ਪੁਲਿਸ ਲਾਠੀਚਾਰਜ ਨਾਲ ਮਰੇ ਕਿਸਾਨ ਦਾ ਅੰਤਿਮ ਸਸਕਾਰ

image ਅੰਮ੍ਰਿਤਸਰ, 23 ਫਰਵਰੀ (ਮਨਿੰਦਰ ਸਿੰਘ ਗੋਰੀ)-ਬਿਜਲੀ ਵਿਭਾਗ ਪਾਸੋਂ ਆਪਣੀਆਂ ਮੰਗਾਂ ਮਨਵਾਣ ਗਏ ਕਿਸਾਨਾਂ ਉਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਨਾਲ ਮਾਰੇ ਗਏ ਕਿਸਾਨ ਬਹਾਦਰ ਸਿੰਘ ਦਾ ਅੱਜ ਉਸਦੇ ਪਿੰਡ ਬੰਡਾਲਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੱਜ ਸਵੇਰੇ ਸਖਤ ਪੁਲਿਸ ਪਹਿਰੇ ਹੇਠ ਬਹਾਦਰ ਸਿੰਘ ਦਾ ਤਕ ਸਰੀਰ ਇਕ ਟਰਾਲੀ ਵਿੱਚ ਸਥਾਨਿਕ ਪੋਸਟ ਮਾਰਟਮ ਹਾਊਸ ਤੋਂ ਰਵਾਨਾ ਹੋਇਆ ਜੋ ਤਿੰਨ ਵਜੇ ਪਿੰਡ ਬੰਡਾਲਾ ਪੁੱਜਾ। ਬਹਾਦਰ ਸਿੰਘ ਦੀ ਆਪਣੀ ਬਹਿਕ ਤੇ ਪਰਿਵਾਰਕ ਜੀਆਂ ਸਮੇਤ ਸੈਂਕੜੇ ਇਲਾਕਾ ਨਿਵਾਸੀ ਉਸਦੇ ਅੰਤਮ ਦਰਸ਼ਨ ਕਰਨ ਪੁਜੇ ਹੋਏ ਸਨ।ਜਿਉਂ ਹੀ ਬਹਾਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਨੇ ਇਸ਼ਨਾਨ ਦੀ ਮਨਸ਼ਾ ਨਾਲ ਪਾਣੀ ਵਾਲੇ ਕੱਪੜੇ ਨਾਲ ਸਾਫ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੀਆਂ ਅੱਖਾਂ ਖੁਲ੍ਹੀਆਂ ਹੀ

ਰਿਹ ਗਈਆਂ। ਬਹਾਦਰ ਸਿੰਘ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਵਿੱਚ ਖੋਪੜੀ ’ਚੋਂ ਖੂਨ ਰਿਸ ਰਿਹਾ ਸੀ। ਦੋ ਤਿੰਨ ਵਾਰ ਖੂਨ ਸਾਫ ਕਰਨ ’ਤੇ ਵੀ ਜਦ ਖੂਨ ਨਾ ਰੁਕਿਆ ਤਾਂ ਇਸ ਜਖਮ ਨੂੰ ਨੇੜਿਉਂ ਵੇਖਿਆ ਗਿਆ ਤਾਂ ਇਹ ਗੋਲ ਅਕਾਰ ਦਾ ਨਿਸ਼ਾਨ ਖੋਪੜੀ ਦੀ ਹੱਡੀ ਦੇ ਵਿੱਚ ਸੀ। ਮੌਕੇ ’ਤੇ ਖੜੇ ਸ਼ਹਿਰੀ ਕਾਂਗਰਸ ਦੇ ਉਮੇਦ ਰਸੀਮ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਬਲਦੇਵ ਸਿੰਘ ਸਿਰਸਾ ਨੇ ਮੌਕੇ ’ਤੇ ਮੌਜੂਦ ਮੀਡੀਆ ਕੈਮਰਾ ਮੈਨ ਅਤੇ ਪੱਤਰਕਾਰਾਂ ਨੂੰ ਇਹ ਦ੍ਰਿਸ਼ ਵਿਖਾਇਆ। ਇਸ ਉਪਰੰਤ ਬਹਾਦਰ ਸਿੰਘ ਦੀ ਦੇਹ ਨੂੰ ਨੇੜਲੇ ਗੁਰਦੁਆਰਾ ਸਾਹਿਬ ਲਿਝਾਇਆ ਗਿਆ ਜਿਥੇ ਵੱਖ-ਵੱਖ ਧਾਰਮਿਕ ਸਮਾਜਿਕ ਤੇ ਰਾਜਸੀ ਜਥੇਬੰਦੀਆਂ ਦੇ ਆਗੂਆਂ ਨੇ ਲੋਈਆਂ, ਦੁਸ਼ਾਲੇ ਤੇ ਸਿਰੋਪਾਉ ਭੇਟ ਕਰ ਬਹਾਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ. ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਕ ਪਾਸੇ ਤਾਂ ਅੱਜ ਦੇ ਦਿਨ ਪੰਜਾਬ ਦੀ ਪੰਥਕ ਕਹਾਉਣ ਵਾਲੀ ਸਰਕਾਰ, ਗੁਜਰਾਤ ਵਿੱਚ ਕਿਸਾਨਾਂ ਦਾ ਉਜਾੜਾ ਕਰਨ ਵਾਲੇ ਮੋਦੀ ਦੀ ਆਮਦ ਤੇ ਫਤਿਹ ਦਿਵਸ ਮਨਾ ਰਹੀ ਹੈ। ਦੂਸਰੇ ਪਾਸੇ ਉਸੇ ਸਰਕਾਰ ਨੂੰ ਪਾਲਣ ਵਾਲੇ ਕਿਸਾਨ ਪੁਲਿਸ ਦੀਆਂ ਗੋਲੀਆਂ ਨਾਲ ਮਰਨ ਲਈ ਮਜਬੂਰ ਕੀਤੇ ਜਾ ਰਹੇ ਹਨ।ਅੰਮਿਰਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬਹਾਦਰ ਸਿੰਘ ਦੀ ਚਿੱਟੇ ਦਿਨ ਪੁਲਿਸ ਹਥੌਂ ਹੋਈ ਮੌਤ ਨੇ ਬਾਦਲ ਸਰਕਾਰ ਦੇ ਕਿਸਾਨ ਹਿਤੈਸ਼ੀ ਹੋਣ ਦਾ ਪਰਦਾ ਫਾਸ ਕਰ ਦਿੱਤਾ ਹੈ  ਜਿਉਂ ਹੀ ਬਹਾਦਰ ਸਿੰਘ ਦਾ ਮ੍ਰਿਤਕ ਸਰੀਰ ਉਸਦੇ ਆਪਣੇ ਹੀ ਖੇਤ ਦੇ ਇੱਕ ਕੌਨੇ ਵਿਚ ਤਿਆਰ ਕੀਤੀ ਚਿਖਾ ਤੇ ਰੱਖਿਆ ਗਿਆ ਤਾਂ ਹਰ ਪਾਸੇ ‘ਬਹਾਦਰ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ‘ਪੰਜਾਬ ਦੀ ਅਕਾਲੀ ਭਾਜਪਾ ਬੁੱਚੜ ਸਰਕਾਰ ਮੁਰਦਾਬਾਦ’ ‘ਬੰਡਾਲੇ ਦੀ ਧਰਤੀਏ ਤੈਨੂੰ ਲਾਲ ਸਲਾਮ’ ਦੇ ਅਕਾਸ਼ ਗੂੰਜਾਊ ਨਾਅਰਿਆਂ ਨਾਲ ਮਾਹੌਲ ਗਰਮਾ ਗਿਆ। ਅੱਜ ਬੰਡਾਲਾ ਪਿੰਡ ਦੀ ਜੂਹ ਦੇ ਨੇੜੈ ਵੀ ਪੰਜਾਬ ਪੁਲਿਸ ਦਾ ਕੋਈ ਜਵਾਨ ਨਜਰ ਨਹੀ ਸੀ ਆ ਰਿਹਾ ਤੇ ਜਿਹੜੀ ਸੁਰੱਖਿਆ ਫੋਰਸ ਉਸ ਨੂੰ ਅੰਮ੍ਰਿਤਸਰੋਂ ਲੈਕੇ ਤੁਰੀ ਸੀ ਉਹ ਪਿੰਡ ਤੋਂ ਦੂਰ, ਰਾਹ ਵਿੱਚ ਹੀ ਖਿੰਡ ਗਈ। ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਗਿੱਲ, ਸ਼ਹਿਰੀ ਕਾਂਗਰਸ ਦੇ ਉਮੇਦ ਰਸੀਮ, ਕਾਂਗਰਸ ਅੰਮ੍ਰਿਤਸਰ ਦਿਹਾਤੀ ਦੇ ਪਰਧਾਨ ਗੁਰਜੀਤ ਸਿੰਘ ਔਜਲਾ,ਆਮ ਆਦਮੀ ਪਾਰਟੀ ਦੇ ਤਰਨਤਾਰਨ ਕਨਵੀਨਰ ਐਡਵੋਕੇਟ ਬੂਟਾ ਸਿੰਘ ਪੀਪਲਜ ਪਾਰਟੀ ਆਫ ਪੰਜਾਬ ਦੇ ਮਨਿੰਦਰ ਪਾਲ ਸਿੰਘ ਪਲਾਸੌਰ, ਪਰਮਵੀਰ ਸਿੰਘ ਤਰਨਤਾਰਨ,ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸ਼ਮਸ਼ੇਰ ਸਿੰਘ ਕੋਟਲੀ ਭਾਈ ਅਤੇ ਵੱਖ ਵੱਖ ਕਿਰਤੀ ਕਿਸਾਨ ਤੇ ਮਜਦੂਰ ਯੂਨੀਅਨਾਂ ਦੇ ਆਗੂ ਪਿੰਡ ਬੰਡਾਲਾ ਪੁਜੇ ਹੋਏ ਸਨ ਜਦਕਿ ਇਸੇ ਵਿਧਾਨ ਸਭਾ ਹਲਕਾ ਤੋਂ ਸ਼ਰੋਮਣੀ ਕਮੇਟੀ ਮੈਂਬਰ ਤੇ ਬਾਦਲ ਦਲ ਦੇ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਗੈਰ-ਹਾਜਰ ਸਨ।

Send this to a friend