ਚੰਡੀਗੜ੍ਹ, 4 ਮਾਰਚ (ਪੀ.ਟੀ.)- 14ਵੀਂ ਪੰਜਾਬ ਵਿਧਾਨ ਸਭਾ ਦੇ ਸੱਤਵੇਂ ਸਮਾਗਮ ਦੇ ਦੂਸਰੇ ਦਿਨ ਅੱਜ 26 ਅਕਾਲ ਚਲਾਣਾ ਕਰ ਗਈਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਨ੍ਹਾਂ ਵਿਚ ਸ੍ਰੀ ਹਰਬੰਸ ਲਾਲ ਸਾਬਕਾ ਸਪੀਕਰ ਅਤੇ ਮੰਤਰੀ, ਹਰਭਜਨ ਸਿੰਘ ਮਾਨਸ਼ਾਹੀਆ ਸਾਬਕਾ ਮੰਤਰੀ, ਕਾਮਰੇਡ ਅੱਛਰਾ ਸਿੰਘ ਸਬਕਾ ਐਮ.ਐਲ.ਏ, ਇੰਦਰਜੀਤ ਸਿੰਘ ਸਿਆਸਤਦਾਨ ਤੋਂ ਇਲਾਵਾ ਹਰਨੇਕ ਸਿੰਘ, ਪੰਜਾਬ ਸਿੰਘ, ਇੰਦਰ ਸਿੰਘ, ਚਮਨ ਲਾਲ, ਅਜੀਤ ਸਿੰਘ, ਬਲਵੰਤ ਸਿੰਘ, ਅਵਤਾਰ ਸਿੰਘ, ਤਾਰਾ ਸਿੰਘ, ਜਗੀਰ ਸਿੰਘ, ਤਰਲੋਕ ਸਿੰਘ, ਤਰਲੋਕ ਸਿੰਘ, ਗੁਰਬਚਨ ਸਿੰਘ, ਮਹਿੰਗਾ ਸਿੰਘ, ਰਾਮ ਸਰੂਪ, ਚਰਨ ਸਿੰਘ ਅਤੇ ਬਚਨ ਸਿੰਘ (ਸਾਰੇ ਸੁਤੰਤਰਤਾ ਸੈਨਾਨੀ) ਸ਼ਾਮਿਲ ਹਨ।
ਇਨ੍ਹਾਂ ਤੋਂ ਇਲਾਵਾ ਪ੍ਰਸਿੱਧ ਕਹਾਣੀਕਾਰ ਤਲਵਿੰਦਰ ਸਿੰਘ, ਪ੍ਰਸਿੱਧ ਪੰਜਾਬੀ ਨਾਟਕਕਾਰ ਡਾ. ਚਰਨਦਾਸ ਸਿੱਧੂ, ਪ੍ਰਸਿੱਧ ਪੰਜਾਬੀ ਸ਼ਾਇਰ ਦੇਵਨੀਤ, ਪ੍ਰਸਿੱਧ ਪੰਜਾਬੀ ਕਹਾਣੀਕਾਰ ਸ. ਪ੍ਰੀਤਮ ਅਤੇ ਪ੍ਰਸਿੱਧ ਪੱਤਰਕਾਰ ਸੰਤੋਸ਼ ਕੁਮਾਰ ਆਚਾਰੀਆ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਇਨ੍ਹਾਂ ਵਿਛੜੀਆਂ ਸਖਸ਼ੀਅਤਾਂ ਦੀ ਜੀਵਨੀ ਉਤੇ ਸੰਖੇਪ ਚਾਨਣਾ ਪਾਇਆ। ਇਸ ਉਪਰੰਤ ਸਾਰੇ ਹਾਜ਼ਰ ਮੈਂਬਰਾਂ ਅਤੇ ਸਪੀਕਰ ਨੇ ਦੋ ਮਿੰਟ ਦਾ ਮੌਨ ਧਾਰਿਆ।