ਨਵੀਂ ਦਿੱਲੀ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉਦਯੋਗ ਸਮੂਹਾਂ ਨੂੰ ਕਿਹਾ ਹੈ ਕਿ ਉਹ ਛੋਟੇ ਤੇ ਦਰਮਿਆਨੇ ਉਦਯੋਗਿਕ ਉਦਮੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸੁਝਾਅ ਪੇਸ਼ ਕਰਨ ਤੇ ਉਨ੍ਹਾਂ ਦੇ ਸਮੂਹਿਕ ਵਿਕਾਸ ਲਈ ਸਹਿਯੋਗ ਦੇਣ ਤਾਂ ਜੋ ਢੁੱਕਵੀਂ ਨੀਤੀ ਘੜੀ ਜਾ ਸਕੇ। ਪ੍ਰਧਾਨ ਮੰਤਰੀ ਨੇ ਅੱਜ ਇੱਥੇ ਲਘੂ ਉਦਯੋਗਾਂ ਦੇ ਪੁਰਸਕਾਰ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛੋਟੇ ਤੇ ਦਰਮਿਆਨੇ ਉਦਯੋਗਾਂ ਦੀ ਦੇਸ਼ ਦੇ ਅਰਥਚਾਰੇ ’ਚ ਮਹੱਤਵਪੂਰਨ ਭੂਮਿਕਾ ਹੈ ਤੇ ਇਨ੍ਹਾਂ ਨੇ 10 ਕਰੋੜ ਤੋਂ ਵਧੇਰੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨ ਤਦ ਹੀ ਕਾਮਯਾਬ ਹੋ ਸਕਦੇ ਹਨ ਜਦ ਇਸ ’ਚ ਨਿੱਜੀ ਖੇਤਰ ਤੇ ਨਾਗਰਿਕਾਂ ਦੀ ਸ਼ਮੂਲੀਅਤ ਹੋਵੇ। ਉਨ੍ਹਾਂ ਭਾਰਤੀ ਉਦਯੋਗ ਸੰਘਾਂ ਤੇ ਹੋਰ ਇਕਾਈਆਂ ਨੂੰ ਅਪੀਲ ਕੀਤੀ ਕਿ ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਵਿਕਾਸ ’ਚ ਆ ਰਹੀਆਂ ਦਿੱਕਤਾਂ ਦੇ ਨਿਪਟਾਰੇ ਲਈ ਨਵੇਂ ਵਿਚਾਰ ਤੇ ਹੱਲ ਪੇਸ਼ ਕਰਨ ਤਾਂ ਜੋ ਉਦਯੋਗਿਕ ਖੇਤਰ ਦਾ ਸਮੂਹਿਕ ਰੂਪ ’ਚ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਖੇਤਰ ਦਾ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਆਰ.) ’ਚ 8 ਫੀਸਦੀ ਦਾ ਯੋਗਦਾਨ ਹੈ। ਵਿਸ਼ਵੀਕਰਨ ਦੇ ਜੋ ਮੌਕੇ ਸਾਹਮਣੇ ਆ ਰਹੇ ਹਨ, ਉਨ੍ਹਾਂ ਤੋਂ ਲਾਹਾ ਲੈਣ ਦਾ ਸੁਨਹਿਰੀ ਮੌਕਾ ਇਸ ਖੇਤਰਾਂ ਦੇ ਉਦਮੀਆਂ ਕੋਲ ਹੀ ਹੈ।