ਬੀ.ਐਸ.ਐਫ. ਜਵਾਨਾਂ ਨੂੰ ਗੋਲੀਬਾਰੀ ਦਾ ਢੁੱਕਵਾਂ ਜਵਾਬ ਦੇਣ ਦੇ ਹੁਕਮ
ਨਵੀਂ ਦਿੱਲੀ, 22 ਮਈ- ਜੰਮੂ-ਕਸ਼ਮੀਰ ’ਚ ਸਰਹੱਦ ਪਾਰ ਤੋਂ ਪਾਕਿਸਤਾਨੀ ਫੌਜ ਦੀ ਨਾਪਾਕ ਫਾਇਰਿੰਗ ’ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿਤੀ ਹੈ। ਗ੍ਰਹਿ ਮੰਤਰੀ ਨੇ ਬੀ.ਐਸ.ਐਫ. ਜਵਾਨਾਂ ਨੂੰ ਗੋਲੀਬਾਰੀ ਦਾ ਸਹੀ ਜਵਾਬ ਦੇਣ ਨੂੰ ਕਿਹਾ ਹੈ।ਸਰਹੱਦ ’ਤੇ ਪਾਕਿਸਤਾਨੀ ਫੌਜ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕਰ ਰਹੀ ਹੈ। ਮੰਗਲਵਾਰ ਨੂੰ ਇਸ ਗੋਲੀਬਾਰੀ ‘ਚ ਇਕ 8 ਮਹੀਨੇ ਦੇ ਬਚੇ ਦੀ ਮੌਤ ਹੋ ਗਈ ਸੀ, ਉਥੇ ਸੋਮਵਾਰ ਨੂੰ ਜ਼ਖਮੀ ਹੋਈ ਇਕ ਔਰਤ ਨੇ ਵੀ ਮੰਗਲਵਾਰ ਨੂੰ ਦੰਮ ਤੋੜ ਦਿਤਾ ਹੈ। ਪਾਕਿਸਤਾਨ ਦੀ ਇਸ ਨਾਪਾਕ ਹਰਕਤ ‘ਤੇ ਭਾਰਤ ਨੇ ਸ਼ਖਤ ਪ੍ਰਤੀਕਿਰਿਆ ਦਿਤੀ ਹੈ।ਬੀ.ਐਸ.ਐਫ. ਦੇ ਇਕ ਪ੍ਰੋਗਰਾਮ ‘ਚ ਰਾਜਨਾਥ ਸਿੰਘ ਨੇ ਕਿਹਾ ਕਿ ਸਾਡਾ ਗੁਆਂਢੀ ਸ਼ਾਂਤੀ ਨਹੀਂ ਚਾਹੁੰਦਾ ਹੈ।ਅਸੀਂ ਪਹਿਲੀ ਗੋਲੀ ਨਹੀਂ ਚਲਾਵਾਂਗੇ ਪਰ ਗੋਲੀ ਚਲਣ ‘ਤੇ ਉਸ ਦਾ ਸਹੀ ਜਵਾਬ ਦਿਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗੋਲੀ ਚਲਣ ‘ਤੇ ਸਾਡੇ ਜਵਾਨਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ। ਜਵਾਬੀ ਕਾਰਵਾਈ ‘ਤੇ ਜਵਾਨਾਂ ਤੋਂ ਕੋਈ ਕੁਝ ਨਹੀਂ ਪੁਛੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਹੈ। ਪਹਿਲੀ ਗੋਲੀ ਗੁਆਂਢੀ ‘ਤੇ ਨਹੀਂ ਚਲਣੀ ਚਾਹੀਦੀ ਪਰ ਜੇਕਰ ਉਧਰੋਂ ਗੋਲੀ ਚਲ ਜਾਂਦੀ ਹੈ ਤਾਂ ਕੀ ਕਰਨਾ ਹੈ ਇਸ ਦਾ ਫੈਸਲਾ ਤੁਸੀਂ ਕਰਨਾ ਹੈ।ਗ੍ਰਹਿ ਮੰਤਰੀ ਨੇ ਕਿਹਾ ਕਿ ਜੋ ਕੋਈ ਵੀ ਭਾਰਤ ਵਲ ਨਾਪਾਕ ਨਜ਼ਰ ਨਾਲ ਦੇਖੇਗਾ ਤਾਂ ਉਸ ਨੂੰ ਕਰਾਰਾ ਜਵਾਬ ਮਿਲੇਗਾ।



