ਤਲਵੰਡੀ ਸਾਬੋ, 9 ਜੁਲਾਈ (ਰਾਮ ਰੇਸ਼ਮ ਸ਼ਰਨ)- ਸੂਬੇ ਦੀ ਮੌਜੂਦਾ ਸਰਕਾਰ ਅਤੇ ਪੰਜਾਬ ਪੁਲਿਸ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲੰਅਦਾਜੀ ਬੰਦ ਕਰੇ ਨਹੀ ਤਾਂ ਇਸਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੋਂ ਜਾਰੀ ਪ੍ਰੈਸ ਬਿਆਨ ਰਾਂਹੀ ਕੀਤਾ। ਜਾਰੀ ਪ੍ਰੈਸ ਬਿਆਨ ਵਿੱਚ ਦੋ ਮਾਮਲਿਆਂ ਦਾ ਹਵਾਲਾ ਦਿੰਦਿਆਂ ਸਿੰਘ ਸਾਹਿਬ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਧਾਰਮਿਕ ਸਿਧਾਂਤਾ ਦੇ ਉਲਟ ਜਾਂਦਿਆਂ ਗੁਰਮਤਿ ਵਿਰੋਧੀਆਂ ਦਾ ਸਾਥ ਦਿੱਤਾ ਜੋ ਬਰਦਾਸ਼ਤਯੋਗ ਨਹੀ। ਉਨ੍ਹਾਂ ਦੱਸਿਆ ਕਿ ਪਿੰਡ ਕੋਇਰ ਸਿੰਘ ਵਾਲਾ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦਾ ਇੱਕ ਪ੍ਰਚਾਰਕ ਗੁਰਦੁਆਰਾ ਸਾਹਿਬ ਵਿੱਚ ਧਰਮ ਪ੍ਰਚਾਰ ਲਈ ਗਿਆ ਤਾਂ ਉਸਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਗੁਰਦੁਆਰੇ ਵਿੱਚ ਲਾਈ ਕੁਝ ਫੋਟੋਆਂ ਜੋ ਗੁਰਮਤਿ ਮਰਿਯਾਦ ਦੇ ਉਲਟ ਸਨ ਨੂੰ ਉਤਾਰਨ ਲਈ ਕਿਹਾ ਕਿ ਤਾਂ ਗੁਰਮਤਿ ਮਰਿਯਾਦਾ ਨੂੰ ਸਮਝਦਿਆਂ ਸੇਵਾਦਾਰਾਂ ਨੇ ਉਹ ਫੋਟੋਆਂ ਉਤਾਰ ਦਿੱਤੀਆਂ ਪ੍ਰੰਤੂ ਬਾਦ ਵਿੱਚ ਉਕਤ ਗੁਰਦੁਆਰਾ ਸਾਹਿਬ ਦੀ ਕਮੇਟੀ ਜੋ ਘੋਨ ਮੋਨ ਵਿਅਕਤੀਆਂ ਦੀ ਹੈ ਨੇ ਫੋਟੋਆਂ ਉਤਾਰਨ ਵਾਲੇ ਉਕਤ ਸੇਵਾਦਾਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਦੋਂਕਿ ਉਨਾਂ ਨੇ ਮਰਿਯਾਦ ਅਨੁਸਾਰ ਹੀ ਫੋਟੋਆਂ ਉਤਾਰੀਆਂ ਸਨ ਤੇ ਇਸ ਮਾਮਲੇ ਵਿੱਚ ਕਮੇਟੀ ਗਲਤ ਸੀ।ਉਸਤੋਂ ਵੀ ਹੈਰਾਨੀ ਦੀ ਗੱਲ ਇਹ ਰਹੀ ਕਿ ਬਾਅਦ ਵਿੱਚ ਪੁਲਿਸ ਨੇ ਆਪਣੀ ਹਾਜਿਰੀ ਵਿੱਚ ਗੁਰਦੁਆਰਾ ਸਾਹਿਬ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਗਠਨ ਕਰਵਾਇਆ ਤੇ ਪੁਲਿਸ ਸਰਪ੍ਰਸਤੀ ਹੇਠ ਵਡਭਾਗੀਆਂ ਦੇ ਇੱਕ ਚੇਲੇ ਨੂੰ ਗੁਰੁਦਆਰਾ ਸਾਹਿਬ ਦਾ ਪ੍ਰਧਾਨ ਥਾਪ ਦਿੱਤਾ ਗਿਆ।ਉਨਾਂ ਕਿਹਾ ਕਿ ਦੂਜਾ ਮਾਮਲਾ ਪਿੰਡ ਦਾਨ ਸਿੰਘ ਵਾਲਾ ਦਾ ਹੈ ਜਿੱਥੇ ਪੁਲਿਸ ਨੇ ਕੋਲ ਖੜ ਕੇ ਇੱਕ ਨਿਹੰਗ ਸਿੰਘ ਦਾ ਨਿਸ਼ਾਨ ਸਾਹਿਬ ਪਿੰਡ ਦੀ ਹੱਡਾਰੋੜੀ ਵਿੱਚ ਕੀਤੀ ਚਾਰਦਿਵਾਰੀ ਵਿੱਚ ਲਗਵਾ ਦਿੱਤਾ ਜਦੋਂਕਿ ਸੰਗਤਾਂ ਵਿਰੋਧ ਕਰ ਰਹੀਆਂ ਹਨ ਕਿ ਜਿਸ ਥਾਂ ਨਿਸ਼ਾਨ ਸਾਹਿਬ ਲਾਇਆ ਗਿਆ ਉਹ ਜਗਾ ਅਤਿ ਬਦਬੂਦਾਰ ਹੈ ਤੇ ਉਥੇ ਨਿਸ਼ਾਨ ਸਾਹਿਬ ਲੱਗਣਾ ਸੰਭਵ ਹੀ ਨਹੀ ਪਰ ਪੁਲਿਸ ਸੰਗਤ ਦੀ ਵਜਾਏ ਨਿਹੰਗ ਬਾਣੇ ਵਿੱਚਲੇ ਉਸ ਵਿਅਕਤੀ ਦੀ ਮਦੱਦ ਕਰ ਰਹੀ ਹੈ।ਸਿੰਘ ਸਾਹਿਬ ਨੇ ਕਿਹਾ ਕਿ ਸਰਕਾਰ ਜਾਂ ਪੁਲਿਸ ਇਸ ਤਰ੍ਹਾਂ ਜੇ ਸਿੱਖ ਮਾਮਲਿਆਂ ਵਿੱਚ ਦਖਲਅੰਦਾਜੀ ਕਰੇਗੀ ਤਾਂ ਇਸਦਾ ਨਤੀਜਾ ਅਤਿ ਮਾੜਾ ਨਿੱਕਲੇਗਾ ਕਿਉਂਕਿ ਕੌਮ ਗੁਰਮਤਿ ਦੇ ਕਾਰਜਾਂ ਵਿੱਚ ਕਿਸੇ ਸਰਕਾਰੀ ਦਖਲਅੰਦਾਜੀ ਨੂੰ ਬਰਦਾਸ਼ਤ ਨਹੀ ਕਰਦੀ ਤੇ ਉਕਤ ਦੋਵਾਂ ਥਾਵਾਂ ਤੇ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉਸਦੀ ਜਿੰਮੇਵਾਰੀ ਪੁਲਿਸ ਤੇ ਸਰਕਾਰ ਦੀ ਹੋਵੇਗੀ।
ਸਰਕਾਰ ਅਤੇ ਪੁਲਿਸ ਧਾਰਮਿਕ ਮਾਮਲਿਆਂ ’ਚ ਦਖਲ ਅੰਦਾਜ਼ੀ ਬੰਦ ਕਰੇ-ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ



