ਅੰਮ੍ਰਿਤਸਰ, 18 ਜੂਨ (ਗੁਰਪ੍ਰੀਤ ਸਿੰਘ ਮਾਨ)-1984 ਦੇ ਤੀਜੇ ਘੱਲੂਘਾਰੇ ‘ਚ ਜਾਬਰ ਹਿੰਦੂ ਸਾਮਰਾਜ ਨੂੰ ਸਿਧਾਂਤਕ ਚੁਣੌਤੀ ਅਤੇ ਹਥਿਆਰਬੰਦ ਟੱਕਰ ਦੇ ਕੇ ਸਿੱਖ ਧਰਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਕੌਮ ਦੀ ਅਜ਼ਾਦ ਪ੍ਰਭੂਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਕਰਦਿਆਂ ਜੂਝਦੇ ਹੋਏ ਸ਼ਹੀਦ ਹੋਏ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਨਰਲ ਸੁਬੇਗ ਸਿੰਘ, ਡਰਾਇਵਰ ਭਾਈ ਦਾਰਾ ਸਿੰਘ ਪੂਨੀਆਂ, ਭੁਝੰਗੀ ਬਚਿੱਤਰ ਸਿੰਘ, ਭਾਈ ਮੇਜਰ ਸਿੰਘ ਨਾਗੋਕੇ, ਭਾਈ ਗੁਰਮੁਖ ਸਿੰਘ ਡੂੰਮਣੀ, ਭਾਈ ਕੁਲਵੰਤ ਸਿੰਘ ਮਾਹਣੇਕੇ, ਭਾਈ ਦਲਜੀਤ ਸਿੰਘ ਬਿੱਲੂ, ਭਾਈ ਤਰਲੋਚਨ ਸਿੰਘ ਬਾਸਰਕੇ ਅਤੇ ਸਮੂਹ ਸਿੰਘਾਂ-ਸਿੰਘਣੀਆਂ ਦਾ 34ਵਾਂ ਸ਼ਹੀਦੀ ਦਿਹਾੜਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਵੱਲੋਂ ਗੁ. ਬਾਬੇ ਸ਼ਹੀਦਾਂ, ਪਿੰਡ ਬਹਾਦਰ ਨਗਰ, ਜਿਲ੍ਹਾ ਤਰਨ ਤਾਰਨ ਵਿਖੇ ਪੂਰੇ ਖ਼ਾਲਸਾਈ ਸ਼ਾਨੌ-ਸ਼ੋਕਤ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਸੁਖਦੇਵ ਸਿੰਘ ਮਾਹਣੇਕੇ ਦੇ ਰਾਗੀ ਜੱਥੇ ਨੇ ਧੁਰ ਕੀ ਬਾਣੀ ਦੇ ਕੀਰਤਨ ਅਤੇ ਪੰਥ ਪ੍ਰਸਿੱਧ ਭਾਈ ਨਿਸ਼ਾਨ ਸਿੰਘ ਝਬਾਲ ਦੇ ਕਵੀਸ਼ਰੀ ਜਥੇ ਨੇ ਜੋਸ਼ੀਲੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ‘ਚ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਸਪੁੱਤਰ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਰਾਤਾ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖ਼ਾਲਿਸਤਾਨੀ ਚਿੰਤਕ ਪੰਥਕ ਲਿਖਾਰੀ ਅਤੇ ਦਲ ਖ਼ਾਲਸਾ ਦੇ ਆਗੂ ਭਾਈ ਸਰਬਜੀਤ ਸਿੰਘ ਘੁਮਾਣ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਮਲਕੀਤ ਸਿੰਘ ਖ਼ਾਲਸਾ, ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਆਦਿ ਨੇ ਵਿਚਾਰਾਂ ਦੀ ਸਾਂਝ ਪਾਈ।
ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜੂਨ ’84 ਦੇ ਸ਼ਹੀਦਾਂ ਦੀ ਯਾਦ ’ਚ ਸਮਾਗਮ



