May 31, 2026 10:43 am

ਜਿਲ੍ਹਾ ਲੁਧਿਆਣਾ ਵਿਚ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ 28915 ਨੂੰ ਮਿਲਿਆ ਲਾਭ : ਡੀਸੀ

ਲੁਧਿਆਣਾ, 7 ਜੂਨ (ਹਨੀਸ਼ ਕਪੂਰ ਹਨੀ)- ਜੋ ਲੋਕ ਯੋਗਤਾ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਕਾਰਨ ਦੇ ਚਲਦਿਆਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਹਨ, ਨੂੰ ਬਣਦਾ ਲਾਭ ਦਿਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਜ਼ਿਲ੍ਹਾ ਲੁਧਿਆਣਾ ਵਿਚ ਸਫ਼ਲਤਾਪੂਰਵਕ ਚਲ ਰਹੀ ਹੈ। ਇਸ ਯੋਜਨਾ ਤਹਿਤ ਜਿਲ੍ਹਾ ਲੁਧਿਆਣਾ ਦੇ 62 ਫੀਸਦੀ ਉਨ੍ਹਾਂ ਲੋਕਾਂ ਨੂੰ ਵਖ-ਵਖ ਲੋਕ ਹਿਤ ਯੋਜਨਾਵਾਂ ਦਾ ਲਾਭ ਦਿਵਾਇਆ ਜਾ ਚੁਕਾ ਹੈ, ਜੋ ਅਣਜਾਣਤਾ ਅਤੇ ਅਣਦੇਖੀ ਦੇ ਚਲਦਿਆਂ ਇਨ੍ਹਾਂ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਸਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਦਸਿਆ ਕਿ ਇਸ ਯੋਜਨਾ ਤਹਿਤ ਕਰਵਾਏ ਗਏ ਸਰਵੇ ਤਹਿਤ ਜਿਲ੍ਹੇ ਵਿਚ 181475 ਵਿਅਕਤੀਆਂ ਦੀ ਪਛਾਣ ਕੀਤੀ ਗਈ ਸੀ, ਜਿਨ੍ਹਾਂ ਦੀ ਵੈਰੀਫਿਕੇਸ਼ਨ (ਪੜਤਾਲ) ਕਰਾਉਣ ਉਪਰ 46316 ਉਹ ਵਿਅਕਤੀ ਪਾਏ ਗਏ ਸਨ, ਜੋ ਕਿਸੇ ਨਾ ਕਿਸੇ ਯੋਜਨਾ ਦਾ ਲਾਭ ਲੈਣ ਦੇ ਯੋਗ ਸਨ। ਇਨ੍ਹਾਂ ਵਿਚੋਂ ਹੁਣ ਤਕ 28915 (62.42 ਫੀਸਦੀ) ਯੋਗ ਵਿਅਕਤੀਆਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਦਿਵਾਉਣਾ ਸ਼ੁਰੂ ਕਰ ਦਿਤਾ ਗਿਆ ਹੈ। ਇਨ੍ਹਾਂ ਲਾਭਪਾਤਰੀਆਂ ਵਿਚ ਸਭ ਤੋਂ ਵਧੇਰੇ 7253 ਉਹ ਵਿਅਕਤੀ ਸਨ, ਜਿਨ੍ਹਾਂ ਕੋਲ ਸਾਫ਼ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਨਹੀਂ ਸੀ। ਇਸ ਤੋਂ ਇਲਾਵਾ 6236 ਉਹ ਲਾਭਪਾਤਰੀ ਸਨ, ਜਿਨ੍ਹਾਂ ਕੋਲ ਹਾਲੇ ਤਕ ਬਿਜਲੀ ਦਾ ਕੁਨੈਕਸ਼ਨ ਹੀ ਨਹੀਂ ਸੀ। ਯੋਜਨਾ ਤਹਿਤ ਕੁਲ 24 ਯੋਜਨਾਵਾਂ ਅਧੀਨ ਵਖ-ਵਖ ਲਾਭਪਾਤਰੀਆਂ ਨੂੰ ਲਾਭ ਦਿਵਾਇਆ ਜਾ ਚੁਕਾ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ 17401 ਯੋਗ ਵਿਅਕਤੀਆਂ ਨੂੰ ਵੀ ਤੈਅ ਸਮਾਂ ਸੀਮਾ ਵਿਚ ਲਾਭ ਮੁਹਈਆ ਕਰਵਾ ਦਿਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਕਿਸੇ ਨਾ ਕਿਸੇ ਯੋਜਨਾ ਦਾ ਲਾਭ ਲੈ ਸਕਦੇ ਹਨ, ਤਾਂ ਉਹ ਖੁਦ ਵੀ ਸੰਬੰਧਤ ਵਿਭਾਗ ਜਾਂ ਜਿਲ੍ਹਾ ਪ੍ਰਸਾਸ਼ਨ ਨਾਲ ਰਾਬਤਾ ਕਾਇਮ ਕਰ ਸਕਦੇ ਹਨ।ਉਨ੍ਹਾਂ ਦਸਿਆ ਕਿ ਸ਼ੁਰੂਆਤੀ ਗੇੜ• ਵਿਚ ਇਕਲੇ ਪੇਂਡੂ ਖੇਤਰਾਂ ਵਿਚ ਸ਼ੁਰੂ ਹੋਈ ਇਸ ਯੋਜਨਾ ਤਹਿਤ ਪਿੰਡ ਪਧਰ ‘ਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਗਾਰਡੀਅਨਜ਼ ਆਫ਼ ਗਵਰਨੈਂਸ, ਪੰਚਾਇਤ ਸਕਤਰ ਅਤੇ ਪਿੰਡ ਦਾ ਕਾਰਜਸ਼ੀਲ ਸਮਾਜ ਸੇਵੀ ਮੈਂਬਰ ਵਜੋਂ ਸ਼ਾਮਿਲ ਕੀਤੇ ਗਏ ਸਨ।

Send this to a friend