ਮਾਮਲਾ ਸਸਤਾ ਰਾਸ਼ਨ ਜਾਰੀ ਕਰਨ ਦਾ
ਸੰਗਰੂਰ, 28 ਫਰਵਰੀ (ਹਰਿੰਦਰਪਾਲ ਖਾਲਸਾ)-ਗਰੀਬਾਂ ਲਈ ਸਸਤਾ ਰਾਸ਼ਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਲੋਕ ਸਭਾ ਪਟਿਆਲਾ ਦੇ ਇਚਾਰਜ ਬੀਬੀ ਪੂਨਮ ਕਾਂਗੜਾ ਦੀ ਅਗਵਾਈ ਹੇਠ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਾਲੇ ਚੋਲੇ ਅਤੇ ਹੱਥਾਂ ਵਿੱਚ ਕਾਲੇ ਝੰਡੇ ਫੜ੍ਹ ਵਿਰੋਧ ਕਰਨ ਜਾ ਰਹੇ ਯੂਥ ਕਾਂਗਰਸੀਆਂ ਦੀ ਭਿਣਕ ਲਗਦਿਆਂ ਹੀ ਥਾਣਾ ਸਿਟੀ ਦੇ ਇੰਚਾਰਜ ਹਰਿੰਦਰ ਸਿੰਘ ਨੇ ਭਾਰੀ ਪੁਲਿਸ ਪਾਰਟੀ ਨਾਲ ਲੈ ਕੇ ਸਥਾਨਿਕ ਰੇਲਵੇ ਚੌਕ ਵਿਖੇ ਬੀਬੀ ਪੂਨਮ ਕਾਂਗੜਾ ਸਮੇਤ ਕਰੀਬ 3 ਦਰਜਨ ਯੂਥ ਕਾਂਗਰਸੀਆਂ ਨੂੰ ਦਬੋਚ ਲਿਆ, ਜਦ ਕਿ ਬਾਕੀ ਯੂਥ ਕਾਂਗਰਸੀ ਉਥੋਂ ਚਕਮਾ ਦੇ ਕੇ ਤਿੱਤਰ-ਬਿੱਤਰ ਹੋ ਗਏ। ਗ੍ਰਿਫਤਾਰ ਕੀਤੇ ਕਾਂਗਰਸੀਆਂ ਨੂੰ ਪੁਲਿਸ ਵੱਲੋਂ ਇੱਕ ਨਿੱਜੀ ਬੱਸ
ਰਾਹੀਂ ਬਾਜ਼ਾਰਾਂ ਵਿੱਚੋਂ ਦੀ ਘੁਮਾਉਂਦਿਆਂ ਥਾਣਾ ਸਿਟੀ ਵਿੱਚ ਬੰਦ ਕੀਤਾ ਗਿਆ ਅਤੇ ਸੁਖਬੀਰ ੁਬਾਦਲ ਦੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਰਿਹਾਅ ਕਰ ਦਿੱਤਾ। ਰੋਹ ਵਿੱਚ ਆਏ ਯੂਥ ਕਾਂਗਰਸੀਆਂ ਵੱਲੋਂ ਸ਼ਹਿਰ ਦੇ ਮੁੱਹਲਿਆਂ ਅਤੇ ਬਾਜ਼ਾਰਾਂ ਵਿੱਚ ਸੁਖਬੀਰ ਬਾਦਲ ਅਤੇ ਪੰਜਾਬ ਸਰਕਾਰ ਦੇ ਵਿਰੁਧ ਜੰਮ ਕੇ ਨਾਅਰੇਬਾਜੀ ਕਰਦਿਆਂ ਆਪਣੀ ਭੜਾਸ ਕੱਢੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਕਾਂਗੜਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇੱਕ ਨੰਬਰ ਦੇ ਝੂਠੇ ਹਨ ਜਿਨ੍ਹਾਂ ਵੱਲੋਂ ਕੀਤਾ ਗਿਆ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਸਾਥੀਆਂ ਸਮੇਤ ਸਸਤਾ ਰਾਸ਼ਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸਥਾਨਿਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕੀਤੀ ਗਈ ਸੀ, ਜੋ ਲਗਾਤਾਰ ਤਕਰੀਬਨ 100 ਘੰਟੇ ਚਲੀ, ਜਿਸ ਨੂੰ ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਰਵਰੀ ਦੇ ਵਿੱਚ ਮੰਗ ਪੂਰੀ ਕਰਨ ਦਾ ਵਿਸਵਾਸ਼ ਦਵਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਖੁਲਵਾਈ ਗਈ ਸੀ ਪ੍ਰੰਤੂ ਫਰਵਰੀ ਅੱਜ ਖਤਮ ਹੋ ਗਿਆ ਹੈ, ਅਜੇ ਤੱਕ ਗਰੀਬਾਂ ਨੂੰ ਸਸਤਾ ਰਾਸ਼ਨ ਜਾਰੀ ਨਹੀਂ ਕੀਤਾ ਗਿਆ। ਬੀਬੀ ਕਾਂਗੜਾ ਨੇ ਕਿਹਾ ਕਿ ਉਹ ਅਜਿਹੀਆਂ ਗ੍ਰਿਫਤਾਰੀਆਂ ਦੀ ਕੋਈ ਪ੍ਰਵਾਹ ਨਹੀਂ ਕਰਦੇ। ਰਾਹੁਲ ਗਾਂਧੀ ਦੇ ਸਿਪਾਹੀ ਗਰੀਬਾਂ ਦੇ ਹੱਕ ਲਈ ਮਰਦੇ ਦਮ ਤੱਕ ਲੜਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਲਖਮੀਰ ਸਿੰਘ ਸੇਖੋ, ਰਜੀਵ ਜਿਦਲ, ਸਕਤੀਜੀਤ ਸਿੰਘ, ਅਨਿਲ ਕੁਮਾਰ, ਠਾਕੁਰ ਦਾਸ ਲੱਡਾ ਕੋਠੀ, ਤਾਰੀ ਸੇਰੋ, ਸੁਖਬੀਰ ਸਿੰਘ ਕਸਬਾ ਭਰਾਲ, ਗੁਰਦੇਵ ਸਿੰਘ ਲਿਦੜਾ, ਜਗਦੇਵ ਸਿੰਘ, ਰੂਪ ਸਿੰਘ ਧਾਲੀਵਾਲ, ਦਰਸਨ ਸਿੰਘ ਕਾਗੜਾ, ਲੱਖਾ ਗਡੂਆ, ਵਿਜੈ, ਦੀਪੂ, ਬੀਬੀ ਅਜਮੇਰ ਕੌਰ ਤੋਂ ਇਲਾਵਾ ਭਾਰੀ ਗਿਣਤੀ ਯੂਥ ਕਾਂਗਰਸੀ ਹਾਜ਼ਰ ਸਨ।