ਵਾਤਾਵਰਣ ਨੂੰ ਲੋਕ ਸਭਾ ਚੋਣਾਂ ’ਚ ਅਹਿਮ ਮੁੱਦਾ ਬਣਾਏ ਜਾਣ ਦੀ ਸੰਤ ਸੀਚੇਵਾਲ ਵੱਲੋਂ ਦਿੱਲੀ ਤੋਂ ਸ਼ੁਰੂਆਤ

image ਨਵੀਂ ਦਿੱਲੀ, 24 ਫਰਵਰੀ (ਪੀ.ਟੀ.ਬਿਊਰੋ)-ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨੇ ਵਾਤਾਵਰਣ ਵਰਗੇ ਗੰਭੀਰ ਮੁੱਦੇ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਅਹਿਮ ਮੁੱਦਾ ਬਣਾਏ ਜਾਣ ਦੀ ਸ਼ੁਰੂਆਤ ਕਰ ਦਿੱਤੀ ਹੈ। ਫਿਲਪਾਈਨ ਫੇਰੀ ਤੋਂ ਵਾਪਿਸ ਪਰਤਦਿਆਂ ਹੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰੈਸ ਕੱਲਬ ਆਫ਼ ਇੰਡੀਆ ’ਚ ਪ੍ਰੈਸ ਕਾਨਫਰੰਸ ਕਰਕੇ ਆਪਣਾ ਏਜੰਡਾ ਦੇਸ਼ ਦੇ ਲੋਕਾਂ ਨੂੰ ਦੱਸਿਆ। ਉਨ੍ਹਾਂ ਕਿਹਾ ਉਹ ਦੇਸ਼ ਦੀਆਂ ਕੌਮੀ ਤੇ ਖੇਤਰੀ ਰਾਜਨੀਤਿਕ ਪਾਰਟੀਆਂ ਕੋਲ ਪਹੁੰਚ ਕਰਕੇ ਵਾਤਾਵਰਣ ਦੇ ਮੁੱਦੇ ਨੂੰ ਕੇਂਦਰੀ ਮੁੱਦੇ ਵੱਜੋਂ ਉਭਾਰਣ ਦੀ ਅਪੀਲ ਕਰਨਗੇ।

ਸੰਤ ਸੀਚੇਵਾਲ ਨੇ ਕਿਹਾ ਉਹ ਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਵਾਤਾਵਰਣ ਦੇ ਮੁੱਦੇ ਨੂੰ ਆਪੋ ਆਪਣੇ ਚੋਣ ਮਨੋਰਥ ਪੱਤਰਾਂ ਦਾ ਹਿੱਸਾ ਬਣਾਉਣ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਇਹ ਸ਼ਪੱਸ਼ਟ ਵੀ ਕਰਨ ਕਿ ਜੇ ਕਰ ਉਨ੍ਹਾਂ ਦੇ ਹੱਥਾਂ ’ਚ ਸੱਤਾ ਆਉਂਦੀ ਹੈ ਤਾਂ ਉਹ ਵਾਤਾਵਰਣ ਵਰਗੇ ਗੰਭੀਰ ਮੁੱਦੇ ਨੂੰ ਕਿਸ ਤਰ੍ਹਾਂ ਲੈਣਗੀਆਂ ਤੇ ਪਹਿਲ ਦੇ ਅਧਾਰ ’ਤੇ ਲੋਕਾਂ ਨੂੰ ਕਿਵੇਂ ਰਾਹਤ ਪਹੁੰਚਉਣਗੀਆਂ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਫਿਲਪਾਈਨ ਫੇਰੀ ‘ਤੇ ਜਾਣ ਤੋਂ ਪਹਿਲਾ ਵੀ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਗਏ ਸਨ ਤੇ ਆਪਣਾ ਲਿਖਤੀ ਏਜੰਡਾ ਦੇ ਕੇ ਗਏ ਸਨ। ਉਨ੍ਹਾਂ ਕਿ ਇਸ ਸਮੇਂ ਦੇਸ਼ ਦੀਆਂ ਨਦੀਆਂ ਤੇ ਦਰਿਆਵਾਂ ਦੀ ਸਥਿਤੀ ਬੜੀ ਹੀ ਗੰਭੀਰ ਤੇ ਤਰਸਯੋਗ ਬਣੀ ਹੋਈ ਹੈ।
ਨਦੀਆਂ ਨਲਿਆਂ ‘ਚ ਫੈਕਟਰੀਆਂ ਦੀਆਂ ਪਾਈਆਂ ਜਾ ਰਹੀਆਂ ਜ਼ਹਿਰਾਂ ਤੇ ਸ਼ਹਿਰਾਂ ਦੀਆਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵੱਲੋਂ ਕੁਦਰਤੀ ਸਰੋਤਾਂ ‘ਚ ਪਾਏ ਜਾ ਰਹੇ ਗੰਦੇ ਪਾਣੀਆਂ ਨੇ ਲੋਕਾਂ ਦੇ ਜਿਉਣ ਦੇ ਅਧਿਕਾਰ ਨੂੰ ਹੀ ਖੋਹ ਲਿਆ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਹ ਫ਼ਰਜ਼ ਬਣਦਾ ਸੀ ਕਿ ਕਾਨੂੰਨ ਨੂੰ ਲਾਗੂ ਕਰਵਾਉਂਦੇ ਪਰ ਉਨ੍ਹਾਂ ਦੀ ਨੱਕ ਹੇਠ ਹੀ ਕਾਨੂੰ ਨ ਦੀਆਂ ਧੱਜੀਆਂ ਉਡਦੀਆਂ ਰਹੀਆਂ। ਸੰਤ ਸੀਚੇਵਾਲ ਨੇ ਕਿਹਾ ਕਿ ਪਾਣੀ ਦੇ ਕੁਦਰਤੀ ਸਰੋਤਾਂ ‘ਚ ਜ਼ਹਿਰੀਲਾ ਪਾਣੀ ਪਾਉਣਾ ਗੈਰ ਸੰਵਿਧਾਨਕ ਹੈ। ਉਨ੍ਹਾਂ ਕਿਹਾ ਕਿ ਪਾਣੀ ਐਕਟ 1974 ਦੀ ਧਾਰਾ 21 ਤੇ 48 ਏ ਦੀ ਅਤੇ ਨਹਿਰੀ ਤੇ ਡਰੇਨਜ਼ ਐਕਟ 1873 ਦੀ ਧਾਰਾ 5 ਤੇ ਹੋਰ ਕਾਨੂੰਨਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਕਿ ਮਨੁੱਖ ਦੇ ਜੀਵਨ ਦਾ ਮੌਲਿਕ ਅਧਿਕਾਰ ਜਿਊਣ ਦਾ ਹੱਕ ਹੀ ਖੋਹਿਆ ਜਾ ਰਿਹਾ ਹੈ।ਉਨ੍ਹਾਂ ਹਰ ਮਨੁੱਖ ਦਾ ਇਹ ਮੌਲਿਕ ਅਧਿਕਾਰ ਹੈ ਕਿ ਉਸ ਨੂੰ ਸ਼ੁਧ ਹਵਾ,ਸ਼ੁਧ ਪਾਣੀ ਤੇ ਸ਼ੁਧ ਖੁਰਾਕ ਮਿਲੇ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਮਹੁੱਈਆਂ ਕਰਵਾਉਣਾ ਸਰਕਾਰਾਂ ਦੀ ਜੁੰਮੇਵਾਰੀ ਬਣਦੀ ਹੈ।

Send this to a friend