Skip to content
Independent perspectives. Global stories.
BREAKING

ਮੁੱਖ ਮੰਤਰੀ ਦੀ ਨਿਵੇਕਲੀ ਪਹਿਲ-ਕਦਮੀ ਨਾਲ ਸ਼ੁਰੂ ਹੋਇਆ ‘ਈ-ਲੇਬਰ ਪੰਜਾਬ’ ਪੋਰਟਲ ਸਮੁੱਚੇ ਦੇਸ਼ ਵਿੱਚ ਸਰਵੋਤਮ ਘੋਸ਼ਿਤ

Share this story

ਈ-ਗਵਰਨੈਂਸ ਅਧੀਨ ਮਿਆਰੀ ਸੇਵਾਵਾਂ ਲਈ ਪੋਰਟਲ ਨੂੰ ਮਿਲਿਆ ‘ਸਕੌਚ’ ਐਵਾਰਡ
ਚੰਡੀਗੜ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਪ੍ਰੋਗਰਾਮ ‘ਈ-ਲੇਬਰ ਪੰਜਾਬ’ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਸਕੌਚ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਐਵਾਰਡ ਸਕੌਚ ਗਰੁੱਪ ਦੇ ਚੇਅਰਮੈਨ ਸਮੀਰ ਕੋਛੜ ਵੱਲੋਂ ਸ੍ਰੀ ਸੰਜੇ ਕੁਮਾਰ, ਪ੍ਰਮੁੱਖ ਸਕੱਤਰ ਕਿਰਤ ਨੂੰ ਨਵੀਂ ਦਿੱਲੀ ਵਿਖੇ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ। ਸਕੌਚ ਗਰੁੱਪ ਵੱਲੋਂ ਇਹ ਰਾਸ਼ਟਰੀ ਪੱਧਰ ਦਾ ਐਵਾਰਡ ਹਰ ਸਾਲ ਮਾਹਿਰਾਂ ਵੱਲੋਂ ਪੂਰੀ ਤਰਾਂ ਤਫਤੀਸ਼ ਕਰ ਕੇ ਅਤੇ ਭਾਰਤ ਦੇ ਨਾਗਰਿਕਾਂ ਵੱਲੋਂ ਵੋਟਾਂ ਦੇ ਆਧਾਰ ‘ਤੇ ਦਿੱਤਾ ਜਾਂਦਾ ਹੈ। ਉਨਾਂ ਅੱਗੇ ਦੱਸਿਆ ਕਿ ਸਾਲ 2018 ਵਿੱਚ ਪੂਰੇ ਦੇਸ਼ ਵਿੱਚੋਂ 3200 ਤੋਂ ਜਿਆਦਾ ਵੱਖ-ਵੱਖ ਸ਼੍ਰੇਣੀਆਂ ਦੇ ਪ੍ਰਾਜੈਕਟ ਇਹ ਐਵਾਰਡ ਹਾਸਲ ਕਰਨ ਦੀ ਹੋੜ ਵਿੱਚ ਸਨ ਅਤੇ ਇਸ ਸਾਲ ਪੰਜਾਬ ਅਤੇ ਆਂਧਰਾ ਪ੍ਰਦੇਸ਼ ਦਰਮਿਆਨ ਐਵਾਰਡ ਲਈ ਫਸਵਾਂ ਮੁਕਾਬਲਾ ਸੀ। ਜਿਕਰਯੋਗ ਹੈ ਕਿ ਨਵੰਬਰ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਈ-ਲੇਬਰ ਪੰਜਾਬ ਦੇ ਪੋਰਟਲ @https://pblabour.gov.in ਨੂੰ ਸਮੁੱਚੇ ਦੇਸ਼ ਵਿੱਚੋਂ ਵਧੀਆ ਕਾਰਗੁਜਾਰੀ ਲਈ ਸਰਵੋਤਮ ਪੋਰਟਲ ਵਜੋਂ ਪੁਰਸਕ੍ਰਿਤ ਕੀਤਾ ਗਿਆ ਹੈ। ਇਹ ਪੋਰਟਲ ਕਿਰਤ ਵਿਭਾਗ ਅਤੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐਨ.ਆਈ.ਸੀ.) ਪੰਜਾਬ ਵੱਲੋਂ ਤਿਆਰ ਕੀਤਾ ਗਿਆ ਸੀ ਤਾਂ ਜੋ ਸਰਕਾਰ, ਉਦਯੋਗ, ਵਪਾਰਕ ਸੰਸਥਾਵਾਂ ਅਤੇ ਕਿਰਤੀਆਂ ਦੇ ਆਪਸੀ ਤਾਲਮੇਲ ਨੂੰ ਕਾਗਜ਼ ਰਹਿਤ ਕੀਤਾ ਜਾ ਸਕੇ।ਪ੍ਰਾਜੈਕਟ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੰਜੇ ਕੁਮਾਰ ਨੇ ਦੱਸਿਆ ਕਿ ਇਸ ਪੋਰਟਲ ਦੁਆਰਾ ਵਰਤੋਂਕਾਰਾਂ ਲਈ ਕਈ ਚੀਜਾਂ ਨੂੰ ਸਰਲ ਬਣਾ ਕੇ ਪੇਸ਼ ਕੀਤਾ ਗਿਆ ਤਾਂ ਜੋ ਬਿਨਾਂ ਕਿਸੇ ਪਰੇਸ਼ਾਨੀ ਤੋਂ ਬਿਨੈਕਾਰ ਮਿੱਥੇ ਹੋਏ ਨਤੀਜੇ ਅਤੇ ਸੇਵਾਵਾਂ ਹਾਸਲ ਕਰ ਸਕਣ। ਇਹ ਪੋਰਟਲ ਬਿਨੈਕਾਰਾਂ ਨੂੰ ਸੈਲਫ ਸਰਟੀਫਿਕੇਸ਼ਨ ਅਤੇ ਉਦਯੋਗਾਂ ਨੂੰ ਆਨਲਾਈਨ ਕੰਪਲਾਇੰਸ ਰਿਪੋਰਟ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਇਸ ਪੋਰਟਲ ਦੁਆਰਾ ਕਿਰਤੀਆਂ ਦੀ ਆਨਲਾਈਨ ਰਜਿਸਟਰੇਸ਼ਨ ਵੀ ਕੀਤੀ ਜਾ ਸਕਦੀ ਹੈ ਜਿਸ ਨਾਲ ਉਨਾਂ ਨੂੰ ਸਰਕਾਰੀ ਕਿਰਤ ਭਲਾਈ ਸਕੀਮਾਂ ਦਾ ਸਿੱਧੇ ਤੌਰ ‘ਤੇ ਫਾਇਦਾ ਮਿਲ ਸਕੇ।

WRITTEN BY