ਮਾਮਲਾ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦੇਣ ਦਾ
ਤਲਵੰਡੀ ਸਾਬੋ, 22 ਫਰਵਰੀ (ਰਣਜੀਤ ਸਿੰਘ ਰਾਜੂ)-ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨੂੰ ਮੁਆਵਜਾ ਦੁਆਉੇਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਕੀਤੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੁਆਵਜਾ ਦੇਣ ਦੀ ਮੰਗ ਮੰਨ ਲੈਣ ਤੋਂ ਬਾਦ ਕੱਲ ਸਥਾਨਕ ਤਹਿਸੀਲਦਾਰ ਅਵਤਾਰ ਸਿੰਘ ਮੱਕੜ ਤੋਂ ਮੁਆਵਜਾ ਰਾਸ਼ੀ ਲੈਣ ਆਏ ਕਿਸਾਨਾਂ ਵੱਲੋਂ ਤਹਿਸੀਲਦਾਰ ਤੇ ਮੁਆਵਜਾ ਰਾਸ਼ੀ ਦੇ ਚੈੱਕ ਦੇਣ ਵਿੱਚ ਆਨਾਕਾਨੀ ਕਰਨ ਦੇ ਦੋਸ਼ ਲਾਉਦਿਆਂ ਤਹਿਸੀਲਦਾਰ ਦਫਤਰ ਦਾ ਕੀਤਾ ਘਿਰਾਉ ਅੱਜ ਜਿੱਥੇ ਦੂਜੇ ਦਿਨ ਜਾਰੀ ਰਿਹਾ ਉੱਥੇ ਅਧਿਕਾਰੀਆਂ ਦੀ ਲਾਪ੍ਰਵਾਹੀ ਤੋਂ ਭੜਕੇ ਕਿਸਾਨਾਂ ਨੇ ਬਠਿੰਡਾ ਰੋਡ ਜਾਮ ਕਰਨ ਲਈ ਜਿਉਂ ਹੀ ਕੂਚ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਨਿਸ਼ਾਨ ਏ ਖਾਲਸਾ ਚੌਂਕ ਵਿੱਚ ਰੋਕ ਲਿਆ ਜਿੱਥੇ ਧਰਨਾ ਚੱਲ ਰਿਹਾ ਸੀ।
ਇੱਥੇ ਦੱਸਣਾ ਬਣਦਾ ਹੈ ਕਿ ਬਠਿੰਡਾ ਵਿਖੇ ਕਈ ਦਿਨ ਕਿਸਾਨਾਂ ਵੱਲੋਂ ਜਬਰਦਸਤ ਰੋਸ ਮੁਜਾਹਰਾ ਕਰਨ ਤੋਂ ਬਾਦ ਆਖਿਰ ਪੰਜਾਬ ਸਰਕਾਰ ਨੂੰ ਕਿਸਾਨਾਂ ਮਜਦੂਰਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ ਸੀ ਤੇ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਮਜਦੂਰਾਂ ਨੂੰ ਆਰਥਿਕ ਸਹਾਇਤਾ 21 ਫਰਵਰੀ ਤੱਕ ਦੇਣ ਦੇ ਲਿਖਤੀ ਭਰੋਸੇ ਤੋਂ ਬਾਦ ਸੰਘਰਸ਼ ਖਤਮ ਕਰ ਦਿੱਤਾ ਗਿਆ ਸੀ।ਬੀਤੇ ਕੱਲ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂਆਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੀੜਿਤ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਦਿੱਤੇ ਸਮੇਂ ਮੁਤਾਬਿਕ ਸਰਕਾਰ ਵੱਲੋਂ ਐਲਾਨੀ ਸਹਾਇਤਾ ਰਾਸ਼ੀ ਲੈਣ ਲਈ ਤਲਵੰਡੀ ਸਾਬੋ ਦੇ ਤਹਿਸੀਲਦਾਰ ਅਵਤਾਰ ਸਿੰਘ ਮੱਕੜ ਦੇ ਦਫਤਰ ਪਹੁੰਚੇ ਤਾਂ ਤਹਿਸੀਲਦਾਰ ਤੇ ਚੈੱਕ ਦੇਣ ਵਿੱਚ ਆਨਾਕਾਨੀ ਦੇ ਦੋਸ਼ ਲਾਂਉਦਿਆਂ ਕਿਸਾਨਾਂ ਨੇ ਤਹਿਸੀਲਦਾਰ ਦੇ ਦਫਤਰ ਦਾ ਘਿਰਾਉ ਕਰਕੇ ਚੈੱਕ ਨਾਂ ਦੇਣ ਤੱਕ ਤਹਿਸੀਲਦਾਰ ਨੂੰ ਦਫਤਰ ਵਿੱਚੋਂ ਨਾਂ ਨਿੱਕਲਣ ਦੇਣ ਦਾ ਐਲਾਨ ਕਰ ਦਿੱਤਾ ਸੀ।
ਅਧਿਕਾਰੀਆਂ ਦੇ ਦੱਸਣ ਮੁਤਾਬਿਕ ਚੈੱਕ ਐੱਸ.ਡੀ.ਐੱਮ ਦੇ ਦਸਤਖਤਾਂ ਤੇ ਹੀ ਜਾਰੀ ਹੋ ਸਕਦੇ ਸਨ ਪ੍ਰੰਤੂ ਤਲਵੰਡੀ ਸਾਬੋ ਦੀ ਐੱਸ.ਡੀ.ਐੱਮ ਛੁੱਟੀ ਤੇ ਸੀ ਇਸਲਈ ਕਿਸਾਨਾਂ ਦੀ ਜਿੱਦ ਅੱਗੇ ਝੁਕਦਿਆਂ ਦੇਰ ਰਾਤ ਕਰੀਬ 10 ਵਜੇ ਮੌੜ ਮੰਡੀ ਦੇ ਐੱਸ.ਡੀ.ਐੱਮ ਪਰਮਦੀਪ ਸਿੰਘ ਨੂੰ ਬੁਲਾ ਕੇ ਕੁਝ ਚੈੱਕ ਤਾਂ ਮੌਕੇ ਤੇ ਹੀ ਦੇ ਦਿੱਤੇ ਗਏ ਤੇ ਬਾਕੀ ਚੈੱਕ ਸਵੇਰੇ ਦੇਣ ਦਾ ਵਾਅਦਾ ਕਰਨ ਤੇ ਕਿਸਾਨਾਂ ਨੇ ਰੋਸ ਧਰਨਾ ਚੁੱਕ ਲਿਆ ਪ੍ਰੰਤੂ ਅੱਜ ਸਵੇਰੇ ਜਦੋਂ ਕਿਸਾਨ ਅਤੇ ਪੀੜਿਤ ਪਰਿਵਾਰ ਬਾਕੀ ਰਹਿੰਦੇ ਚੈੱਕ ਲੈਣ ਪਹੁੰਚੇ ਤਾਂ ਅਧਿਕਾਰੀਆਂ ਵੱਲੋਂ ਸਾਰੇ ਪੀੜਿਤਾਂ ਨੂੰ ਚੈੱਕ ਦੇਣ ਵਿੱਚ ਅਸਮਰਥਤਾ ਜਤਾਉਣ ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਦੁਬਾਰਾ ਸ਼ੁਰੂ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਾਰੀ ਸੂਚੀ ਮੁਤਾਬਿਕ ਜਿਨ੍ਹਾਂ ਨੂੰ ਸਹਾਇਤਾ ਰਾਸ਼ੀ ਐਲਾਨੀ ਗਈ ਹੈ ਉਨ੍ਹਾਂ ਨੂੰ ਹੀ ਫਿਲਹਾਲ ਚੈੱਕ ਦਿੱਤੇ ਜਾ ਸਕਦੇ ਹਨ। ਜਦੋਂਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਸਹਾਇਤਾ ਰਾਸ਼ੀ ਐਲਾਨੀ ਗਈ ਹੈ ਉਨ੍ਹਾਂ ਨੂੰ ਵੀ ਚੈੱਕ ਨਹੀ ਦਿੱਤੇ ਜਾ ਰਹੇ ਉਨ੍ਹਾਂ ਕਿਹਾ ਕਿ ਰਾਤ ਕੀਤੇ ਵਾਅਦੇ ਮੁਤਾਬਿਕ ਅਧਿਕਾਰੀ ਸਾਰੇ ਪੀੜਿਤਾਂ ਨੂੰ ਚੈੱਕ ਵੰਡਣ ਤੇ ਜਦੋਂ ਤੱਕ ਸਾਰਿਆਂ ਨੂੰ ਚੈੱਕ ਨਹੀ ਵੰਡੇ ਜਾਂਦੇ ਸੰਘਰਸ਼ ਜਾਰੀ ਰਹੇਗਾ।ਉੱਧਰ ਜਦੋਂ ਅਧਿਕਾਰੀਆਂ ਨੇ ਕੋਈ ਗੱਲਬਾਤ ਨਾਂ ਸੁਣੀ ਤਾਂ ਬਾਦ ਦੁਪਹਿਰ ਵੱਡੀ ਗਿਣਤੀ ਕਿਸਾਨਾਂ ਤੇ ਬੀਬੀਆਂ ਨੇ ਬਠਿੰਡਾ ਰੋਡ ਨੂੰ ਜਾਮ ਕਰਨ ਲਈ ਬਠਿੰਡਾ ਰੋਡ ਵੱਲ ਕੂਚ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਅੱਜ ਬਾਦ ਦੁਪਹਿਰ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ ਦੇ ਦੌਰੇ ਤੇ ਆਉੇਣਾ ਸੀ।ਨਾਇਬ ਤਹਿਸੀਲਦਾਰ ਮਹਿੰਦਰ ਸਿੰਘ ਢਿੱਲੋਂ ਅਤੇ ਐੱਸ.ਐੱਚ.ਓ ਪ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਕਿਸਾਨਾਂ ਨੂੰ ਸਥਾਨਕ ਨਿਸ਼ਾਨ ਏ ਖਾਲਸਾ ਚੌਂਕ ਰੋਕ ਲਿਆ ਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਚੈੱਕ ਲੈ ਕੇ ਇੱਥੇ ਹੀ ਆ ਰਹੇ ਹਨ।ਜਿਸ ਤੇ ਕਿਸਾਨਾਂ ਨੇ ਚੌਂਕ ਵਿਖੇ ਧਰਨਾ ਲਾ ਦਿੱਤਾ ਅਤੇ ਨੰਨ੍ਹੀ ਛਾਂ ਮੁਰਦਾਬਾਦ,ਪੰਜਾਬ ਸਰਕਾਰ ਮੁਰਦਾਬਾਦ ਅਤੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਲਾ ਕੇ ਨਿਸ਼ਾਨ ਏ ਖਾਲਸਾ ਚੌਂਕ ਨੂੰ ਚੰਡੀਗੜ ਦੇ ਮਟਕਾ ਚੌਂਕ ਦਾ ਰੂਪ ਦੇ ਦਿੱਤਾ।ਸ਼ਾਮ ਤੱਕ ਅਧਿਕਾਰੀਆਂ ਵੱਲੋਂ ਕੋਈ ਠੋਸ ਹੱਲ ਨਾਂ ਕੱਢੇ ਜਾਣ ਤੇ ਕਿਸਾਨਾਂ ਨੇ ਮੁੱਖ ਮੰਤਰੀ ਬਾਦਲ ਦੀ ਅਰਥੀ ਸਾੜੀ ਤੇ ਐੱਸ.ਡੀ.ਐਮ ਦਫਤਰ ਦਾ ਚੈੱਕ ਨਾਂ ਮਿਲਣ ਤੱਕ ਘਿਰਾਉ ਜਾਰੀ ਰੱਖਣ,23 ਫਰਵਰੀ ਨੂੰ ਪਿੰਡਾਂ ਵਿੱਚ ਬਾਦਲ ਅਤੇ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਅਤੇ ਘਰਾਂ ਤੇ ਕਾਲੀਆਂ ਝੰਡੀਆਂ ਲਾਉਣ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨ ਆਗੂ ਮੋਹਣ ਸਿੰਘ ਚੱਠੇਵਾਲਾ, ਜਸਵੀਰ ਸਿੰਘ ਬੁਰਜ ਸੇਮਾ, ਬਹੱਤਰ ਸਿੰਘ ਨੰਗਲਾ, ਜਗਦੇਵ ਸਿੰਘ ਜੋਗੇਵਾਲਾ, ਬਲਜੀਤ ਸਿੰਘ ਕਲਾਲਵਾਲਾ, ਜਰਨੈਲ ਸਿੰਘ ਬਹਿਮਣ, ਜੁਗਰਾਜ ਸਿੰਘ ਨੰਗਲਾ, ਜੱਗਰ ਸਿੰਘ ਤਿਉਣਾ ਆਦਿ ਹਾਜ਼ਰ ਸਨ।