ਤਲਵੰਡੀ ਸਾਬੋ, 18 ਜੂਨ (ਰਾਮ ਰੇਸ਼ਮ ਸ਼ਰਨ)- ਗਰੀਬ ਵਰਗ ਦੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਮੁਫਤ ਦੇਣ,ਪਲਾਟਾਂ ਦੇ ਘਰ ਬਣਾਉਣ ਲਈ ਤਿੰਨ ਲੱਖ ਰੁਪਏ ਤੱਕ ਦੀ ਗ੍ਰਾਂਟ ਦੇਣ, ਮਨਰੇਗਾ ਤਹਿਤ ਮਜਦੂਰਾਂ ਦੀ ਦਿਹਾੜੀ 600 ਰੁਪਏ ਕਰਨ, ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਦੇ ਲੋਕਾਂ ਦੀ 200 ਯੁਨਿਟ ਬਿਜਲੀ ਮਾਫੀ ਜੋ ਵਾਪਿਸ ਲੈ ਲਈ ਗਈ ਹੈ ਨੂੰ ਮੁੜ ਬਹਾਲ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਅੱਜ ਮਜਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾ.ਭਗਵੰਤ ਸਿੰਘ ਸਮਾਂਉ ਦੀ ਅਗਵਾਈ ਵਿੱਚ ਵਰਕਰਾਂ ਨੇ ਦਲਿਤ ਜਗਾਉ,ਸੰਵਿਧਾਨ ਬਚਾਉ,ਅਧਿਕਾਰ ਬਚਾਉ ਮੁਹਿੰਮ ਤਹਿਤ ਸਥਾਨਕ ਐਸ.ਡੀ.ਐਮ ਦਫਤਰ ਅੱਗੇ ਰੋਸ ਧਰਨਾ ਦਿੱਤਾ। ਕਾ.ਸਮਾਂਉ ਨੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਲੋਕਾਂ ਤੇ ਖਾਸ ਕਰਕੇ ਦਲਿਤਾਂ ਤੇ ਗਰੀਬ ਵਰਗ ਦੇ ਲੋਕਾਂ ਨੂੰ ਉਨਾਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਪਾਉਣ ਦੇ ਝੂਠੇ ਸੁਪਨੇ ਦਿਖਾ ਕੇ ਸੱਤਾ ਹਥਿਆ ਲਈ ਜਦੋਂਕਿ ਸਰਕਾਰ ਬਨਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਤੋਂ ਪਹਿਲਾਂ ਦਲਿਤਾਂ/ਗਰੀਬਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ।ਉਨਾਂ ਨੇ ਸੂਬੇ ਦੀ ਕੈਪਟਨ ਸਰਕਾਰ ਨੂੰ ਵੀ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਸਰਕਾਰ ਨੇ ਵੀ ਗਰੀਬਾਂ ਦਾ ਨੁਕਸਾਨ ਕੀਤਾ ਹੈ ਤੇ ਗਰੀਬ ਲੋਕਾਂ ਨੂੰ ਮੁਫਤ ਬਿਜਲੀ ਦੇਣ ਲਈ ਲਾਏ ਗਏ ਮੀਟਰ ਪੁੱਟ ਲਏ ਗਏ ਹਨ।ਉਨਾਂ ਜਿੱਥੇ ਉਕਤ ਮੀਟਰ ਦੁਬਾਰਾ ਲਾਉਣ ਦੀ ਮੰਗ ਕੀਤੀ ਉਥੇ ਆਰਥਿਕ ਪੱਖੋਂ ਕਮਜੋਰ ਲੋਕਾਂ ਦੇ ਘਰਾਂ ਵਿੱਚ ਪਖਾਨੇ ਬਣਾਉਣ, ਬੁਢਾਪਾ, ਵਿਧਵਾ, ਅੰਗਹੀਨ ਪੈਨਸ਼ਨ ਘੱਟੋ ਘੱਟ ਪੰਜ ਹਜਾਰ ਰੁਪਏ ਮਹੀਨਾ ਕਰਨ ਦੀ ਮੰਗ ਵੀ ਕੀਤੀ। ਸਮਾਂਉ ਨੇ ਕਿਹਾ ਕਿ ਤੇਲ ਦੀਆਂ ਵਧ ਰਹੀਆਂ ਕੀਮਤਾਂ ਤੇ ਧਰਨੇ ਦੇ ਰਹੇ ਕਾਂਗਰਸੀ ਹੁਣ ਆਪਣੀ ਸਰਕਾਰ ਵਿੱਚ ਸੂਬੇ ਵੱਲੋਂ ਲੱਗਦੇ ਤੇਲ ਤੇ ਟੈਕਸ ਵਿੱਚ ਕਟੌਤੀ ਕਰਕੇ ਵੀ ਲੋਕਾਂ ਨੁੂੰ ਰਾਹਤ ਦੇ ਸਕਦੇ ਨੇ। ਇਸ ਮੌਕੇ ਉਨ੍ਹਾਂ ਨੇ ਮੰਗਾਂ ਸਬੰਧੀ ਇੱਕ ਮੰਗ ਪੱਤਰ ਐਸ.ਡੀ.ਐਮ ਸ੍ਰੀ ਬਰਿੰਦਰ ਕੁਮਾਰ ਨੂੰ ਭੇਂਟ ਕੀਤਾ। ਧਰਨੇ ਮੌਕੇ ਬਲਾਕ ਪ੍ਰਧਾਨ ਬਲਕਰਨ ਬਹਿਮਣ, ਜਗਸੀਰ ਸਿੰਘ ਤਿਉਣਾ, ਮਲਕੀਤ ਸਿੰਘ, ਮੱਖਣ ਸਿੰਘ ਨਵਾਂ ਪਿੰਡ, ਸੁਖਦੇਵ ਸਿੰਘ ਲਹਿਰੀ, ਮੁਖਤਿਆਰ ਕੌਰ ਸੁਖਲੱਧੀ, ਨੈਬ ਸਿੰਘ ਬਹਿਮਣ ਆਦਿ ਹਾਜ਼ਰ ਸਨ।
ਮਜ਼ਦੂਰਾਂ ਦੀਆਂ ਮੰਗਾਂ ਲਈ ਮਜ਼ਦੂਰ ਮੁਕਤੀ ਮੋਰਚਾ ਨੇ ਐਸ.ਡੀ.ਐਮ ਦਫਤਰ ਅੱਗੇ ਧਰਨਾ, ਮੰਗ ਪੱਤਰ ਸੌਂਪਿਆ



