂਹ ਐਸ. ਡੀ. ਐਮਜ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਬੇਨਾਮੀ ਜਾਇਦਾਦਾਂ ਬਾਰੇ ਪਤਾ ਲਗਾਉਣਾ ਇਕੱਲੇ ਇਨਕਮ ਟੈਕਸ ਵਿਭਾਗ ਦੇ ਵੱਸ ਦੀ ਗੱਲ ਨਹੀਂ ਹੈ। ਇਸ ਦਿਸ਼ਾ ਵਿੱਚ ਇਨਕਮ ਟੈਕਸ ਵਿਭਾਗ ਅਤੇ ਮਾਲ ਵਿਭਾਗ ਤਾਲਮੇਲ ਨਾਲ ਕੰਮ ਕਰਕੇ ਇਸ ਗੋਰਖਧੰਦੇ ਨੂੰ ਬੰਦ ਕਰਵਾ ਸਕਦੇ ਹਨ, ਜਿਸ ਨਾਲ ਭਾਰਤ ਸਰਕਾਰ ਦਾ ਆਪਰੇਸ਼ਨ ‘ਕਲੀਨ ਮਨੀ’ ਸਫ਼ਲ ਹੋਵੇਗਾ।



