ਅਦਾਲਤ ਨੇ 11 ਮਾਰਚ ਤੱਕ ਭੇਜਿਆ ਜੇਲ੍ਹ
ਨਵੀਂ ਦਿੱਲੀ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਨਿਵੇਸ਼ਕਾਂ ਦੇ 20 ਹਜ਼ਾਰ ਕਰੋੜ ਰੁਪਏ ਵਾਪਿਸ ਨਾ ਕਰਨ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਗਏ ਸਹਾਰਾ ਮੁਖੀ ਸੁਬਰਤੋ ਰਾਏ ਨੇ ਸੁਪਰੀਮ ਕੋਰਟ ਵਿੱਚ ਪੇਸ਼ ਹੋ ਕੇ ਬਿਨਾ ਸ਼ਰਤ ਮੁਆਫੀ ਮੰਗੀ ਅਤੇ ਸੁਪਰੀਮ ਕੋਰਟ ਨੂੰ ਕਿਹਾ ਕਿ ਮੈਂ ਅਦਾਲਤ ਦੇ ਹਰ ਹੁਕਮ ਦਾ ਪਾਲਣ ਕਰਾਂਗਾ। ਅਦਾਲਤ ਨੇ ਸਹਾਰਾ ਸ੍ਰੀ ਨੂੰ ਇਹ ਵੀ ਪੁੱਛਿਆ ਕਿ ਉਹ ਨਿਵੇਸ਼ਕਾਂ ਦਾ ਪੈਸਾ ਕਦ ਤੱਕ ਵਾਪਿਸ ਕਰੇਗਾ। ਤਦ ਰਾਏ ਨੇ ਕਿਹਾ ਕਿ ਉਹ ਦੋ ਮਹੀਨਿਆਂ ਦੇ ਵਿੱਚ ਨਿਵੇਸ਼ਕਾਂ ਦਾ ਪੈਸਾ ਵਾਪਿਸ ਕਰ ਦੇਵੇਗਾ।ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਸੁਬਰਤੋ ਰਾਏ ਵੱਲੋਂ ਨਿਵੇਸ਼ਕਾਂ ਦਾ ਪੈਸਾ ਵਾਪਿਸ ਕੀਤੇ ਜਾਣ ਦੇ ਸਬੰਧ ਵਿੱਚ ਉਸ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਤੋਂ ਉਹ ਖੁਸ਼ ਨਹੀਂ ਹੈ। ਉਹ ਠੋਸ ਪ੍ਰਸਤਾਵ
ਅਤੇ ਬੈਂਕ ਗਾਰੰਟੀ ਦੇ ਨਾਲ ਅਦਾਲਤ ਵਿੱਚ ਨਹੀਂ ਆਏ। ਇਸ ਲਈ ਸਹਾਰਾ ਮੁਖੀ ਸਮੇਤ ਦੋ ਹੋਰਨਾਂ ਨਿਰਦੇਸ਼ਕਾਂ ਨੂੰ 11 ਮਾਰਚ ਤੱਕ ਜੁਡੀਸ਼ੀਅਲ ਹਿਰਾਸਤ ਵਿੱਚ ਰੱਖਿਆ ਜਾਵੇ ਪਰ ਮਹਿਲਾ ਨਿਰਦੇਸ਼ਕ ਵੰਦਨਾ ਭਾਰਗਵ ਨੂੰ ਇਸ ਤੋਂ ਛੋਟ ਦੇ ਦਿੱਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਮਾਰਚ ਨੂੰ ਹੋਵੇਗੀ।ਅਦਾਲਤ ਨੇ ਰਾਏ ਨੂੰ ਕਿਹਾ ਕਿ ਉਹ ਨਿਵੇਸ਼ਕਾਂ ਨੂੰ ਨਕਦ ਭੁਗਤਾਨ ਨਹੀਂ ਕਰ ਸਕਦਾ, ਇਹ ਕਾਨੂੰਨ ਦੇ ਵਿਰੁੱਧ ਹੈ। ਉਹ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਡਿਮਾਂਡ ਡਰਾਫਟ ਜਾਂ ਚੈ¤ਕ ਦੇ ਰਾਹੀਂ ਵਾਪਿਸ ਕਰੇ।ਦੂਜੇ ਪਾਸੇ ਅਦਾਲਤ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਸੁਬਰਤੋ ਰਾਏ ਦੇ ਮੂੰਹ ਉ¤ਪਰ ਇੱਕ ਨਾਰਾਜ਼ ਨੌਜਵਾਨ ਨੇ ਕਾਲੀ ਸਿਆਹੀ ਸੁੱਟੀ, ਜਿਸ ਨਾਲ ਉਨ੍ਹਾਂ ਦਾ ਮੂੰਹ ਕਾਲਿਖ ਨਾਲ ਭਰ ਗਿਆ। ਘਟਨਾ ਦੇ ਬਾਅਦ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸਿਆਹੀ ਸੁੱਟਣ ਵਾਲੇ ਨੌਜਵਾਨ ਦੀ ਪਛਾਣ ਮਨੋਜ ਵਜੋਂ ਹੋਈ ਹੈ, ਜਿਹੜਾ ਗਵਾਲੀਅਰ ਦਾ ਰਹਿਣ ਵਾਲਾ ਹੈ।ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਜਾਰੀ ਗੈਰ-ਜਮਾਨਤੀ ਵਾਰੰਟ ਦੇ ਬਾਅਦ 28 ਫਰਵਰੀ ਨੂੰ ਲਖਨਊ ਸਥਿਤ ਉਨ੍ਹਾਂ ਦੇ ਨਿਵਾਸ ਤੋਂ ਸੁਬਰਤੋ ਰਾਏ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਉਥੋਂ ਕੁਝ ਦੂਰੇ ’ਤੇ ਇੱਕ ਵਣ ਵਿਭਾਗ ਦੇ ਗੈਸਟ ਹਾਊਸ ਵਿਖੇ ਰੱਖਿਆ ਗਿਆ ਸੀ, ਜਿੱਥੋਂ ਅੱਜ ਯੂ.ਪੀ. ਪੁਲਿਸ ਉਨ੍ਹਾਂ ਨੂੰ ਦਿੱਲੀ ਲੈ ਕੇ ਆਈ। ਸੁਬਰਤੋ ਰਾਏ ਨੂੰ ਤਕਰੀਬਨ 2.00 ਵਜੇ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਗਿਆ।