ਸਮਾਣਾ, 14 ਮਈ (ਪ੍ਰੇਮ ਵਧਵਾ)- ਸਾਡੇ ਸਭ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਸਮਾਣਾ – ਪਾਤੜਾਂ ਇਲਾਕੇ ਦੇ ਮੰਨੇ-ਪ੍ਰਮੰਨੇ, ਉਚੀ ਸੋਚ ਤੇ ਸੱਚੇ ਵਿਚਾਰਾਂ ਦੇ ਧਾਰਨੀੇ ਡੀ. ਏ. ਵੀ. ਸਕੂਲ ਸਮਾਣਾ ਦੇ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਸਦਕਾ ਭਾਰਤ ਦੀ ਨਾਮਵਰ ਸੰਸਥਾ ਦਾ ਫੈਡਰੇਸ਼ਨ ਆਫ ਐਜੂਕੇਸ਼ਨਲ ਪਬਲਿਸ਼ਰਜ ਇਨ ਇੰਡੀਆ ਵੱਲੋਂ ਵਰ੍ਹੇ 2018 ਲਈ ਉਨ੍ਹਾਂ ਨੂੰ ਵਿਲੱਖਣ ਸਿੱਖਿਆਕਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਅਵਾਰਡ ਇੰਡੀਆ ਇੰਟਰਨੈਸ਼ਨਲ ਸੈਂਟਰ,ਲੋਧੀ ਅਸਟੇਟ ਨਵੀਂ ਦਿੱਲੀ ਵਿਖੇ 12 ਮਈ 2018 ਨੂੰ ਆਯੋਜਿਤ ਹੋਈ ਸਲਾਨਾ ਸਿੱਖਿਅਕ ਪਬਲਿਸ਼ਿੰਗ ਕਾਨਫਰੰਸ ਦੇ ਅਵਾਰਡ ਸਮਾਗਮ ਵਿੱਚ ਦਿੱਤਾ ਗਿਆ ਹੈ। ਜਿਸ ਲਈ ਅਸੀਂ ਸਾਰੇ ਖਾਸ ਵਧਾਈ ਦੇ ਪਾਤਰ ਹਾਂ । ਇਸ ਸਮਾਗਮ ਵਿੱਚ ਡਾ. ਜੀ. ਇਮੈਨੁਅਲ (ਚੇਅਰਮੈਨ, ਕਾਊਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮਿਨੇਸ਼ਨ) ਅਤੇ ਸ੍ਰੀ ਜਗਦੀਸ਼ ਚੰਦਰ ਗੋਇਲ (ਚੇਅਰਮੈਨ, ਜੇ. ਸੀ. ਪਬਲਿਕੇਸ਼ਨਜ,ਨਵੀਂ ਦਿੱਲੀ) ਵੱਲੋਂ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ । ਸਿੱਖਿਆ ਦੇ ਪੱਧਰ ਨੂੰ ਉਚਾ ਚੁੱਕਣ ਲਈ ਜਿਸ ਤਰ੍ਹਾਂ ਡਾ. ਮੋਹਨ ਲਾਲ ਸ਼ਰਮਾ ਜੀ ਵੱਲੋਂ ਲਗਾਤਾਰ ਪਿਛਲੇ 25 ਸਾਲਾਂ ਤੋਂ ਅਣਥੱਕ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਹਨ, ਉਸ ਤੋਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹਾਂ। ਡਾ. ਸਾਹਿਬ ਵੱਲੋਂ ਬੜੀ ਖੁੱਲ੍ਹ-ਦਿਲੀ ਤੇ ਨੇਕ- ਨੀਅਤ ਨਾਲ ਸਮਾਜ ਭਲਾਈ ਕਾਰਜਾਂ ਲਈ ਅਰੰਭੀ ਇਸ ਮੁਹਿੰਮ ਲਈ ਅਸੀਂ ਉਨ੍ਹਾਂ ਦੇ ਤਹਿ- ਦਿਲੋਂ ਧੰਨਵਾਦੀ ਹਾਂ ਤੇ ਆਸ਼ਾ ਕਰਦੇ ਹਾਂ ਕਿ ਉਹ ਆਪਣੇ ਮਿੱਥੇ ਉਦੇਸ਼ਾਂ ਨੂੰ ਪੂਰੇ ਕਰ ਕਾਮਯਾਬੀ ਪ੍ਰਾਪਤ ਕਰਨ ਅਤੇ ਇਸੇ ਤਰ੍ਹਾਂ ਸਫਲਤਾ ਦੀਆਂ ਸਿਖਰਾਂ ਨੂੰ ਛੂੰਹਦੇ ਰਹਿਣ।
ਪ੍ਰਿ. ਡਾ. ਮੋਹਨ ਲਾਲ ਸ਼ਰਮਾ ਵਿਲੱਖਣ ਸਿੱਖਿਆਕਾਰ ਐਵਾਰਡ ਨਾਲ ਸਨਮਾਨਿਤ



