ਪੰਜਾਬੀਅਤ ਨੂੰ ਪ੍ਰਣਾਏ ਕਦਮਾਂ ਨੂੰ ਸਲਾਮ

ਡਾ. ਬਰਜਿੰਦਰ ਸਿੰਘ ਹਮਦਰਦ
ਮੁੱਖ ਸੰਪਾਦਕ ਰੋਜ਼ਾਨਾ ਅਜੀਤ ਸਮੂਹ

image 21 ਫਰਵਰੀ ਨੂੰ ਸੰਸਾਰ ਭਰ ‘ਚ ਲੋਕਾਂ ਵੱਲੋਂ ਮਾਂ-ਬੋਲੀ ਦਿਵਸ ਮਨਾਇਆ ਜਾਂਦਾ ਹੈ। 1999 ‘ਚ ਸ਼ੁਰੂ ਕੀਤਾ ਗਿਆ ਸੰਯੁਕਤ ਰਾਸ਼ਟਰ ਸੰਘ ਦਾ ਇਹ ਕਦਮ ਬੇਹੱਦ ਸ਼ਲਾਘਾਯੋਗ ਹੈ। ਦੁਨੀਆ ਭਰ ‘ਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰ ਬੋਲੀ ਦੀ ਸਥਾਨਕ ਘੇਰੇ ‘ਚ ਆਪਣੀ ਮਹੱਤਤਾ ਹੁੰਦੀ ਹੈ। ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਆਪਣੇ ਅੰਦਰ ਦੀਆਂ ਸਹੀ ਭਾਵਨਾਵਾਂ ਦਾ ਪ੍ਰਗਟਾਵਾ ਆਪਣੀ ਮਾਂ-ਬੋਲੀ ‘ਚ ਹੀ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ।ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਭਾਸ਼ਾਵਾਂ ਦੇ ਆਧਾਰ ‘ਤੇ ਸੂਬਿਆਂ ਦਾ ਪੁਨਰਗਠਨ ਕੀਤਾ ਗਿਆ। ਇਸ ਨਾਲ ਵੱਖ-ਵੱਖ ਬੋਲੀਆਂ ਤੇ ਸਥਾਨਕ ਸੱਭਿਆਚਾਰ ਵਧੇਰੇ ਸੁਰੱਖਿਅਤ ਰਹਿ ਸਕਦੇ ਸਨ ਪਰ ਪੰਜਾਬੀ ਬੋਲੀ ਦੀ ਇਹ ਬਦਕਿਸਮਤੀ ਰਹੀ ਹੈ ਕਿ ਇਸ ਨੂੰ ਹਮੇਸ਼ਾ ਹੀ ਵਿਚਾਰੀ ਬੋਲੀ ਸਮਝ ਕੇ ਅਣਗੌਲਿਆ ਕੀਤਾ ਜਾਂਦਾ ਰਿਹਾ। ਮੁਗਲਾਂ ਨੇ ਲੰਮਾ ਸਮਾਂ ਦੇਸ਼ ‘ਤੇ ਰਾਜ ਕੀਤਾ। ਉਨ੍ਹਾਂ ਦਾ ਪਿਛੋਕੜ ਅਰਬੀ-ਫ਼ਾਰਸੀ ਜ਼ਬਾਨਾਂ ਤੇ ਸੱਭਿਆਚਾਰਾਂ ਵਾਲਾ ਸੀ। ਇਸ ਲਈ ਦਰਬਾਰੀ ਤੇ ਹੋਰ ਕੰਮਕਾਰ ਦੀ ਬੋਲੀ ਫ਼ਾਰਸੀ ਬਣੀ ਰਹੀ। ਮਹਾਰਾਜਾ ਰਣਜੀਤ ਸਿੰਘ ਆਪਣੇ 40 ਕੁ ਸਾਲ

ਦੇ ਰਾਜ-ਕਾਲ ‘ਚ ਵੀ ਪੰਜਾਬੀ ਬੋਲੀ ਨੂੰ ਕੋਈ ਮਾਣਯੋਗ ਥਾਂ ਦਿਵਾਉਣ ‘ਚ ਅਸਮਰੱਥ ਰਹੇ। ਬਾਅਦ ‘ਚ ਅੰਗਰੇਜ਼ਾਂ ਨੇ ਜਿਥੇ ਉੱਪਰਲੀ ਪੱਧਰ ‘ਤੇ ਪ੍ਰਸ਼ਾਸਨ ਦਾ ਸਾਰਾ ਕੰਮਕਾਜ ਅੰਗਰੇਜ਼ੀ ਵਿਚ ਚਲਾਇਆ, ਉਥੇ ਉਨ੍ਹਾਂ ਨੇ ਪੰਜਾਬ ‘ਚ ਹੇਠਲੇ ਪੱਧਰ ‘ਤੇ ਸਰਕਾਰੀ ਕੰਮਕਾਜ ਦੀ ਬੋਲੀ ‘ਚ ਕੋਈ ਬਹੁਤਾ ਬਦਲਾਅ ਨਹੀਂ ਕੀਤਾ। ਜੇਕਰ ਪੰਜਾਬੀ ਜ਼ਬਾਨ ਜ਼ਿੰਦਾ ਰਹੀ ਤਾਂ ਇਹ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਲੋਕਾਂ ਤੇ ਆਮ ਲੋਕਾਂ ਦੀ ਬੋਲੀ ਹੋਣ ਕਾਰਨ ਜ਼ਿੰਦਾ ਰਹੀ। ਅਨੇਕਾਂ ਸੱਭਿਆਚਾਰਕ ਹਨੇਰੀਆਂ ਵੀ ਇਸ ਨੂੰ ਪੂਰੀ ਤਰ੍ਹਾਂ ਉਡਾ ਕੇ ਲਿਜਾ ਸਕਣ ‘ਚ ਕਾਮਯਾਬ ਨਹੀਂ ਹੋ ਸਕੀਆਂ। ਹੋਰ ਬੋਲੀਆਂ ਦੇ ਅਨੇਕਾਂ ਹੀ ਵੱਖ-ਵੱਖ ਤਰੀਕਿਆਂ ਨਾਲ ਕੀਤੇ ਹਮਲਿਆਂ ਵਿਚ ਵੀ ਪੰਜਾਬੀ ਦੇ ਪਿਆਰਿਆਂ ਨੇ ਇਸ ਦੀ ਜੋਤ ਨੂੰ ਹਮੇਸ਼ਾ ਹੀ ਜਗਦੀ ਰੱਖਿਆ। 1966 ‘ਚ ਚਾਹੇ ਪੰਜਾਬ ਨੂੰ ਕੱਟ-ਵੱਢ ਕੇ ਬਹੁਤ ਛੋਟਾ ਕਰ ਦਿੱਤਾ ਗਿਆ ਸੀ ਤੇ ਅਨੇਕਾਂ ਯਤਨਾਂ ਤੋਂ ਬਾਅਦ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਵੀ ਪ੍ਰਦਾਨ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਹੋਰ ਬੋਲੀਆਂ ਦੇ ਪੰਜਾਬੀ ਸਮਾਜ ਤੇ ਸੱਭਿਆਚਾਰ ਉੱਪਰ ਤਾਬੜ ਤੋੜ ਹਮਲੇ ਜਾਰੀ ਰਹੇ। ਇਸ ਲਈ ਅੱਜ ਵੀ ਇਸ ਛੋਟੇ ਜਿਹੇ ਸੂਬੇ ‘ਚ ਪੰਜਾਬੀ ਭਾਸ਼ਾ ਵਿਚਾਰਗੀ ਵਾਲੀ ਸਥਿਤੀ ‘ਚ ਦਿਖਾਈ ਦਿੰਦੀ ਹੈ ਪਰ ਸਮੇਂ-ਸਮੇਂ ਪੰਜਾਬੀ ਨੂੰ ਪ੍ਰਣਾਏ ਪੰਜਾਬੀਆਂ ਵੱਲੋਂ ਇਸ ਲੋਅ ਨੂੰ ਮਘਦੀ ਰੱਖਿਆ ਗਿਆ ਹੈ।
ਮਾਂ-ਬੋਲੀ ਦਿਵਸ ‘ਤੇ ਪੰਜਾਬੀ ਮਾਂ-ਬੋਲੀ ਸਬੰਧੀ ਵਿਚਾਰ ਕਰਨਾ ਜ਼ਰੂਰੀ ਬਣਦਾ ਹੈ। ਪਾਕਿਸਤਾਨ ‘ਚ ਪੰਜਾਬ ਦਾ ਰਕਬੇ ਅਨੁਸਾਰ ਵੱਡਾ ਹਿੱਸਾ ਹੈ ਤੇ ਭਾਰਤੀ ਪੰਜਾਬ ਨਾਲੋਂ ਇਹ 5 ਗੁਣਾ ਦੇ ਲਗਭਗ ਵੱਡਾ ਹੈ। ਇਥੇ ਜੋ ਪੰਜਾਬੀ ਦਾ ਬੁਰਾ ਹਾਲ ਹੈ, ਉਸ ਦਾ ਹਰ ਇਕ ਨੂੰ ਪਤਾ ਹੈ। ਇਥੇ ਬਹੁਤੀ ਵਸੋਂ ਚਾਹੇ ਪੰਜਾਬੀ ਬੋਲਦੀ ਹੈ ਪਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਹੋਰ ਹਰ ਤਰ੍ਹਾਂ ਦੇ ਅਦਾਰਿਆਂ ‘ਚ ਉਰਦੂ ਭਾਰੂ ਹੈ ਤੇ ਸਰਕਾਰੀ ਕੰਮਕਾਜ ਅਗਰੇਜ਼ੀ ਜਾਂ ਉਰਦੂ ‘ਚ ਹੀ ਹੁੰਦੇ ਹਨ। ਘਰਾਂ ‘ਚ ਵੀ ਬਹੁਤੇ ਪਰਿਵਾਰ ਉਰਦੂ ਬੋਲਣ ਨੂੰ ਤਰਜੀਹ ਦੇਣ ਲੱਗੇ ਹਨ, ਜਿਵੇਂ ਪੰਜਾਬੀ ਗਵਾਰਾਂ ਦੀ ਬੋਲੀ ਹੋਵੇ। ਇਧਰ ਚੜ੍ਹਦੇ ਪੰਜਾਬ ‘ਚ ਵੀ ਪੰਜਾਬੀ ਦੀ ਹਾਲਤ ਇਸ ਪੱਖੋਂ ਕੋਈ ਬਹੁਤੀ ਸਾਜ਼ਗਾਰ ਨਹੀਂ ਹੈ। ਇਥੇ ਹਿੰਦੀ ਤੇ ਅੰਗਰੇਜ਼ੀ ਦਾ ਗਲਬਾ ਲਗਾਤਾਰ ਵਧਦਾ ਜਾ ਰਿਹਾ ਹੈ। ਅਸੀਂ ਹਿੰਦੀ ਤੇ ਅੰਗਰੇਜ਼ੀ ਦੇ ਖਿਲਾਫ਼ ਨਹੀਂ ਹਾਂ, ਸਗੋਂ ਚਾਹੁੰਦੇ ਹਾਂ ਕਿ ਇਨ੍ਹਾਂ ਜ਼ਬਾਨਾਂ ਤੋਂ ਬੱਚੇ ਪੂਰੀ ਤਰ੍ਹਾਂ ਜਾਣੂ ਹੋਣੇ ਚਾਹੀਦੇ ਹਨ ਪਰ ਇਸ ਦੀ ਆੜ ‘ਚ ਪੰਜਾਬੀ ਬੋਲੀ ਨੂੰ ਨਕਾਰਨਾ ਬੇਹੱਦ ਮਾੜਾ ਆਖਿਆ ਜਾ ਸਕਦਾ ਹੈ।
ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੀ ਧਰਤੀ ‘ਤੇ ਪੰਜਾਬੀ ਪ੍ਰੇਮੀਆਂ ਵੱਲੋਂ ਥਾਂ ਪੁਰ ਥਾਂ ਪੰਜਾਬੀ ਬੋਲੀ ਨੂੰ ਉਸ ਦਾ ਬਣਦਾ ਸਥਾਨ ਦਿਵਾਉਣ ਲਈ ਯਤਨ ਜਾਰੀ ਰੱਖੇ ਹੋਏ ਹਨ। ਪਿਛਲੇ ਦਿਨੀਂ ਲੁਧਿਆਣਾ ‘ਚ ਸੱਭਿਆਚਾਰਕ ਲੋਕ ਮੰਚ ਤੇ ਅੰਮ੍ਰਿਤਸਰ ‘ਚ ਫੋਕਲੋਰ ਰੀਸਰਚ ਅਕਾਦਮੀ ਵੱਲੋਂ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਪੰਜਾਬੀ ਜਾਗ੍ਰਿਤੀ ਮਾਰਚ ਕੀਤੇ ਗਏ। ਜਲੰਧਰ ‘ਚ ਪੰਜਾਬ ਜਾਗ੍ਰਿਤੀ ਮੰਚ ਵੱਲੋਂ ਕੀਤਾ ਗਿਆ ਮਾਂ-ਬੋਲੀ ਮਾਰਚ ਬੇਹੱਦ ਪ੍ਰਭਾਵਸ਼ਾਲੀ ਸੀ। ਇਸ ‘ਚ ਹਰ ਵਰਗ ਨੇ ਹਿੱਸਾ ਲਿਆ। ਅਨੇਕਾਂ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਆਪਣੇ ਬੱਚਿਆਂ ਨੂੰ ਇਸ ‘ਚ ਸ਼ਿਰਕਤ ਕਰਨ ਲਈ ਭੇਜਿਆ। ਮਾਰਚ ਕਰਦੇ ਬੱਚਿਆਂ ਦਾ ਉਤਸ਼ਾਹ ਦੇਖਣ ਵਾਲਾ ਸੀ। ਇਸ ਗੱਲ ਤੋਂ ਇਹ ਅਹਿਸਾਸ ਜ਼ਰੂਰ ਹੁੰਦਾ ਸੀ ਕਿ ਜੇਕਰ ਅਸੀਂ ਸਾਰੇ ਮਿਲ ਕੇ ਯਤਨ ਜਾਰੀ ਰੱਖੀਏ ਤਾਂ ਪੰਜਾਬੀ ਬੋਲੀ ਤੇ ਸੱਭਿਆਚਾਰ ਆਪਣਾ ਮਾਣ ਤੇ ਸਤਿਕਾਰ ਕਾਇਮ ਰੱਖਣ ‘ਚ ਜ਼ਰੂਰ ਸਫ਼ਲ ਹੋਣਗੇ। ਅਸੀਂ ਪੰਜਾਬੀਅਤ ਨੂੰ ਪ੍ਰਣਾਈਆਂ ਜਥੇਬੰਦੀਆਂ ਤੇ ਸ਼ਖ਼ਸੀਅਤਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਨਿਰੰਤਰ ਇਸ ਦਿਸ਼ਾ ਵੱਲ ਆਪਣੇ ਕਦਮ ਜਾਰੀ ਰੱਖੇ ਹੋਏ ਹਨ।    (ਸੰਪਾਦਕੀ ਰੋਜ਼ਾਨਾ ਅਜੀਤ 22 ਫਰਵਰੀ, 2014)

Send this to a friend