ਸਾਦਿਕ, 10 ਜੂਨ (ਗੁਲਜ਼ਾਰ ਮਦੀਨਾ)-ਵਿਦੇਸ਼ਾਂ ਦੀ ਧਰਤੀ ਕੈਨੇਡਾ ਵਿਖੇ ਉਚ ਵਿਦਿਆ ਹਾਸਲ ਕਰਨ ਲਈ ਗਏ ਮੰਡੀ ਅਹਿਮਦਗੜ ਦੇ 23 ਸਾਲਾ ਨੌਜਵਾਨ ‘ਹੈਦਰ ਅਲੀ’ ਦੀ ਪਿਛਲੇ ਦਿਨੀਂ ਆਪਣੇ ਰਿਹਾਇਸ਼ੀ ਅਪਾਰਟਮੈਂਟ ਦੇ ਨੇੜੇ ਸਥਿਤ ਸਵੀਮਿੰਗ ਪੂਲ ’ਚ ਨਹਾਉਣ ਸਮੇਂ ਪਾਣੀ ’ਚ ਡੁਬਣ ਨਾਲ ਮੌਤ ਹੋ ਗਈ ਸੀ। ਜਿਸ ਦੀ ਮ੍ਰਿਤਕ ਦੇਹ ਨੂੰ ਕਰੀਬ 15-16 ਦਿਨਾਂ ਬਾਅਦ ਕੈਨੇਡਾ ਤੋਂ ਪੰਜਾਬ ਸਥਿਤ ਉਨ੍ਹਾਂ ਦੀ ਰਹਾਇਸ਼ ਮੰਡੀ ਅਹਿਮਦਗੜ ਵਿਖੇ ਲਿਆਂਦਾ ਜਾ ਰਿਹਾ ਹੈ। ਗਲਬਾਤ ਦੌਰਾਨ ਹੈਦਰ ਅਲੀ ਦੇ ਚਾਚਾ ਨਗਰ ਕੌਸਲ ਪ੍ਰਧਾਨ ਸੁਰਾਜ ਮੁਹੰਮਦ ਨੇ ਦਸਿਆ ਕਿ 13 ਜੂਨ ਦਿਨ ਬੁਧਵਾਰ ਸਵੇਰੇ 9 ਵਜੇ ਮੰਡੀ ਅਹਿਮਦਗੜ ਦੇ ਕਬਰਸਤਾਨ ’ਚ ਹੈਦਰ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ। ਸਮੂਹ ਪਰਿਵਾਰ ਆਪਣੇ ਇਕਲੌਤੇ ਪੁਤਰ ਹੈਦਰ ਅਲੀ ਦੀ ਇਕ ਝਲਕ ਵੇਖਣ ਲਈ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਨੌਜਵਾਨ ਹੈਦਰ ਅਲੀ ਦੀ ਇਸ ਬੇਵਕਤੀ ਮੌਤ ਨਾਲ ਚਲੇ ਜਾਣ ਤੇ ਜਿਥੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਉਨ੍ਹਾਂ ਦੇ ਭੈਣ, ਭਰਾ, ਰਿਸ਼ਤੇਦਾਰ, ਸਾਕ-ਸਬੰਧੀ, ਇਲਾਕੇ ਦੇ ਪੰਚ-ਸਰਪੰਚ, ਵਖ-ਵਖ ਜਥੇਬੰਦੀਆਂ ਅਤੇ ਉਨ੍ਹਾਂ ਦੇ ਦੋਸਤ-ਮਿਤਰਾਂ ਨੂੰ ਗਹਿਰਾ ਸਦਮਾਂ ਲਗਾ ਹੈ।