May 30, 2026 4:59 am

ਮਾਤਾ ਗੁਜਰੀ ਕਾਲਜ ਵੱਲੋਂ ਉਨਤ ਭਾਰਤ ਮੁਹਿੰਮ ਅਧੀਨ ਪੰਜ ਪਿੰਡਾਂ ਦਾ ਸਰਵੇਖਣ

ਫਤਹਿਗੜ੍ਹ ਸਾਹਿਬ, 14 ਜੂਨ (ਪੰਜਾਬ ਟਾਇਮਜ਼ ਬਿਊਰੋ)-ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੋਂ ਪਿੰਡਾਂ ਦੇ ਸਰਵਪੱਖੀ ਅਤੇ ਚਿਰੰਜੀਵੀ ਵਿਕਾਸ ਲਈ ਸ਼ੁਰੂ ਕੀਤੀ ਗਈ ਨਵੀਂ ਸਕੀਮ ਉਨਤ ਭਾਰਤ ਅਭਿਆਨ ਤਹਿਤ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਦਾ ਸਰਵੇ ਕੀਤਾ। ਵਿਦਿਆਰਥੀਆਂ ਨੇ ਜਿਲ੍ਹੇ ਦੇ ਪੰਜ ਪਿੰਡਾਂ ਸਿੱਧਵਾਂ, ਪੰਜੋਲੀ ਕਲਾਂ,ਧੂੰਦਾਂ,ਭੈਰੋਪੁਰ ਅਤੇ ਜਖਵਾਲੀ ਵਿਖੇ ਹਰੇਕ ਘਰ ਵਿੱਚ ਜਾ ਕੇ ਅੰਕੜੇ ਇੱਕਤਰ ਕੀਤੇ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਵਿਦਿਆਰਥੀਆ ਨੇ ਪੇਂਡੂ ਲੋਕਾਂ ਦੇ ਸਨਮੁੱਖ ਦਰਪੇਸ਼ ਸਮੱਸਿਆਵਾਂ ਨੂੰ ਸਮਝਣ ਦਾ ਯਤਨ ਕੀਤਾ। ਵਿਦਿਆਰਥੀਆਂ ਨੇ ਪਿੰਡਾਂ ਦੇ ਲੋਕਾਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ, ਸਵੱਛਤਾ, ਨਿਰੋਗਤਾ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਤੋਂ ਲਾਭ ਲੈਣ ਲਈ ਉਤਸ਼ਾਹਿਤ ਕੀਤਾ। ਜੌਗਰਫੀ ਵਿਭਾਗ ਦੇ ਮੁਖੀ ਪ੍ਰੋ. ਅਨੁਪ੍ਰੀਤ ਸਿੰਘ ਟਿਵਾਣਾ ਨੇ ਕਿਹਾ ਕਿ ਉਨਤ ਭਾਰਤ ਅਭਿਆਨ ਅਧੀਨ ਪਿੰਡਾਂ ਵਿੱਚ ਟਿਕਾਊ ਅਤੇ ਹਰੇ ਵਿਕਾਸ ਨੂੰ ਪ੍ਰਫੁਲਿਤ ਕਰਕੇ ਸਵੈ-ਨਿਰਭਰ ਬਣਾਉਣ ਦਾ ਯਤਨ ਕੀਤਾ ਜਾਵੇਗਾ। ਵਿਦਿਆਰਥੀਆਂ ਵਲੋਂ ਭਵਿੱਖ ਵਿੱਚ ਪਿੰਡਾਂ ਦੀਆਂ ਸਥਾਨਿਕ ਸਮੱਸਿਆਵਾਂ ਨੂੰ ਸਮਝਣ ਉਪਰੰਤ ਤਕਨੀਕੀ ਹੱਲ ਕੱਢਿਆ ਜਾਵੇਗਾ। ਉਨਤ ਭਾਰਤ ਅਭਿਆਨ ਅਧੀਨ ਭਾਰਤ ਸਰਕਾਰ ਵਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਮਾਜਿਕ ਅਤੇ ਆਰਥਿਕ ਸਰਵੇਖਣ ਵਿੱਚ ਪ੍ਰੋ. ਤਰਨਪ੍ਰੀਤ ਕੌਰ, ਡਾ. ਸਤਨਾਮ ਸਿੰਘ, ਪ੍ਰੋ. ਜੋਗਾ ਸਿੰਘ, ਡਾ. ਨਵਜੀਤ ਕੌਰ, ਪ੍ਰੋ. ਹਰਸਿਮਰਨ ਸਿੰਘ, ਡਾ. ਇੰਦਰਜੀਤ ਸਿੰਘ ਅਤੇ ਪ੍ਰੋ. ਅਵਨੀਤ ਕੌਰ ਨੇ ਅਹਿਮ ਯੋਗਦਾਨ ਪਾਇਆ। ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰ ਸੱਜਣਾਂ ਨੇ ਵਿਦਿਆਰਥੀਆਂ ਨੂੰ ਭਰਪੂਰ ਸਹਿਯੋਗ ਪ੍ਰਦਾਨ ਕੀਤਾ।

Send this to a friend