ਅੰਮ੍ਰਿਤਸਰ, 27 ਫਰਵਰੀ (ਪੀ.ਟੀ.)-ਸਿੱਖ ਯੂਥ ਆਫ ਪੰਜਾਬ ਵੱਲੋਂ ‘ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ’ ਦੇ ਖਿਤਾਬ ਨਾਲ ਸਨਮਾਨੇ ਗਏ ਸਿਰਦਾਰ ਕਪੂਰ ਸਿੰਘ ਜੀ ਦੇ 105ਵੇਂ ਜਨਮ ਦਿਹਾੜੇ ਮੌਕੇ 2 ਮਾਰਚ ਨੂੰ ਗੁਰਦੁਆਰਾ ਸ਼ਹੀਦਗੰਜ, ਬੀ-ਬਲਾਕ, ਅੰਮ੍ਰਿਤਸਰ ਵਿਖੇ ਪੰਥਕ ਸਮਾਗਮ ਕੀਤਾ ਜਾਵੇਗਾ।ਨੌਜਵਾਨ ਜਥੇਬੰਦੀ ਦੇ ਪ੍ਰਧਾਨ ਨੋਬਲਜੀਤ ਸਿੰਘ ਬੁਲੋਵਾਲ, ਮੀਤ-ਪ੍ਰਧਾ ਪਰਮਜੀਤ ਸਿੰਘ ਟਾਂਡਾ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਕਰਤਾਰਪੁਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਸਿਰਦਾਰ ਕਪੂਰ ਸਿੰਘ ਜੀ ਦੇ ਜੀਵਨ, ਪੰਥਕ ਘਾਲਣਾ ਅਤੇ ਰਾਜਨੀਤਿਕ ਚਿੰਤਨ ਸਬੰਧੀ ਗੰਭੀਰ ਵਿਚਾਰ-ਚਰਚਾ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਬੁਲਾਰੇ ਸਿਰਦਾਰ ਕਪੂਰ ਸਿੰਘ ਦੇ ਨਾਲ-ਨਾਲ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਦਲ ਖਾਲਸਾ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਦੀ ਸ਼ਖਸ਼ੀਅਤ, ਪੰਥਕ ਘਾਲਣਾ ਅਤੇ ਬਾਰੇ ਵੀ ਚਾਨਣਾ ਪਾਉਣਗੇ। ਉਹਨਾਂ ਕਿਹਾ ਕਿ ਮੌਜੂਦਾ ਪੰਥਕ ਮਸਲਿਆਂ ਤੇ ਹਾਲਾਤਾਂ ਖਾਸ ਤੌਰ ‘ਤੇ ਬਰਤਾਨਵੀ ਸਰਕਾਰ ਦੀ ਜੂਨ 84 ਦੇ ਘਲੂਘਾਰੇ ਵਿੱਚ ਮਿਲੀਭੁਗਤ ਅਤੇ ਚੋਣਵੇ ਅਕਾਲੀ ਨੇਤਾਵਾਂ ਦੀ ਸ਼ੱਕੀ ਭੂਮਿਕਾ ਬਾਰੇ ਵੀ ਵਿਚਾਰ ਹੋਵੇਗੀ।
ਜ਼ਿਕਰਯੋਗ ਹੈ ਕਿ ਸਿਰਦਾਰ ਕਪੂਰ ਸਿੰਘ ਸਿੱਖ ਪੰਥ ਦੇ ਉਘੇ ਵਿਦਵਾਨ ਮੰਨੇ ਜਾਂਦੇ ਹਨ। ਉਹਨਾਂ ਨੇ ਹੀ ਆਨੰਦਪੁਰ ਸਾਹਿਬ ਮਤਾ ਲਿਖਿਆ ਸੀ ਜੋ ਬਾਅਦ ਵਿੱਚ ਧਰਮ ਯੁੱਧ ਮੋਰਚੇ ਦਾ ਆਧਾਰ ਬਣਿਆ। 6 ਅਗਸਤ 1978 ਨੂੰ ਹੋਂਦ ਵਿੱਚ ਆਈ ਦਲ ਖਾਲਸਾ ਜਥੇਬੰਦੀ ਦੇ ਪਿਛੇ ਵੀ ਸਿਰਦਾਰ ਕਪੂਰ ਸਿੰਘ ਦੀ ਹੀ ਸਿਧਾਂਤਕ ਸੇਧ ਸੀ।
ਆਗੂਆਂ ਨੇ ਦਸਿਆ ਕਿ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਦਲ ਖ਼ਾਲਸਾ, ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਸਿੱਖ ਚਿੰਤਕ ਗੁਰਤੇਜ ਸਿੰਘ ਸਿੱਖ ਨੌਜਵਾਨਾਂ ਨੂੰ ਸੰਬੋਧਨ ਕਰਨਗੇ।
ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਮਨਦੀਪ ਸਿੰਘ, ਜਗਰੂਪ ਸਿੰਘ, ਕਮਲਜੀਤ ਸਿੰਘ, ਸਤਵੀਰ ਸਿੰਘ, ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਸ਼ਾਮਿਲ ਸਨ।