ਲੱਚਰ, ਅਸ਼ਲੀਲ ਤੇ ਹਿੰਸਕ ਗਾਇਕੀ ਵੀ ਬਲਾਤਕਾਰ ਤੇ ਗੁੰਡਾਗਰਦੀ ਲਈ ਜ਼ਿੰਮੇਵਾਰ : ਇਪਟਾ

ਚੰਡੀਗੜ੍ਹ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਇਕਲੌਤੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਐਲਾਨ ਕੀਤਾ ਹੈ ਕਿ ਉਹ ਭਵਿੱਖ ਵਿਚ ਲੱਚਰ, ਅਸ਼ਲੀਲ ਅਤੇ ਹਿੰਸਕ ਗਾਵੇਗਾ ਪਰ ਕੀ ਸਿਰਫ ਇਕ ਗਾਇਕ ਵੱਲੋਂ ਸਭਿਆਚਾਰਕ ਪ੍ਰਦੂਸ਼ਣ ਫੈਲਾਉਣ ਤੋਂ ਤੌਬਾ ਕਰਨ ਨਾਲ ਦਹਾਕਿਆਂ ਤੋਂ ਗੰਧਲਾ ਕੀਤਾ ਜਾ ਰਿਹਾ ਪੰਜਾਬੀ ਸਭਿਆਚਾਰ ਸੁਥਰਾ ਹੋ ਜਾਵੇਗਾ। ਇਹ ਵਿਚਾਰ ਇਪਟਾ ਪੰਜਾਬ ਦੇ ਪ੍ਰਧਾਨ ਪ੍ਰਧਾਨ ਸੋਢੀ ਰਾਣਾ ਅਤੇ ਜਨਰਲ ਸੱਕਤਰ ਸੰਜੀਵਨ ਸਿੰਘ, ਸੀਨੀਅਰ ਮੀਤਪ੍ਰਧਾਨ ਇੰਦਰਜੀਤ ਰੁਪੋਵਾਲ (ਕਪੂਰਥਲਾ), ਵਿੱਤ-ਸੱਕਤਰ ਰਾਬਿੰਦਰ ਸਿੰਘ ਰੱਬੀ (ਰੋਪੜ) ਮੀਤ ਪ੍ਰਧਾਨ ਜਗਦੀਸ਼ ਖੰਨਾ (ਲੁਧਿਆਣਾ), ਗੁਰਦਿਆਲ ਨਿਰਮਾਣ (ਸੰਗਰੂਰ), ਹਰਜੀਤ ਕੈਂਥ (ਪਟਿਆਲਾ) ਸੁਮਨ ਲਤਾ (ਫਗਵਾੜਾ), ਸੱਕਤਰ ਦਿਲਬਾਰ ਸਿੰਘ (ਸੰਗਰੂਰ), ਗੁਰਮੇਲ ਸ਼ਾਮਨਗਰ (ਅਮ੍ਰਿਤਸਰ), ਸਵੈਰਾਜ ਸੰਧੂ (ਮੋਹਾਲੀ), ਇੰਦਰਜੀਤ ਸਿੰਘ (ਮੋਗਾ) ਕਿਹਾ ਕਿ ਜਦ ਤੱਕ ਸਭਿਆਚਾਰਕ ਪ੍ਰਦੂਸ਼ਣ ਦੀ ਜੜ੍ਹ ਨੂੰ ਹੱਥ ਨਹੀਂ ਪਾਇਆ ਜਾਂਦਾ ਓਦੋਂ ਤੱਕ ਪੱਤੇ ਝਾੜਣ ਨਾਲ ਕੁਝ ਨਹੀਂ ਬਣੇਗਾ।

ਇਪਟਾ ਦੇ ਆਗੂਆਂ ਨੇ ਕਿਹਾ ਕਿ ਲੰਮੇ ਅਰਸੇ ਤੋਂ ਸਭਿਆਚਾਰਕ ਅਪਰਾਧੀ ਅਨਸਰ ਬੇਖੌਫ਼, ਨਿੱਡਰ ਅਤੇ ਨਿਸੰਗ ਦਨਦਨਾਉਂਦੇ ਫਿਰ ਰਹੇ ਹਨ। ਸਭਿਆਚਰ ਦੇ ਅਖੌਤੀ ਮੁੱਦਈਆਂ ਨੇ ਲੱੁਚਪੁਣੇ ਅਤੇ ਲੱਚਰਪੁਣੇ ਦੀਆਂ ਸਾਰੀਆ ਹੱਦਾਂ ਟੱਪ ਦਿੱਤੀਆਂ ਹਨ। ਚਾਹੇ ਉਹ ਫਿਲਮਾਂ ਵਿਚ ਆਇਟਮ ਗੀਤ ਹੋਣ ਜਾਂ ਲੱਚਰ, ਅਸ਼ਲੀਲ ਅਤੇ ਹਿੰਸਕ ਗੀਤ ਗਾਉਣ ਵਾਲੇ ਪੰਜਾਬੀ ਗਇਕ। ਨਿੱਤ ਦਿਨ ਸ਼ਰੇਆਮ ਬਲਾਤਕਾਰ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਪੜਣ-ਸੁਣਨ ਵਿਚ ਆ ਰਹੀਆਂ ਹਨ। ਕਦੇ ਨੌਜਵਾਨਾਂ ਦਾ ਆਦਰਸ਼ ਦੇਸ਼ ਭਗਤ ਹੁੰਦੇ ਸਨ। ਫੇਰ ਫਿਲਮੀ ਕਲਾਕਾਰ ਬਣ ਗਏ ਪਰ ਹੁਣ ਦੀ ਪੀੜ੍ਹੀ ਦਾ ਉਦੇਸ਼ ਸਨੀ ਲੇਓਨ, ਰਾਖੀ ਸਾਵੰਤ, ਵੀਨਾ ਮਲਿਕ ਅਤੇ ਦਲਜੀਤ, ਮੀਕਾ ਅਤੇ ਹਨੀ ਸਿੰਘ ਬਣਨਾ ਹੈ। ਕਾਫੀ ਹੱਦ ਤੱਕ ਕਾਮੁਕ ਤੇ ਉਤੇਜਿਤ ਫਿਲਮੀ ਗੀਤ ਅਤੇ ਲੱਚਰ, ਅਸ਼ਲੀਲ ਅਤੇ ਹਿੰਸਕ ਗਾਇਕੀ ਵੀ ਵੱਧ ਰਹੇ ਬਲਾਤਕਾਰ ਅਤੇ ਗੁੰਡਾਗਰਦੀ ਲਈ ਜ਼ੁੰਮੇਵਾਰ ਵੀ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਪਟਾ ਪੰਜਾਬ ਨੇ ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲਿਆਂ ਵਿਚ ਭਰਾਤਰੀ ਜਥੇਬੰਦੀਆਂ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉਪਾਸ਼ਕਾਂ ਦੇ ਸਹਿਯੋਗ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰ ਜ਼ਿਲੇ ਦੇ ਡੀ.ਸੀ. ਰਾਹੀਂ ਮੰਗ-ਪੱਤਰ ਦੇਣ ਤੋਂ ਇਲਾਵਾ ਸਭਿਆਚਾਰਕ ਪ੍ਰਦੂਸ਼ਣ ਦੇ ਪੁਤਲੇ ਫੁਕੇ ਹਨ। ਬਾਕੀ ਜ਼ਿਲ੍ਹਿਆਂ ਵਿਚ ਵੀ ਸਭਿਆਚਾਰਕ ਪ੍ਰਦੂਸ਼ਣ ਖਿਲਾਫ਼ ਵਿਰੋਧ ਪ੍ਰਗਟ ਕਰਨ ਦਾ ਸਿਲਸਲਾ ਜਾਰੀ ਹੈ।

Send this to a friend