ਕੇਜਰੀਵਾਲ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਪੁੱਛੇ ਚਾਰ ਸਵਾਲ

image ਨਵੀਂ ਦਿੱਲੀ, 24 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਤੋਂ ਚਾਰ ਸਵਾਲਾਂ ਦੇ ਜਵਾਬ ਪੁੱਛੇ। ਜ਼ਿਕਰਯੋਗ ਹੈ ਕਿ ਸ੍ਰੀ ਕੇਜਰੀਵਾਲ ਨੇ ਕੱਲ੍ਹ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਵੀ ਚਿੱਠੀ ਲਿਖ ਕੇ ਸਵਾਲਾਂ ਦੇ ਜਵਾਬ ਮੰਗੇ ਸਨ। ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ ਤੋਂ ਪੁੱਛਿਆ ਹੈ ਕਿ ਕੀ ਤੁਸੀਂ ਮੁਕੇਸ਼ ਅੰਬਾਨੀ ਦੀ ਕੰਪਨੀ ਨੂੰ ਗੈਸ ਲਈ ਅੱਠ ਡਾਲਰ ਪ੍ਰਤੀ ਯੂਨਿਟ ਦੇਣ ਦੇ ਫੈਸਲੇ ਦਾ ਸਮਰਥਨ ਕਰਦੇ ਹੋ? ਜੇਕਰ ਨਹੀਂ ਤਾਂ ਤੁਸੀਂ ਸਰਕਾਰ ਨੂੰ ਕਰਾਰ ਖ਼ਤਮ ਕਰਨ ਲਈ ਕਹੋਗੇ? ਤੁਹਾਡਾ ਤੇ ਤੁਹਾਡੀ ਪਾਰਟੀ ਦਾ ਅੰਬਾਨੀ ਨਾਲ ਕੀ ਸਬੰਧ ਹੈ? ਤੁਹਾਡੇ ਚੋਣ ਪ੍ਰਚਾਰ ’ਤੇ ਕਿੰਨਾ

ਖਰਚਾ ਹੋ ਰਿਹਾ ਹੈ ਤੇ ਇਸ ਪੈਸੇ ਦਾ ਸ੍ਰੋਤ ਕੀ ਹੈ? ਕੀ ਤੁਸੀਂ ਵਿਰੱਪਾ ਮੋਇਲੀ ਨੂੰ ਲੋਕ ਸਭਾ ਦਾ ਟਿਕਟ ਦੇਵੋਗੇ? ਸਲਮਾਨ ਖੁਰਸ਼ੀਦ, ਕਪਿਲ ਸਿੱਬਲ, ਕਮਲਨਾਥ, ਸ਼ਰਦ ਪਵਾਰ, ਪੀ. ਚਿਦੰਬਰਮ ਵਰਗੇ ਮੰਤਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਆਗਾਮੀ ਲੋਕ ਸਭਾ ਚੋਣਾਂ ਵਿਚ ਤੁਸੀਂ ਇਨ੍ਹਾਂ ਸਾਰਿਆਂ ਨੂੰ ਟਿਕਟ ਦੇਵੋਗੇ? ਅਰਵਿੰਦ ਕੇਜਰੀਵਾਲ ਨੇ ਇਸ ਤੋਂ ਪਹਿਲਾਂ ਕੱਲ੍ਹ ਨਰਿੰਦਰ ਮੋਦੀ ਨੂੰ ਵੀ ਕੁਝ ਅਜਿਹੇ ਸਵਾਲਾਂ ਦੇ ਜਵਾਬ ਦੇਣ ਲਈ ਚਿੱਠੀ ਲਿਖੀ ਸੀ। ਉਨ੍ਹਾਂ ਨੇ ਰੋਹਤਕ ਵਿਖੇ ਕਿਹਾ ਸੀ ਕਿ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ, ਪਰ ਸੱਤਾ ਦੀ ਚਾਬੀ ਅੰਬਾਨੀ ਭਰਾਵਾਂ ਕੋਲ ਹੀ ਰਹਿੰਦੀ ਹੈ। ਉਨ੍ਹਾਂ ਨੇ ਦੋਨਾਂ ਭਰਾਵਾਂ ਦੇ ਵਿਦੇਸ਼ੀ ਬੈਂਕ ਖਾਤਿਆਂ ਦੇ ਨੰਬਰ ਵੀ ਜਨਤਕ ਕੀਤੇ ਸਨ।

Send this to a friend