ਪੰਜਾਬੀਆਂ ਨੂੰ ਭਾਈਚਾਰਕ ਜਾਗਰਿਤੀ ਦੀ ਜ਼ਰੂਰਤ

ਪੰਜਾਬੀ ਭਾਈਚਾਰਾ ਇਸ ਸਮੇਂ ਕਈ ਤਰ੍ਹਾਂ ਦੇ ਸਮਾਜਿਕ ਸੰਕਟਾਂ ਵਿੱਚ ਘਿਰਿਆ ਹੋਇਆ ਹੈ। ਪੂਰੇ ਸੰਸਾਰ ਵਿੱਚ ਫੈਲਿਆ ਇਹ ਭਾਈਚਾਰਾ ਆਪਣੀਆਂ ਸਮਾਜਿਕ ਸਮੱਸਿਆਵਾਂ ਪ੍ਰਤੀ ਜਾਗਰਿਤ ਨਹੀਂ ਹੈ। ਭਾਈਚਾਰਕ ਪੱਧਰ ’ਤੇ ਵੀ ਇਨ੍ਹਾਂ ਸਮੱਸਿਆਵਾਂ ਦੇ ਨਿਪਟਾਰੇ ਲਈ ਕਿੱਧਰੇ ਕੋਈ ਯਤਨ ਨਹੀਂ ਹੋ ਰਿਹਾ। ਸਮਾਜਿਕ ਤੌਰ ’ਤੇ ਪੰਜਾਬੀਆਂ ਦੇ ਭਾਈਚਾਰਕ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਕੋਈ ਸਮਾਂ ਸੀ ਜਦੋਂ ਪੰਜਾਬੀ ਰਿਸ਼ਤਿਆਂ ਦੀ ਕਦਰ ਲਈ ਜਾਣੇ ਜਾਂਦੇ ਸਨ। ਇਸ ਸਮੇਂ ਸਭ ਰਿਸ਼ਤੇ ਮਾਇਆ ਦੀ ਦੌੜ ਵਿੱਚ ਰੁਲ ਗਏ ਹਨ। ਰੁਪਈਆ ਸਭ ਤੋਂ ਵੱਡਾ ਰਿਸ਼ਤਾ ਬਣ ਗਿਆ ਹੈ। ਟੁੱਟ ਰਹੇ ਰਿਸ਼ਤਿਆਂ ਕਾਰਨ ਸਮਾਜ ਵਿੱਚ ਦੁੱਖ-ਦਰਦ ਫੈਲਿਆ ਹੋਇਆ ਹੈ। ਕੋਈ ਕਿਸੇ ਦੇ ਦੁੱਖ-ਦਰਦ ਵਿੱਚ ਸ਼ਾਮਿਲ ਹੋਣ ਲਈ ਤਿਆਰ ਨਹੀਂ। ਸਭ ਰਿਸ਼ਤੇਦਾਰ, ਗਵਾਂਢੀ ਤਮਾਸ਼ਾ ਹੀ ਦੇਖਦੇ ਹਨ। ਪੰਜਾਬੀਆਂ ਨੂੰ ਆਖਿਰ ਇਹ ਕੀ ਹੋ ਗਿਆ ਹੈ ਕਿ ਉਹ ਰਿਸ਼ਤਿਆਂ ਦੀ ਪਵਿੱਤਰਤਾ ਅਤੇ ਮਹੱਤਤਾ ਨੂੰ ਵਿਸਾਰ ਬੈਠੇ ਹਨ। ਬੇਗਾਨਗੀ ਦੇ ਇਸ ਦੌਰ ਵਿੱਚ ਔਰਤ ਸਭ ਤੋਂ ਵੱਧ ਪੀੜਾ ਹੰਢਾਅ ਰਹੀ ਹੈ। ਔਰਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਗਿਆ ਸਨਮਾਨ ਵਿਸਰ ਗਿਆ ਹੈ। ਹਰ ਕੋਈ ਹੁਣ ਔਰਤ ਨੂੰ ਭੋਗ ਦੀ ਵਸਤੂ ਹੀ ਸਮਝਦਾ ਹੈ। ਪੰਜਾਬੀ ਸੱਭਿਆਚਾਰ ਦੇ ਨਾਂ ’ਤੇ ਬਣ ਰਹੀਆਂ ਫਿਲਮਾਂ ਅਤੇ ਮਿਉੂਜ਼ਿਕ ਐਲਬਮਾਂ ’ਚ ਔਰਤਾਂ ਨੂੰ ਇਸ ਤਰ੍ਹਾਂ ਹੀ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬੀ ਕਦਰਾਂ-ਕੀਮਤਾਂ ਦਾ ਕੋਈ ਸਥਾਨ ਨਹੀਂ ਰਿਹਾ। ਇਸ ਦੌਰ ਵਿੱਚ  ਵਿਆਹ ਦਾ ਪਵਿੱਤਰ ਰਿਸ਼ਤਾ ਵਪਾਰ ਬਣ ਕੇ ਰਹਿ ਗਿਆ ਹੈ। ਲੋਕ ਵਿਆਹ ਦੇ ਨਾਂ ਉੱਪਰ ਮੁੰਡੇ-ਕੁੜੀਆਂ ਵੇਚਣ ਲੱਗੇ ਹਨ। ਸਭ ਮੰਗਤੇ ਕਿਉਂ ਬਣ ਗਏ ਹਨ? ਹਰ ਕੋਈ ਇਸ ਲੁੱਟ ਵਿੱਚ ਹੱਥ ਰੰਗਣ ਨੂੰ ਸ਼ਾਨ ਸਮਝਦਾ ਹੈ। ਗੁਰੂ ਸਾਹਿਬਾਨਾਂ ਦੀ ਇਸ ਧਰਤੀ ਉੱਤੇ ਆਖਿਰ ਇਹ ਕੀ ਹੋ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਲੋਕ ਵਿਆਹ ਨੂੰ ਸੌਦਾ ਬਣਾ ਰਹੇ ਹਨ। ਦਾਜ ਅਤੇ ਬਰਾਤ ਦੇ ਆਓ ਭਗਤ ਲਈ ਹੁੰਦੇ ਖਰਚ ਕਾਰਨ ਲੋਕਾਂ ਨੇ ਕੁੜੀਆਂ ਜੰਮਣ ਤੋਂ ਹੀ ਤੋਬਾ ਕਰ ਲਈ ਹੈ। ਸਮਾਜ ਵਿੱਚ ਔਰਤ ਦੀ ਸੁਰੱਖਿਆ ਖਤਰੇ ਵਿੱਚ ਪੈ ਚੁੱਕੀ ਹੈ। ਇਸ ਲਈ ਹੀ ਕੋਈ ਸਿਆਣਾ ਮਾਂ-ਬਾਪ ਕੁੜੀ ਜੰਮਣ ਲਈ ਤਿਆਰ ਨਹੀਂ। ਜਦੋਂ ਔਰਤਾਂ ਦੀ ਇੱਜ਼ਤ-ਆਬਰੂ ਮਹਿਫੂਜ਼ ਨਾ ਹੋਵੇ, ਤਾਂ ਕੌਣ ਧੀਆਂ ਜੰਮਣ ਦਾ ਜ਼ੋਖਮ ਉਠਾਵੇ। ਸੰਕਟ ਵਾਲੇ ਇਨ੍ਹਾਂ ਹਾਲਾਤਾਂ ਲਈ ਸਾਡੀ ਸੋਚ ਜ਼ਿੰਮੇਵਾਰ ਹੈ। ਅਸੀਂ ਆਪਣੇ ਵਿਰਸੇ ਨੂੰ ਭੁੱਲ ਗਏ ਹਾਂ। ਪੰਜਾਬੀ ਵਿਰਸੇ ਵਿਚ ਔਰਤਾਂ ਨੂੰ ਬਹੁਤ ਮਾਣ-ਸਤਿਕਾਰ ਦਿੱਤਾ ਗਿਆ ਹੈ। ਇੱਜ਼ਤ-ਆਬਰੂ ਲਈ ਪੰਜਾਬੀ ਆਪਣੀ ਜਾਨ ਤੱਕ ਵਾਰ ਦਿੰਦੇ ਹਨ। ਅਜਿਹੇ ਵਿਰਸੇ ਦੇ ਮਾਲਕ ਪੰਜਾਬੀ ਹੀ ਔਰਤਾਂ ਦੀ ਇੱਜ਼ਤ-ਆਬਰੂ ਦੇ ਦੁਸ਼ਮਣ ਹੋ ਜਾਣ, ਤਾਂ ਫਿਰ ਉਨ੍ਹਾਂ ਦੀ ਰਾਖੀ ਕੌਣ ਕਰੇਗਾ? ਸਮਾਜ ਵਿੱਚ ਬਜ਼ੁਰਗਾਂ ਦਾ ਸਤਿਕਾਰ ਤੱਕ ਨਹੀਂ ਰਿਹਾ। ਪਹਿਲੇ ਸਮਿਆਂ ਵਿੱਚ ਬਜ਼ੁਰਗ ਹਰ ਸੰਕਟ ਦੇ ਸਮੇਂ ਸਮਾਜ ਦੀ ਅਗਵਾਈ ਕਰਦੇ ਸਨ। ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਬਜ਼ੁਰਗਾਂ ਨੂੰ ਅਪਣੇ ਪੁੱਤਰਾਂ ਅਤੇ ਪੋਤਿਆਂ ਦੇ ਘਰਾਂ ਵਿੱਚ ਰਹਿਣਾ ਹੀ ਮੁਸ਼ਕਿਲ ਹੋ ਗਿਆ ਹੈ। ਬਜ਼ੁਰਗਾਂ ਦੀ ਇਸ ਬੇਕਦਰੀ ਕਾਰਨ ਹੀ ਬਿਰਧ ਆਸ਼ਰਮ ਧੜਾਧੜ ਖੁੱਲ੍ਹ ਰਹੇ ਹਨ। ਇਹ ਗੱਲ ਸਾਡੇ ਸਮਾਜ ਉੱਪਰ ਨਾਸੂਰ ਦੀ ਤਰ੍ਹਾਂ ਹੈ। ਇਸ ਦਾ ਤੋੜ ਵੀ ਕੋਈ ਨਹੀਂ ਦਿੱਸਦਾ। ਪੰਜਾਬੀ ਗੱਭਰੂ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਹਰ ਪਿੰਡ ਅਤੇ ਸ਼ਹਿਰ ਵਿੱਚ ਮਾਰੂ ਤੋਂ ਮਾਰੂ ਨਸ਼ੇ ਆਮ ਮਿਲ ਰਹੇ ਹਨ। ਪੁਲਿਸ ਅਤੇ ਸਰਕਾਰੀ ਸਰਪ੍ਰਸਤੀ ਨਾਲ ਅਜਿਹੇ ਮਾਰੂ ਨਸ਼ੇ ਵੇਚ ਕੇ ਪੰਜਾਬੀਆਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਨਸ਼ੇ ਦੀ ਅਲਾਮਤ ਨਾਲ ਪੰਜਾਬੀ ਸਮਾਜ ਵਿੱਚ ਹੋਰ ਵੀ ਗਿਰਾਵਟਾਂ ਆ ਰਹੀਆਂ ਹਨ। ਨਸ਼ੇ ਦੀ ਆਦਤ ਦੇ ਸ਼ਿਕਾਰ ਨੌਜਵਾਨ ਮਾਪਿਆਂ ਉੱਪਰ ਬੋਝ ਬਣ ਰਹੇ ਹਨ। ਖੇਤੀ ਦਾ ਧੰਦਾ ਚੌਪਟ ਹੁੰਦਾ ਜਾ ਰਿਹਾ ਹੈ। ਕੋਈ ਵੀ ਨੌਜਵਾਨ ਖੇਤਾਂ ਵਿੱਚ ਕੰਮ ਕਰਨ ਨੂੰ ਤਿਆਰ ਨਹੀਂ। ਪੰਜਾਬ ਦੀ ਸਮੁੱਚੀ ਖੇਤੀ ਪ੍ਰਵਾਸੀ ਮਜ਼ਦੂਰਾਂ ਉੱਪਰ ਨਿਰਭਰ ਹੁੰਦੀ ਜਾ ਰਹੀ ਹੈ। ਇਹ ਬਹੁਤ ਮਾਰੂ ਰੁਝਾਨ ਹਨ। ਇੱਕ ਪਾਸੇ ਆਮਦਨ ਘੱਟ ਰਹੀ ਹੈ, ਦੂਜੇ ਪਾਸੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਖਾਵੇ ਦੀ ਜ਼ਿੰਦਗੀ ਹਰ ਰੋਜ਼ ਖਰਚੇ ਵਧਾ ਰਹੀ ਹੈ। ਵਿਆਹ ਤੋਂ ਇਲਾਵਾ ਮਰਗਤ ਦੀਆਂ ਰਸਮਾਂ ਵੀ ਆਮ ਆਦਮੀ ਦੀ ਪਹੁੰਚ ਵਿੱਚ ਨਹੀਂ ਰਹੀਆਂ। ਮਹਿੰਗੀਆਂ ਰਸਮਾਂ ਕਾਰਨ ਲੋਕ ਧੜਾਧੜ ਕਰਜ਼ਾਈ ਹੋ ਰਹੇ ਹਨ। ਕਰਜ਼ੇ ਹੇਠ ਆਏ ਪਰਿਵਾਰ ਮਾਨਸਿਕ ਕਲੇਸ਼ ਭੋਗ ਰਹੇ ਹਨ। ਅਜਿਹੇ ਪਰਿਵਾਰ ਹੀ ਹੁਣ ਖੁਦਕੁਸ਼ੀ ਦੇ ਰਾਹ ਪੈ ਚੁੱਕੇ ਹਨ। ਇਸ ਸੰਕਟ ਨਾਲ ਸਿਆਸੀ ਪੱਧਰ ’ਤੇ ਨਹੀਂ ਸਮਾਜਿਕ ਪੱਧਰ ’ਤੇ ਨਿਪਟਣ ਦੀ ਜ਼ਰੂਰਤ ਹੈ। ਪੰਜਾਬੀ ਸਮਾਜ ਦੇ ਚੇਤੰਨ ਹਿੱਸਿਆਂ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਅੱਗੇ ਆਉਣਾ ਚਾਹੀਦਾ ਹੈ। ਪੰਜਾਬੀ ਸਮਾਜ ਨੂੰ ਜਗਾਉਣ ਦਾ ਹੁਣ ਸਹੀ ਵੇਲਾ ਹੈ, ਨਹੀਂ ਤਾਂ ਉਜੜਿਆਂ ਦੀ ਕੋਈ ਸਾਰ ਨਹੀਂ ਲਵੇਗਾ।
-ਬਲਜੀਤ ਸਿੰਘ ਬਰਾੜ

Send this to a friend