ਹੋਣਹਾਰ ਵਿਦਿਆਰਥੀਆਂ ਲਈ 6 ਵਿਸ਼ੇਸ਼ ਸਕੂਲ ਅਗਲੇ ਵਿਦਿਅਕ ਸੈਸ਼ਨ ਵਿੱਚ ਸ਼ੁਰੂ ਹੋਣਗੇ : ਬਾਦਲ

image ਚੰਡੀਗੜ੍ਹ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸੂਬੇ ਦੇ ਹੋਣਹਾਰ ਵਿਦਿਆਰਥੀਆਂ ਲਈ ਸਥਾਪਤ ਕੀਤੇ ਜਾ ਰਹੇ 6 ਵਿਸ਼ੇਸ਼ ਸਕੂਲਾਂ ਦੇ ਨਿਰਮਾਣ ਕਾਰਜਾਂ ਨੂੰ ਜੁਲਾਈ, 2014 ਤੱਕ ਮੁਕੰਮਲ ਕੀਤਾ ਜਾਵੇ। ਇਸ ਬਾਰੇ ਹੁਕਮ ਸ. ਬਾਦਲ ਨੇ ਬੀਤੀ ਦੇਰ ਸ਼ਾਮ ਆਪਣੀ ਰਿਹਾਇਸ਼ ‘ਤੇ ਸੂਬਾ ਭਰ ਦੇ ਹੋਣਹਾਰ ਵਿਦਿਆਰਥੀਆਂ ਦੀ ਅਗਲੇਰੀ ਪੜ੍ਹਾਈ ਲਈ ਕਾਇਮ ਕੀਤੀ ਸੋਸਾਇਟੀ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਸ. ਬਾਦਲ ਨੇ ਆਖਿਆ ਕਿ ਇਹ ਸਕੂਲ ਆਗਾਮੀ ਵਿਦਿਅਕ ਸੈਸ਼ਨ ਦੌਰਾਨ ਤੱਕ ਹਰ ਹਾਲ ਵਿੱਚ ਚਾਲੂ ਹੋ ਜਾਣੇ ਚਾਹੀਦੇ ਹਨ ਤਾਂ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਨਾਲ ਹੋਸਟਲ ਦੀ ਵੀ ਮੁਫ਼ਤ ਸਹੂਲਤ ਦਿੱਤੀ ਜਾ

ਸਕੇ।ਮੁੱਖ ਮੰਤਰੀ ਨੇ ਇਨ੍ਹਾਂ ਸਕੂਲਾਂ ਲਈ ਇੱਕ ਪ੍ਰਾਜੈਕਟ ਡਾਇਰੈਕਟਰ ਅਤੇ 6 ਪ੍ਰਿੰਸੀਪਲਾਂ ਦੀ ਚੋਣ ਕਰਨ ਵਾਸਤੇ ਮੁੱਖ ਸਕੱਤਰ ਦੀ ਅਗਵਾਈ ਵਿੱਚ ਖੋਜ ਕਮੇਟੀ ਕਾਇਮ ਕਰਨ ਦੀ ਪ੍ਰਵਾਨਗੀ ਦਿੱਤੀ। ਉਨ੍ਹਾਂ ਇਹ ਵੀ ਆਖਿਆ ਕਿ ਆਪਣੇ ਅਹਿਮ ਵਿਚਾਰਾਂ ਰਾਹੀਂ ਇਨ੍ਹਾਂ ਸਕੂਲਾਂ ਦੀ ਰਹਿਨੁਮਾਈ ਕਰਨ ਵਾਲੇ 5 ਮਾਹਰਾਂ ਨੂੰ ਨਾਮਜ਼ਦ ਕਰਨ ਦੀ ਪ੍ਰਕਿਰਿਆ ਵੀ ਛੇਤੀ ਮੁਕੰਮਲ ਕੀਤੀ ਜਾਵੇ। ਪੰਜਾਬ ਸਿੱਖਿਆ ਵਿਕਾਸ ਬੋਰਡ ਵਲੋਂ ਇਨ੍ਹਾਂ ਸਕੂਲਾਂ ਦੇ ਸਟਾਫ਼ ਦੀ ਤਨਖ਼ਾਹ ਅਤੇ ਹੋਸਟਲ ਦੇ ਖਰਚਿਆਂ ਦੀ ਅਦਾਇਗੀ ਲਈ ਸਾਲਾਨਾ 17.36 ਕਰੋੜ ਰੁਪਏ ਦੇ ਫੰਡ ਜੁਟਾਉਣ ਲਈ ਵਸੀਲੇ ਵੀ ਲੱਭੇ ਜਾਣਗੇ। ਸਟਾਫ਼ ਦੀ ਭਰਤੀ ਲਈ ਇੱਕ ਵਿਸ਼ੇਸ਼ ਭਰਤੀ ਬੋਰਡ ਪਹਿਲਾਂ ਹੀ ਕਾਇਮ ਕੀਤਾ ਜਾ ਚੁੱਕਾ ਹੈ।
ਇਸ ਸਮੁੱਚੇ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਮੀਟਿੰਗ ਵਿੱਚ ਹਾਜ਼ਰ ਸਬੰਧਤ 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਸਾਰੀ ਕਾਰਜਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ ਤਾਂ ਕਿ ਇਸ ਕੰਮ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਾ ਹੋਵੇ। ਉਨ੍ਹਾਂ ਇਹ ਵੀ ਆਖਿਆ ਕਿ ਉਸਾਰੀ ਕਾਰਜ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਇਨ੍ਹਾਂ ਸਾਰੇ ਸਕੂਲਾਂ ਨੂੰ ਫਰਨੀਚਰ ਤੇ ਹੋਰ ਸਬੰਧਤ ਸਾਜ਼ੋ ਸਾਮਾਨ ਮੁਹੱਈਆ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਨੇ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਆਖਿਆ ਕਿ ਫਰਨੀਚਰ ਦੀ ਚੋਣ ਕਰਨ ਤੇ ਖਰੀਦਣ ਦੀ ਪ੍ਰਕਿਰਿਆ ਨਾਲੋ ਨਾਲ ਹੀ ਸ਼ੁਰੂ ਕਰ ਦਿੱਤੀ ਜਾਵੇ।
ਇਸ ਵਿਲੱਖਣ ਪ੍ਰਾਜੈਕਟ ਨੂੰ ਸਫ਼ਲਤਾ ਪੂਰਬਕ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਸ. ਬਾਦਲ ਨੇ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਆਖਿਆ ਕਿ ਉਹ ਦੇਸ਼ ਦੀਆਂ ਮਾਣਮੱਤੀਆਂ ਵਿਦਿਅਕ ਸੰਸਥਾਵਾਂ ਦਾ ਦੌਰਾ ਕਰਕੇ ਉਨ੍ਹਾਂ ਦੇ ਮਾਡਲਾਂ ਦਾ ਅਧਿਐਨ ਕਰਨ ਤਾਂ ਜੋ ਸੂਬੇ ਵਿੱਚ ਬਣਨ ਵਾਲੇ ਇਨ੍ਹਾਂ ਸਕੂਲਾਂ ਲਈ ਵੀ ਲਾਗੂ ਕੀਤਾ ਜਾ ਸਕੇ।
ਇਹ ਕਾਬਲੇ ਗੌਰ ਹੈ ਕਿ ਇਨ੍ਹਾਂ ਸਕੂਲਾਂ ਵਲੋਂ ਸਰਕਾਰੀ ਸਕੂਲਾਂ ਵਿੱਚੋਂ ਦਸਵੀਂ ਜਮਾਤ ‘ਚੋਂ 80 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਆਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਤੇ ਰਹਿਣ ਸਹਿਣ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾਵੇ।
ਇਸ ਮੌਕੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਮੁੱਖ ਸਕੱਤਰ ਸ਼੍ਰੀ ਰਾਕੇਸ਼ ਸਿੰਘ, ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਬੀ.ਐਸ. ਧਾਲੀਵਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਡੀ.ਪੀ. ਰੈਡੀ, ਸਿੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ, ਉਚੇਰੀ ਸਿੱਖਿਆ ਦੇ ਪ੍ਰਮੁੱਖ ਸਕੱਤਰ ਡਾ. ਰੋਸ਼ਨ ਸੰਕਾਰੀਆ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ, ਸਕੱਤਰ ਖਰਚਾ ਸ਼੍ਰੀ ਜਸਪਾਲ ਸਿੰਘ, ਕਰ ਤੇ ਆਬਕਾਰੀ ਕਮਿਸ਼ਨਰ ਸ਼੍ਰੀ ਅਨੁਰਾਗ ਵਰਮਾ ਤੋਂ ਇਲਾਵਾ ਪਟਿਆਲਾ, ਲੁਧਿਆਣਾ, ਜ¦ਧਰ, ਬਠਿੰਡਾ, ਮੋਹਾਲੀ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੀ ਹਾਜ਼ਰ ਸਨ।

Send this to a friend