May 29, 2026 11:32 pm

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚੱਲ ਰਹੇ ਦੋਆਬਾ ਜੋਨ ਦੇ ਗੁਰਬਾਣੀ ਪਾਠ ਬੋਧ ਸਮਾਗਮ ਸਮਾਪਤ

ਪਾਠ ਬੋਧ ਸਮਾਗਮਾਂ ਦੀ ਲੜੀ ਨਿਰੰਤਰ ਜਾਰੀ ਰਹੇਗੀ : ਭਾਈ ਗੋਬਿੰਦ ਸਿੰਘ ਲੌਗੋਂਵਾਲ

ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਦਵਿੰਦਰਪਾਲ ਸਿੰਘ, ਅੰਕੁਸ਼)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ 23 ਅਪ੍ਰੈਲ ਤੋਂ ਆਰੰਭ ਹੋਏ ਦੋਆਬਾ ਜੋਨ ਦੇ ਗੁਰਬਾਣੀ ਪਾਠ ਬੋਧ ਸਮਾਗਮ ਦੀ ਸਮਾਪਤੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ। ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਵਿਚ ਸੰਬੋਧਨ ਕਰਦੇ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ, ਗੁਰਬਾਣੀ ਦਾ ਸਹੀ ਅਰਥਾਂ ਵਿੱਚ ਗਿਆਨ ਪ੍ਰਾਪਤ ਕਰਨ ਲਈ ਅੱਜਿਹੇ ਸਮਾਗਮਾਂ ਦੀ ਜਰੂਰਤ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਪਾਠ ਬੋਧ ਸਮਾਗਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਾਲਾਘਾਯੋਗ ਉਪਰਾਲਾ ਹੈ। ਸਾਨੂੰ ਇਹਨਾਂ ਉਪਰਾਲਿਆਂ ਦਾ ਲਾਹਾ ਲੈਣਾ ਚਾਹੀਦਾ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਂਵਾਲ ਨੇ ਕਿਹਾ ਕਿ ਗ੍ਰੰਥੀ ਅਤੇ ਪਾਠੀ ਸਿੰਘਾਂ ਦੇ ਉਤਸ਼ਾਹ ਨੂੰ ਦੇਖਦਿਆਂ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਨਿਰੰਤਰ ਚੱਲਦੀ ਰਹੇਗੀ। ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਦੋਆਬਾ ਜੋਨ ਦਾ ਦੂਸਰਾ ਪਾਠ ਬੋਧ ਸਮਾਗਮ ਲੁਧਿਆਣਾ ਵਿਖੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਹੋਵੇਗਾ ਅਤੇ ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚ ਵੀ ਸਮਾਗਮ ਕਰਵਾਏ ਜਾਣਗੇ। ਉਹਨਾਂ ਗ੍ਰੰਥੀ ਸਿੰਘਾ ਨੂੰ ਅਪੀਲ ਕੀਤੀ ਕਿ ਉਹ ਚੰਗੇ ਪ੍ਰਚਾਰਕਾਂ ਵੱਜੋਂ ਵਿਚਰ ਕੇ ਗੁਰੂ ਸੰਦੇਸ਼ ਨੂੰ ਘਰ-ਘਰ ਪਹੁੰਚਾਣ ਅਤੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਨ। ਇਸ ਮੌਕੇ ਪ੍ਰਿਤਪਾਲ ਸਿੰਘ ਪਾਲੀ ਮਂੈਬਰ ਧਰਮ ਪ੍ਰਚਾਰ ਕਮੇਟੀ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ, ਭਾਈ ਅਮਰਜੀਤ ਸਿੰਘ ਚਾਵਲਾ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਉਪਰੰਤ ਭਾਈ ਸਿਮਰਪ੍ਰੀਤ ਸਿੰਘ ਹਜੂਰੀ ਰਾਗੀ ਜਥਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਰਸਭਿਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿੱਚ 178 ਗ੍ਰੰਥੀ ਅਤੇ ਪਾਠੀ ਸਿੰਘਾ ਨੂੰ ਸਨਮਾਨ ਚਿੰਨ, ਸਰਟੀਫਿਕੇਟ ਅਤੇ ਹਰ ਇੱਕ ਨੂੰ 5100-5100 ਰੁਪਏ ਦੇ ਕੇ ਸਨਮਾਨਤ ਵੀ ਕੀਤਾ ਗਿਆ ਅਤੇ ਕੈਂਪ ਵਿਚ ਕੁਲ੍ਹ 314 ਸਿੱਖਿਆਰਥੀਆਂ ਨੇ ਭਾਗ ਲਿਆ। ਸਮਾਗਮ ਮੌਕੇ ਇੰਚਾਰਜ ਪ੍ਰਿੰਸੀਪਲ ਗੁਰਭਾਗ ਸਿੰਘ ਨੂੰ ਉਹਨਾਂ ਦੀਆਂ ਵਿਸ਼ੇਸ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ। ਬਾਬਾ ਬੁੱਢਾ ਜੀ ਗ੍ਰੰਥੀ ਸਭਾ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਵੀ ਮੇਹਰ ਸਿੰਘ ਦੀ ਅਗਵਾਈ ਹੇਠ ਗੁਰਭਾਗ ਸਿੰਘ ਦਾ ਸਨਮਾਨ ਕੀਤਾ ਗਿਆ। ਸਟੇਜ ਦੀ ਸੇਵਾ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਨਿਭਾਈ। ਸਮਾਗਮ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈਡਗ੍ਰੰਥੀ ਗਿਆਨੀ ਫੂਲਾ ਸਿੰਘ, ਪਰਮਜੀਤ ਸਿੰਘ ਲੱਖੇਵਾਲ, ਬੀਬੀ ਰਣਜੀਤ ਕੌਰ, ਚਰਨਜੀਤ ਸਿੰਘ ਕਾਲੇਵਾਲ, ਦਲਜੀਤ ਸਿੰਘ ਭਿੰਡਰ ਸਾਰੇ ਮੈਂਬਰ ਸ੍ਰੋਮਣੀ ਕਮੇਟੀ, ਡਾ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਦੋਆਬਾ ਜੋਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ, ਦਰਸ਼ਨ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ, ਮੈਨੇਜਰ ਜਸਬੀਰ ਸਿੰਘ, ਸੂਚਨਾਂ ਅਫਸਰ ਹਰਦੇਵ ਸਿੰਘ, ਪ੍ਰਿੰ: ਜਸਵੀਰ ਸਿੰਘ ਖਾਲਸਾ ਕਾਲਜ, ਦਵਿੰਦਰ ਸਿੰਘ ਸਾਬਕਾ ਮੁੱਖ ਇੰਜੀਨੀਅਰ, ਭੁਪਿੰਦਰ ਸਿੰਘ ਗਾਈਡ, ਕਿਸ਼ੋਰ ਸਿੰਘ ਬੰਗੜ, ਇੰਦਰਪਾਲ ਸਿੰਘ ਚੱਡਾ ਰੋਪੜ, ਰਵਿੰਦਰ ਸਿੰਘ ਖੇੜਾ, ਰਣਬੀਰ ਸਿੰਘ ਕਲੋਤਾ, ਲਵਪ੍ਰੀਤ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਰਸ਼ਮੀਤ ਸਿੰਘ ਪ੍ਰਚਾਰਕ, ਬਾਬਾ ਰਵਿੰਦਰ ਸਿੰਘ ਆਦਿ ਹਾਜ਼ਰ ਸਨ।

Send this to a friend