ਲੁਧਿਆਣਾ, 23 ਮਈ (ਹਨੀਸ਼ ਕਪੂਰ ਹਨੀ)- ਸੂਬੇ ਦੇ ਸਨਅਤੀ ਸ਼ਹਿਰ ਲੁਧਿਆਣਾ ਦੀ ਬਿਜਲੀ ਸੰਚਾਰ ਅਤੇ ਵੰਡ ਵਿਵਸਥਾ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਵਲੋਂ 64.82 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿਟੂ ਨੇ ਅਜ ਸਾਂਝੀ ਕੀਤੀ।ਉਨ੍ਹਾਂ ਦਸਿਆ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵਲੋਂ ਫੋਕਲ ਪੁਆਇੰਟ ਅਤੇ ਸਨਅਤੀ ਖੇਤਰਾਂ ਵਿਚ ਪੈਂਦੀ ਪੂਰੀ ਬਿਜਲੀ ਵਿਵਸਥਾ ਵਿੱਚ ਸੁਧਾਰ ਲਿਆਂਦਾ ਜਾਣਾ ਹੈ।ਇਹ ਪ੍ਰੋਜੈਕਟ ਇਸੇ ਸਾਲ ਸਤੰਬਰ ਮਹੀਨੇ ਵਿਚ ਸ਼ੁਰੂ ਹੋ ਜਾਵੇਗਾ, ਜੋ ਕਿ ਕਰੀਬ ਡੇਢ ਸਾਲ ਵਿਚ ਪੂਰਾ ਹੋਵੇਗਾ। ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਟੈਂਡਰ ਪ੍ਰਕਿਰਿਆ ਜਾਰੀ ਹੈ।
ਉਨ੍ਹਾਂ ਦਸਿਆ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੀਆਂ ਪੰਜ ਸਬ ਡਵੀਜ਼ਨਾਂ (ਲੁਧਿਆਣਾ ਸਿਟੀ ਵੈਸਟ, ਸੀ. ਐਮ. ਸੀ., ਫੋਕਲ ਪੁਆਇੰਟ, ਅਰਬਨ ਅਸਟੇਟ ਅਤੇ ਸੁੰਦਰ ਨਗਰ) ਦੇ 417 ਫੀਡਰਾਂ ਦੀ ਬਿਜਲੀ ਵੰਡ ਅਤੇ ਸੰਚਾਰ ਵਿਵਸਥਾ ਨੂੰ ਨਵਿਆਇਆ ਜਾਣਾ ਹੈ। ਇਸ ਰਾਸ਼ੀ ਨਾਲ 163.22 ਕਿਲੋਮੀਟਰ ਲੋਅ-ਟੈਂਸ਼ਨ ਤਾਰਾਂ, 626.66 ਕਿਲੋਮੀਟਰ ਹਾਈ-ਟੈਂਸ਼ਨ ਤਾਰਾਂ ਨੂੰ ਬਦਲਿਆ ਅਤੇ ਨਵੀਂਆਂ ਪਾਈਆਂ ਜਾਣਗੀਆਂ, ਇਸ ਤੋਂ ਇਲਾਵਾ 1197 ਹਾਈ-ਟੈਂਸ਼ਨ ਕੁਨੈਕਸ਼ਨ ਵੀ ਦੁਬਾਰਾ ਕੀਤੇ ਜਾਣਗੇ, ਜਿਸ ਨਾਲ ਖ਼ਪਤਕਾਰਾਂ ਨੂੰ ਭਾਰੀ ਲਾਭ ਮਿਲੇਗਾ।ਸ੍ਰ. ਬਿਟੂ ਨੇ ਕਿਹਾ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਸਨਅਤੀ ਸ਼ਹਿਰ ਦੀ ਬਿਜਲੀ ਵਿਵਸਥਾ ਵਿਚ ਵਡਾ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਬਿਜਲੀ ਘਟਣ-ਵਧਣ ਅਤੇ ਸਮੇਂ-ਸਮੇਂ ‘ਤੇ ਕਟ ਲਗਣ ਦੀ ਸਮਸਿਆ ਤੋਂ ਕਾਫੀ ਛੁਟਕਾਰਾ ਮਿਲੇਗਾ। ਇਸ ਦੇ ਨਾਲ ਹੀ ਇਸ ਨਾਲ ਸ਼ਾਟ ਸਰਕਟ ਅਤੇ ਬਿਜਲੀ ਨਾਲ ਵਾਪਰਨ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਵੀ ਵਡੇ ਪਧਰ ‘ਤੇ ਘਟ ਜਾਣਗੀਆਂ।
ਸ੍ਰ. ਬਿਟੂ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਐਤਕੀਂ ਹਰੇਕ ਵਰਗ ਦੇ ਖ਼ਪਤਕਾਰਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵਲੋਂ ਵਧੀਆ ਨਿਰਵਿਘਨ ਬਿਜਲੀ ਸਪਲਾਈ ਮੁਹਈਆ ਕਰਵਾਈ ਜਾਵੇਗੀ। ਉਨਾਂ ਮੁੜ ਦੁਹਰਾਇਆ ਕਿ ਸੂਬੇ ਵਿਚ ਬਿਜਲੀ ਦੀ ਕਮੀ ਨਹੀਂ ਹੈ। ਪੰਜਾਬ ਸਰਕਾਰ ਨੇ ਉਦਯੋਗਾਂ ਮੁੜ ਤੋਂ ਪੈਰਾਂ ਸਿਰ ਕਰਨ ਲਈ ਜਿਥੇ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦਾ ਵਾਅਦਾ ਨਿਭਾਇਆ ਹੈ, ਉਥੇ ਹੀ ਛੋਟੀਆਂ ਸਨਅਤਾਂ ਨੂੰ ਵੀ ਹੋਰ ਸਹੂਲਤਾਂ ਦਾ ਲਾਭ ਦਿਵਾਉਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ।
ਲੁਧਿਆਣਾ ਦੀ ਬਿਜਲੀ ਵਿਵਸਥਾ ਦੇ ਕਾਇਆ ਕਲਪ ਲਈ 64.82 ਕਰੋੜ ਜਾਰੀ : ਰਵਨੀਤ ਸਿੰਘ ਬਿੱਟੂ



