ਮਾਛੀਵਾੜਾ ਸਾਹਿਬ, 9 ਜੁਲਾਈ (ਭਵਨੇਸ਼ ਖੇੜਾ)- ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜ੍ਹੇ ਅੱਜ ਇੱਕ ਬਜ਼ੁਰਗ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਅਤੇ ਇਸ ਬਜ਼ੁਰਗ ਦੀ ਕੋਈ ਪਹਿਚਾਣ ਨਾ ਹੋ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬਜ਼ੁਰਗ ਨੇ ਆਪਣੇ ਕੱਪੜੇ ਉਤਾਰੇ ਅਤੇ ਨਹਿਰ ਕਿਨਾਰੇ ਪੁੱਜਾ ਤਾਂ ਅਚਾਨਕ ਪਾਣੀ ਵਿਚ ਵੜਦਿਆਂ ਹੀ ਉਹ ਡੁੱਬ ਗਿਆ। ਨਜ਼ਦੀਕ ਹੀ ਨਹਿਰ ਵਿਚ ਨਹਾਉਂਦੇ ਨੌਜਵਾਨਾਂ ਵਲੋਂ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਪਾਣੀ ’ਚੋਂ ਬਾਹਰ ਕੱਢਿਆ ਅਤੇ ਤੁਰੰਤ ਉਸ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਬਜ਼ੁਰਗ ਦੇ ਕੱਪੜਿਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ’ਚੋਂ ਉਸਦੀ ਪਹਿਚਾਣ ਬਾਰੇ ਕੋਈ ਦਸਤਾਵੇਜ਼ ਨਾ ਮਿਲਿਆ। ਇਸ ਘਟਨਾ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਾਨ ਸਿੰਘ ਵਲੋਂ ਆਸ-ਪਾਸ ਪਿੰਡਾਂ ’ਚ ਅਤੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਪਰ ਬਜ਼ੁਰਗ ਦੀ ਪਹਿਚਾਣ ਨਾ ਹੋ ਸਕੀ। ਫਿਲਹਾਲ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ’ਚ ਪੋਸਟ ਮਾਰਟਮ ਲਈ ਸਮਰਾਲਾ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਬਜ਼ੁਰਗ ਦੀ ਮੌਤ ਨਹਾਉਣ ਸਮੇਂ ਹਾਦਸਾ ਹੈ ਜਾਂ ਆਤਮ-ਹੱਤਿਆ।
ਨਹਿਰ ’ਚ ਡੁੱਬਣ ਕਾਰਨ ਅਣਪਛਾਤੇ ਬਜ਼ੁਰਗ ਦੀ ਮੌਤ



