ਮੋਦੀ ਦੀ ਫਤਿਹ ਰੈਲੀ ਅੱਜ, ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਐੱਨ.ਡੀ.ਏ. ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਕੱਲ੍ਹ 23 ਫਰਵਰੀ ਨੂੰ ਜਗਰਾਓਂ ਵਿਖੇ  ਹੋਣ ਵਾਲੀ ਰੈਲੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਲਿਆ ਗਿਆ ਹੈ, ਜਿਸ ਅਨੁਸਾਰ ਇਸ ਵਿਸ਼ਾਲ ਰੈਲੀ ਵਿੱਚ 5 ਲੱਖ ਤੋਂ ਵੱਧ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਫਤਿਹ ਰੈਲੀ ਦੀ ਕਾਮਯਾਬੀ ਲਈ ਪੱਬਾਂ ਭਾਰ ਹਨ। ਇਸ ਰੈਲੀ ਉੱਪਰ ਸਭ ਦੀਆਂ ਨਜ਼ਰਾਂ ਇਸ ਲਈ ਵੀ ਟਿਕੀਆਂ ਹੋਈਆਂ ਹਨ ਕਿ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਰੈਲੀ ਦਾ ਬਾਈਕਾਟ ਕੀਤਾ ਗਿਆ ਹੈ। ਸ੍ਰੀ ਮੋਦੀ ਦੀ ਰੈਲੀ ਦੇ ਨਾਲ ਹੀ ਪੰਜਾਬ ’ਚ ਚੋਣ ਮੈਦਾਨ ਭਖਣਾ ਸ਼ੁਰੂ ਹੋ ਜਾਏਗਾ। ਪਠਾਨਕੋਟ ਤੋਂ ਬਾਅਦ

ਨਰਿੰਦਰ ਮੋਦੀ ਦੀ ਪੰਜਾਬ ’ਚ ਦੂਸਰੀ ਰੈਲੀ ਹੋਵੇਗੀ। ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਕਾਰਜਕਾਲ ’ਚ ਸ੍ਰੀ ਮੋਦੀ ਜਿੱਥੇ ਦੂਸਰੀ ਵਾਰ ਰੈਲੀ ਕਰਨ ਆ ਰਹੇ ਹਨ ਉੱਥੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਦਾ ਵੀ ਪੰਜਾਬ ਦਾ ਵੀ ਇਹ ਦੂਸਰਾ ਦੌਰਾ ਹੋਵੇਗਾ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸਾਰੇ ਮੋਰਚਿਆਂ ਨੂੰ ਇਸ ਵਾਰ ਰੈਲੀ ਦੀਆਂ ਤਿਆਰੀਆਂ ਕਰਨ ਲਈ ਸ਼ਾਮਿਲ ਕੀਤਾ ਹੈ। ਹਰ ਮੋਰਚੇ ਵੱਲੋਂ ਫ਼ਤਿਹ ਰੈਲੀ ਨੂੰ ਜਾਗਰੂਕ ਕਰਨ ਤੇ ਇਸ ਵਿੱਚ ਸ਼ਾਮਿਲ ਹੋਣ ਲਈ ਕਈ ਨਵੇਂ ਪ੍ਰੋਗਰਾਮ ਦਿੱਤੇ ਗਏ ਹਨ। 23 ਫਰਵਰੀ ਦੀ ਫ਼ਤਿਹ ਰੈਲੀ ’ਚ ਇਹ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਸ੍ਰੀ ਮੋਦੀ ਨਾ ਸਿਰਫ਼ ਕੌਮੀ ਮੁੱਦੇ ਉਠਾ ਕੇ ਕਾਂਗਰਸ ’ਤੇ ਹਮਲਾ ਕਰ ਸਕਦੇ ਹਨ ਸਗੋਂ ਉਹ ਸਥਾਨਿਕ ਮੁੱਦਿਆਂ ’ਤੇ ਵੀ ਕਾਂਗਰਸ ’ਤੇ ਹਮਲੇ ਬੋਲ ਸਕਦੇ ਹਨ।

Send this to a friend