ਤਪਾ ਮੰਡੀ, 3 ਜੂਨ (ਰੋਹਿਤ ਸਿੰਗਲਾ)- ਪੰਜਾਬ ਅੰਦਰਲੀਆ ਜਿਮਣੀ ਚੋਣਾਂ ਸੂਬੇ ਦੀ ਸਿਆਸਤ ਵਿਚ ਖਾਸ ਮਹੱਤਵ ਰੱਖਦੀਆ ਹਨ ਕਿਉਕਿ ਸੂਬੇ ਦੀ ਸਿਆਸਤ ਵਿਚ ਅਹਿਮ ਸਥਾਨ ਰੱਖਣ ਵਾਲੇ ਕਈ ਲੀਡਰਾਂ ਨੇ ਅਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਹੀ ਉਪ ਚੋਣ ਤੋ ਕਰਕੇ ਵੱਡੇ ਮੁਕਾਮ ਹਾਸਿਲ ਕੀਤੇ ਹਨ ਜਦਕਿ ਸੂਬੇ ਦੇ ਦੋ ਖਜਾਨਾ ਮੰਤਰੀ ਇਨ੍ਹਾਂ ਉਪ ਚੋਣਾਂ ਦੀ ਹੀ ਦੇਣ ਹਨ। ਗਿੱਦੜਬਹਾ ਹਲਕੇ ਤੋ ਅਪਣਾ ਸਿਆਸੀ ਜੀਵਨ ਦੀ ਸ਼ੁਰੂ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਨੇ ਪਹਿਲੀ ਵਾਰ ਗਿੱਦੜਬਹਾ ਤੋ ਮਈ 1995 ਵਿਚ ਹੋਈ ਉਪ ਚੋਣ ਵਿਚ ਕਾਂਗਰਸ ਪਾਰਟੀ ਦੇ ਦੀਪਕ ਗਰਗ ਨੂੰ ਹਰਾ ਕੇ ਸਿਆਸਤ ਅੰਦਰ ਅਪਣੇ ਪੈਰ ਜਮਾਏ ਜੋ ਅੱਜ ਪੰਜਾਬ ਦੀ ਸਿਆਸਤ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋ ਬਾਅਦ ਪਾਰਟੀ ਅਤੇ ਸਰਕਾਰ ਅੰਦਰ ਦੂਜੇ ਨੰਬਰ ਉਪਰ ਪਹਿਚਾਣ ਰੱਖਣ ਦੇ ਨਾਲ ਸੂਬੇ ਦੇ ਖਜਾਨਾ ਮੰਤਰੀ ਵਜੋ ਕੰਮ ਕਰ ਰਹੇ ਹਨ। ਉਧਰ ਅਕਾਲੀ ਦਲ ਦੇ ਕੱਦਾਵਾਰ ਆਗੂ ਸੁਖਦੇਵ ਸਿੰਘ ਢੀਡਸਾਂ ਦੇ ਪੁੱਤਰ ਅਤੇ ਪਿਤਲੀ ਅਕਾਲੀ ਸਰਕਾਰ ਵਿਚ ਖਜਾਨਾ ਮੰਤਰੀ ਦਾ ਪਦ ਸੰਭਾਲਣ ਵਾਲੇ ਪਰਮਿੰਦਰ ਸਿੰਘ ਢੀਡਸਾਂ ਨੇ ਵੀ ਉਪ ਚੋਣ ਰਾਹੀ ਹੀ ਅਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਸੀ। ਜਿਨ੍ਹਾਂ ਨੇ ਹਲਕਾ ਸੁਨਾਮ ਤੋ ਬਾਬੂ ਭਗਵਾਨ ਦਾਸ ਅਰੋੜਾ ਦੀ ਮੋਤ ਤੋ ਬਾਅਦ 1998 ਵਿਚ ਹੋਈ ਉਪ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਵਜੋ ਕਾਂਗਰਸ ਦੀ ਪ੍ਰਮੇਸ਼ਵਰੀ ਦੇਵੀ ਅਰੋੜਾ ਨੂੰ ਹਰਾ ਕੇ ਜਿੱਥੇ 1997 ਦੀਆ ਚੋਣਾਂ ਵਿਚ ਅਪਣੇ ਪਿਤਾ ਸੁਖਦੇਵ ਸਿੰਘ ਢੀਡਸਾਂ ਦੀ ਬਾਬੂ ਭਗਵਾਨ ਦਾਸ ਅਰੋੜਾ ਤੋ ਹੋਈ ਹਾਰ ਦਾ ਸਿਆਸੀ ਬਦਲਾ ਲਿਆ, ਉਥੇ 2012 ਤੋ 17 ਤੱਕ ਪੰਜ ਵਰ੍ਰੇਂ ਸੂਬੇ ਦੇ ਖਜਾਨਾ ਮੰਤਰੀ ਵਜੋ ਵੀ ਅਕਾਲੀ ਭਾਜਪਾ ਸਰਕਾਰ ਅੰਦਰ ਕੰਮ ਕੀਤਾ।
ਸੂਬੇ ਦੇ ਦੋ ਖਜਾਨਾ ਮੰਤਰੀ ਉਪ ਚੋਣਾਂ ਦੀ ਹੀ ਦੇਣ



