ਭੀਖੀ ਦੀ ਅਨਾਜ ਮੰਡੀ ਵਿੱਚ ਕੀਤੇ ਜਾਣਗੇ ਦੋ ਪ੍ਰੋਗਰਾਮ
ਮਾਨਸਾ/ਭੀਖੀ, 13 ਮਈ- ਬੁਢਲਾਡਾ-ਭੀਖੀ-ਮੂਨਕ ਸੜਕ ਐਨਐਚ 148 ਬੀ ਦਾ ਨੀਂਹ ਪੱਥਰ ਰੱਖਣ ਲਈ ਬੀਤੀ 10 ਮਈ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੈਂਸਲ ਕੀਤੇ ਜਾਣ ਵਾਲੇ ਤੋਂ ਬਾਅਦ ਕੱਲ ਨੂੰ ਰੱਖੇ ਜਾਣ ਵਾਲੇ ਨੀਂਹ ਪੱਥਰ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਆ ਗਈਆ ਹਨ। ਜਿੱਥੇ ਕੇਂਦਰ ਸਰਕਾਰ ਵੱਲੋਂ ਇਸ ਸੜਕ ਦਾ ਨੀਂਹ ਪੱਥਰ ਰੱਖਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਪੁੱਜ ਰਹੇ ਹਨ ਉਥੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬੀ ਐਂਡ ਆਰ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਹੋਰ ਮੰਤਰੀਆਂ ਦੇ ਪਹੁੰਚਣ ਦੀ ਪ੍ਰਬਲ ਸੰਭਾਵਨਾਂ ਹੈ। ਸਥਾਨਕ ਅਨਾਜ ਮੰਡੀ ਵਿਖੇ ਹੋ ਰਹੇ ਸਮਾਗਮਾਂ ਦੋਰਾਨ ਜਿੱਥੇ ਸ਼੍ਰੌਮਣੀ ਅਕਾਲੀ ਦਲ ਭਾਜਪਾ ਵੱਲੋਂ ਅਲੱਗ ਸਟੇਜ ਲਗਾਈ ਗਈ ਹੈ ਉਥੇ ਕਾਂਗਰਸ ਵੱਲੋਂ ਵੀ ਇਸ ਸੜਕ ਦਾ ਸਿਹਰਾ ਆਪਣੇ ਸਿਰ ਲੈਣ ਲਈ ਹੈਲੀਪੈਡ ਦੇ ਨਾਲ ਹੀ ਵੱਡੀ ਸਟੇਜ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਆਪੋ ਆਪਣੀਆਂ ਰੈਲੀਆਂ ਨੂੰ ਸਫਲ ਬਨਾਉਣ ਲਈ ਸੂਬੇ ਅੰਦਰ ਸੱਤਾਧਾਰੀ ਕਾਂਗਰਸ ਵੱਲੋਂ ਅਤੇ ਕੇਂਦਰੀ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਵੱਲੋਂ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ।ਵਰਨਣਯੋਗ ਹੈ ਕਿ ਇਸ ਸੜਕ ਦਾ ਸ਼ੋਸ਼ਲ ਮੀਡੀਆਂ ਤੇ ਕਾਫੀ ਭੰਡੀ ਪ੍ਰਚਾਰ ਹੋਣ ਤੋਂ ਬਾਦ ਕੇਂਦਰ ਸਰਕਾਰ ਨੇ 293 ਕਰੋੜ ਰੁਪਏ ਪਾਸ ਕਰਕੇ ਇਸ ਸੜਕ ਨੂੰ ਐਨਐਚ 148 ਬੀ ਦੇ ਤਹਿਤ ਬਨਾਉਣ ਲਈ ਰਾਸ਼ੀ ਜਾਰੀ ਕੀਤੀ ਹੈ।ਜਿਸ ਦੇ ਤਹਿਤ ਇਸ ਦਾ ਨੀਂਹ ਪੱਥਰ ਉਕਤ ਕੇਂਦਰੀ ਮੰਤਰੀਆਂ ਵੱਲੋਂ 10 ਮਈ ਨੂੰ ਰੱਖਿਆ ਜਾਣਾ ਸੀ ਪ੍ਰੰਤੂ ਕਿਸੇ ਕਾਰਨ ਕਰਕੇ ਉਹ ਪ੍ਰੋਗਰਾਮ ਮੁਲਤਵੀ ਹੋ ਗਿਆ।ਅਤੇ ਹੁਣ ਇਹ ਪਰੋਗਰਾਮ 14 ਮਈ ਨੂੰ ਰੱਖਿਆ ਗਿਆ ਸੀ ਐਨ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਇਸ ਦਾ ਸਿਹਰਾ ਲੈਣ ਲਈ ਸਰਕਾਰੀ ਤੌਰ ਤੇ ਫੰਕਸ਼ਨ ਰੱਖ ਦਿੱਤਾ ਗਿਆ ਹੈ।ਇਸ ਕੇਂਦਰ ਤੇ ਪੰਜਾਬ ਸਰਕਾਰ ਦੇ ਫੰਕਸ਼ਨਾ ਨੂੰ ਲੈ ਕੇ ਅਫਸਰਸ਼ਾਹੀ ਵੀ ਦੁਚਿੱਤੀ ਵਿੱਚ ਹੈ ਅਤੇ ਉਹ ਦੋਨਾ ਫੰਕਸ਼ਨਾਂ ਦੀ ਤਿਆਰੀ ਵਿੱਚ ਜੁਟੀ ਹੋਈ ਹੈ।ਪੱਤਰਕਾਰਾਂ ਦੀ ਟੀਮ ਨੇ ਜਦੋਂ ਅਨਾਜ ਮੰਡੀ ਦਾ ਦੋਰਾ ਕੀਤਾ ਤਾਂ ਉਥੇ ਇੱਕ ਮੇਲੇ ਵਰਗਾ ਮਾਹੌਲ ਸੀ ਅਤੇ ਦੋਨਾਂ ਫੰਕਸ਼ਨਾਂ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪ੍ਰੰਤੂ ਫਿਲਹਾਲ ਪ੍ਰਸ਼ਾਸਨ ਅਤੇ ਪਾਰਟੀ ਲੀਡਰਾ ਵੱਲੋਂ ਆਪੋ ਆਪਣੀਆ ਰੈਲੀਆਂ ਨੂੰ ਸਫਲ ਬਨਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ।
ਡੀਪੀਆਰਓ ਦਫਤਰ ਨੇ ਨਹੀ ਦਿੱਤੀ ਪੱਤਰਕਾਰਾਂ ਨੂੰ ਸੂਚਨਾ- ਡੀਪੀਆਰਓ ਦਫਤਰ ਵੱਲੋਂ ਇੰਨਾ ਪਰੋਗਰਾਮਾ ਸਬੰਧੀ ਆਪਣੇ ਕੁੱਝ ਚਹੇਤੇ ਪੱਤਰਕਾਰਾਂ ਨੂੰ ਛੱਡ ਕੇ ਕਿਸੇ ਨੂੰ ਵੀ ਸੂਚਿਤ ਨਹੀ ਕੀਤਾ ਜਿਸ ਸਬੰਧੀ ਪੱਤਰਕਾਰਾਂ ਵਿੱਚ ਭਾਰੀ ਰੋਸ ਹੈ।



