ਅੰਮ੍ਰਿਤਸਰ, 22 ਮਈ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫੈਕਟਰੀਆਂ ਰਾਹੀਂ ਦਰਿਆਈ ਪਾਣੀਆਂ ਵਿਚ ਘੋਲੇ ਜਾ ਰਹੇ ਜ਼ਹਿਰ ਨੂੰ ਮਨੁਖਤਾ ਅਤੇ ਜੀਵ-ਜੰਤੂਆਂ ਲਈ ਘਾਤਕ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਵਾਲੇ ਲੋਕਾਂ ਵਿਰੁਧ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਪਾਣੀਆਂ ਦੇ ਪ੍ਰਦੂਸ਼ਣ ਕਾਰਨ ਹੋ ਰਹੇ ਨੁਕਸਾਨ ਤੋਂ ਮਨੁਖਤਾ ਅਤੇ ਜੀਵ-ਜੰਤੂਆਂ ਨੂੰ ਬਚਾਇਆ ਜਾ ਸਕੇ। ਭਾਈ ਲੌਂਗੋਵਾਲ ਨੇ ਇਹ ਬਿਆਨ ਬੀਤੇ ਦਿਨੀਂ ਇਕ ਫੈਕਟਰੀ ਵਲੋਂ ਬਿਆਸ ਦਰਿਆ ਵਿਚ ਜ਼ਹਿਰੀਲਾ ਪਾਣੀ ਛਡਣ ਕਾਰਨ ਮਰੇ ਜੀਵ-ਜੰਤੂਆਂ ਦੇ ਸਬੰਧ ਵਿਚ ਦਿਤਾ ਹੈ। ਉਨ੍ਹਾਂ ਕਿਹਾ ਕਿ ਜੀਵਨ ਲਈ ਸ਼ੁਧ ਹਵਾ, ਪਾਣੀ ਅਤੇ ਵਾਤਾਵਰਣ ਦੀ ਜ਼ਰੂਰਤ ਨੂੰ ਨਕਾਰਿਆ ਨਹੀਂ ਜਾ ਸਕਦਾ ਪ੍ਰੰਤੂ ਅਜ ਇਨ੍ਹਾਂ ਜੀਵਨ ਲਈ ਜ਼ਰੂਰੀ ਕੁਦਰਤੀਆਂ ਸੋਮਿਆਂ ਨੂੰ ਵੀ ਜਾਣ-ਬੁਝ ਕੇ ਜ਼ਹਿਰੀਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਅਵੇਸਲੇਪਨ ਕਾਰਨ ਅਜ ਜੀਵਨਧਾਰਾ ਭਿਆਨਕ ਖ਼ਤਰੇ ਵਿਚ ਆ ਚੁਕੀ ਹੈ। ਪੰਜਾਬ ਦੇ ਪਾਣੀਆਂ ‘ਚ ਜ਼ਹਿਰ, ਹਵਾ ਦੀ ਦੂਸ਼ਿਤਤਾ, ਮਿਟੀ ਵਿਚ ਜ਼ਹਿਰਾਂ ਦਾ ਵਧਣਾ ਅਤੇ ਸ਼ੋਰ ਪ੍ਰਦੂਸ਼ਣ ਜਿਹੇ ਚਲਣ ਨੂੰ ਪਤਾ ਨਹੀਂ ਕਿਉਂ ਨਹੀਂ ਰੋਕਿਆ ਜਾ ਰਿਹਾ, ਜਦਕਿ ਸਰਕਾਰਾਂ ਦੀ ਇਹ ਪਹਿਲ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪਾਣੀ ਜੀਵਨ ਲਈ ਸਭ ਤੋਂ ਅਹਿਮ ਹੈ ਪਰ ਦੁਖ ਦੀ ਗਲ ਹੈ ਕਿ ਇਸ ਦਾ ਗੰਧਲਾਪਨ ਜੀਵਨ ਨੂੰ ਤਬਾਹ ਕਰ ਰਿਹਾ ਹੈ ਅਤੇ ਇਸ ਨੂੰ ਦੂਸ਼ਿਤ ਕਰਨ ਵਾਲੇ ਲੋਕ ਕੇਵਲ ਆਪਣਾ ਨਿਜੀ ਫ਼ਾਇਦਾ ਹੀ ਦੇਖ ਰਹੇ ਹਨ।
ਸਰਕਾਰਾਂ ਦੇ ਅਵੇਸਲੇਪਨ ਕਾਰਨ ਜੀਵਨਧਾਰਾ ਭਿਆਨਕ ਖ਼ਤਰੇ ’ਚ : ਭਾਈ ਲੌਂਗੋਵਾਲ



