ਚੰਡੀਗੜ੍ਹ, 2 ਮਾਰਚ (ਪੀ.ਟੀ.)ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਅਗਲੇ ਦੋ ਸਾਲਾਂ ਦੌਰਾਨ 3600 ਕਰੋੜ ਰੁਪਏ ਨਾਲ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕੀਤੀ ਜਾਵੇਗੀ।ਅੱਜ ਜਾਰੀ ਇਕ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਸੂਬੇ ਭਰ ਵਿਚ ਲੋਕਾਂ ਨੂੰ 100 ਫੀਸਦੀ ਮੁੱਢਲੀਅ੍ਯਾਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਹਿਲੇ ਪੜਾਅ ਤਹਿਤ 52 ਸ਼ਹਿਰਾਂ ਤੇ ਕਸਬਿਆਂ ਦੀ ਚੋਣ ਕੀਤੀ ਗਈ ਹੈ ਜਿੱਥੇ ਪੀਣ ਵਾਲਾ ਸਾਫ ਪਾਣੀ, ਸੀਵਰੇਜ਼, ਕੰਕਰੀਟ ਦੀਅ੍ਯ ਗਲੀਆਂ ਤੇ ਸਟਰੀਟ ਲਾਇਟਾਂ ਲਈ 360 ਕਰੋੜ ਦੀ ਲਾਗਤ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਵਿਕਾਸ ਕਾਰਜਾਂ ਲਈ ਵੱਡੀ ਗਿਣਤੀ ਵਿਚ ਨੀਂਹ ਪੱਥਰ ਰੱਖੇ ਗਏ ਹਨ, ਜੋ ਕਿ 2 ਸਾਲ ਦੌਰਾਨ ਮੁਕੰਮਲ
ਕੀਤੇ ਜਾਣਗੇ। ਇਨ੍ਹਾਂ ਪ੍ਰਾਜੈਕਟਾਂ ਵਿਚ 23 ਸੀਵਰੇਜ਼ ਟ੍ਰੀਟਮੈਂਟ ਪਲਾਂਟ, ਪੇਂਡੂ ਖੇਤਰਾਂ ਵਿਚ ਪੀਣ ਵਾਲੇ ਸਾਫ ਪਾਣੀ ਲਈ ਆਰ.ਓ. ਪਲਾਂਟ,ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਰੇਲਵੇ ਓਵਰ ਬ੍ਰਿਜ, ਬਠਿੰਡਾ ਵਿਖੇ ਨਵਾਂ ਹਾਊਸਿੰਗ ਪ੍ਰਾਜੈਰਟ, ਫਰੀਦਕੋਟ ਤੇ ਬੱਸੀ ਪਠਾਣਾਂ ਵਿਖੇ ਨਵੇਂ ਬੱਸ ਅੱਡੇ, ਕੋਟਕਪੂਰਾ ਵਿਖੇ ਨਵਾਂ ਹਸਪਤਾਲ ਤੇ ਲਗਭਗ ਦਰਜਨ 66 ਕੇ.ਵੀ ਬਿਜਲੀ ਸਬ ਸਟੇਸ਼ਨ ਤੇ ਡਿਗਰੀ ਕਾਲਜ ਸ਼ਾਮਿਲ ਹਨ। ਸ. ਬਾਦਲ ਨੇ ਕਿਹਾ ਕਿ ਦੇਸ਼ ਨੂੰ ਅਨਾਜ ਦੇ ਖੇਤਰ ਵਿਚ ਆਤਮ ਨਿਰਭਰ ਬਣਾਉਣ ਪਿੱਛੋਂ ਹੁਣ ਪੰਜਾਬ ਦੇਸ਼ ਦਾ ਵਾਧੂ ਬਿਜਲੀ ਵਾਲਾ ਪਹਿਲਾ ਸੂਬਾ ਬਣਨ ਦੇ ਨਾਲ-ਨਾਲ ਬਿਹਤਰੀਨ ਸੜਕੀ ਤੇ ਹਵਾਈ ਸੰਪਰਕ ਤੇ ਨਾਗਰਿਕ ਸੇਵਾਵਾਂ ਆਨ ਲਾਇਨ ਮੁਹੱਈਆ ਕਰਵਾਉਣ ਵਿਚ ਮੋਹਰੀ ਹੈ।
ਹਾਲ ਹੀ ਵਿਚ ਕਰਵਾਏ ਗਏ ਨਿਵੇਸ਼ਕ ਸੰਮੇਲਨ ਤੇ ਖੇਤੀ ਸੰਮੇਲਨ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਨਾਲ ਵੱਡੇ ਉਦਯੋਗਿਕ ਘਰਾਣਿਆਂ ਨੇ ਪੰਜਾਬ ਵਿਚ ਨਿਵੇਸ਼ ਕਰਨਾ ਸ਼ੁਰੂ ਕੀਤਾ ਹੈ, ਜਿਸ ਨਾਲ ਉਦਯੋਗੀਕਰਨ ਦੇ ਨਾਲ-ਨਾਲ ਖੇਤੀ ਵਿਭਿੰਨਤਾ ਦੇ ਖੇਤਰ ਵਿਚ ਵੀ ਵੱਡੀ ਪੁਲਾਂਘ ਪੁੱਟੀ ਗਈ ਹੈ।