..ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਦੇ ਮੁੱਦੇ ’ਤੇ ਗੁੰਮਰਾਹ ਕਰ ਰਿਹੈ ਮੋਦੀ : ਤਿਵਾੜੀ

image ਨਵੀਂ ਦਿੱਲੀ 24 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਕਾਂਗਰਸ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ ਕਿ ਉਹ ਗੁਜਰਾਤ ਦੇ ਕੱਛ ਖੇਤਰ ’ਚ ਵਸੇ ਸਿੱਖ ਕਿਸਾਨਾਂ ਦੇ ਮੁੱਦੇ ’ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਗੁਜਰਾਤ ਸਰਕਾਰ ਨੇ ਹਾਲ ਹੀ ਵਿੱਚ ਇਕ ਹੁਕਮ ਜਾਰੀ ਕੀਤਾ ਹੈ, ਜਿਸ ਦੇ ਤਹਿਤ ਕੱਛ ਖੇਤਰ ’ਚ ਦੂਸਰੇ ਰਾਜਾਂ ਤੋਂ ਆ ਕੇ ਵਸੇ ਕਿਸਾਨਾਂ ਕੋਲੋਂ ਜ਼ਮੀਨ ਦੀ ਮਾਲਕੀ ਦਾ ਹੱਕ ਖੋਹ ਲਿਆ ਗਿਆ ਹੈ। ਲੰਘੇ ਦਿਨ ਲੁਧਿਆਣਾ ਨੇੜੇ ਜਗਰਾਓਂ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਸੀ ਕਿ ਕੱਛ ਖੇਤਰ ’ਚੋਂ ਕਿਸੇ ਵੀ ਕਿਸਾਨ ਨੂੰ ਕੱਢਿਆ ਨਹੀਂ ਜਾਵੇਗਾ ਤੇ ਅਜਿਹੇ ਮਾਮਲਿਆਂ ’ਚ ਕੋਈ ਅਧਿਕਾਰੀ ਸ਼ਾਮਿਲ ਹੋਇਆ ਤਾਂ ਉਸ ਵਿਰੁੱਧ ਕਾਰਵਾਈ

ਕੀਤੀ ਜਾਵੇਗੀ। ਕਾਂਗਰਸ ਆਗੂ ਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਨਾ ਕਰਨ ਤੇ ਉਨ੍ਹਾਂ ਕੋਲੋਂ ਮਾਲਕੀ ਦੇ ਹੱਕ ਨਾ ਖੋਹਣ ਦੀ ਗੱਲ ਕਰਕੇ ਮੋਦੀ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾ ਰਹੇ ਹਨ। ਤਿਵਾੜੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਗੁਜਰਾਤ ਦੇ ਮੁਖ ਮੰਤਰੀ ਕਿਸਾਨਾਂ ਨਾਲ ਧੱਕੇ ਲਈ ਅਧਿਕਾਰੀਆਂ ਨੂੰ ਦੋਸ਼ ਦੇ ਰਹੇ ਹਨ ਤੇ ਆਪਣੇ ਆਪ ਨੂੰ ਇਸ ਸਾਰੇ ਮਾਮਲੇ ’ਚ ਦੁੱਧ ਧੋਤਾ ਦੱਸ ਰਹੇ ਹਨ।

Send this to a friend