ਰਾਹਤ ਵਿਤਰਨ ’ਚ ਤੇਜ਼ੀ ਲਿਆਉਣ ਲਈ ਮੁਖ ਮੰਤਰੀ ਵਲੋਂ ਮੰਤਰੀਆਂ ਨੂੰ ਸਮਾਰੋਹ ਕਰਨ ਦੇ ਨਿਰਦੇਸ਼
ਚੰਡੀਗੜ੍ਹ, 10 ਮਈ- ਇਸ ਸਾਲ ਨਵੰਬਰ ਤੋਂ ਪਹਿਲਾਂ 10.25 ਲਖ ਕਿਸਾਨਾਂ ਨੂੰ ਖੇਤੀ ਕਰਜ਼ਾ ਮੁਆਫੀ ਦੀ ਸਮੁਚੀ ਪ੍ਰਕਿਰਆਿ ਹੇਠ ਲਿਆਉਣ ਦੀਆਂ ਕੋਸ਼ਿਸਾਂ ਦੇ ਹਿਸੇ ਵਜੋਂ ਪੰਜਾਬ ਸਰਕਾਰ ਨੇ ਮਈ ਮਹੀਨੇ ਵਿਚ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦੇ ਵਾਸਤੇ 3.26 ਲਖ ਸੀਮਾਂਤ ਕਿਸਾਨਾਂ ਦੀ ਸ਼ਨਾਖਤ ਕਰ ਲਈ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਕਿਸਾਨਾਂ ਦਾ ਕਰਜ਼ਾ ਮੁਆਫੀ ਵਾਸਤੇ ਸ਼ਨਾਖਤ ਕੀਤੇ ਲਾਭਪਾਤਰੀਆਂ ਨੂੰ ਤੇਜ਼ੀ ਨਾਲ ਰਾਹਤ ਮੁਹਈਆ ਕਰਵਾਉਣ ਲਈ ਤਹਿਸੀਲ ਪਧਰ ’ਤੇ ਸਮਾਰੋਹ ਕਰਵਾਉਣ ਦੇ ਨਿਰਦੇਸ਼ ਦਿਤੇ ਹਨ। ਮੁਖ ਮੰਤਰੀ ਨੇ ਕਿਹਾ ਕਿ ਤਹਿਸੀਲ ਪਧਰੀ ਸਮਾਰੋਹਾਂ ਦੌਰਾਨ ਮੰਤਰੀ ਅਤੇ ਵਿਧਾਇਕ ਲਾਭਪਾਤਰੀਆਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਤਕਸੀਮ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਜਨਤਕ ਸੈਕਟਰ ਅਤੇ ਵਪਾਰਕ ਬੈਂਕਾਂ ਤੋਂ ਕਰਜ਼ੇ ਲਏ ਹਨ ਉਨ੍ਹਾਂ ਨੂੰ ਅਗਲੇ ਪੜਾਅ ਦੌਰਾਨ ਇਸ ਸਕੀਮ ਹੇਠ ਲਿਆਂਦਾ ਜਾਵੇਗਾ। ਵਿਤ ਵਿਭਾਗ ਰਾਜ ਪਧਰੀ ਬੈਂਕਰ ਕਮੇਟੀਆਂ ਦੇ ਨਾਲ ਮੀਟਿੰਗਾਂ ਕਰ ਰਿਹਾ ਹੈ ਤਾਂ ਜੋ ਇਨ੍ਹਾਂ ਬੈਂਕਾਂ ਤੋਂ ਅੰਕੜੇ ਪ੍ਰਾਪਤ ਕਰਕੇ ਯੋਗ ਕਿਸਾਨਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਡਾਟਾ ਪ੍ਰਾਪਤ ਹੋਣ ਤੋਂ ਬਾਅਦ ਕਰਜ਼ੇ ਦੀ ਰਾਸ਼ੀ ਇਨ੍ਹਾਂ ਬੈਂਕਾਂ ਨੂੰ ਜਾਰੀ ਕਰ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ 31 ਅਕਤੂਬਰ, 2018 ਤਕ ਇਸ ਸਕੀਮ ਦੀ ਪੂਰੀ ਤਰ੍ਹਾਂ ਸ਼ੁਰੂਆਤ ਕਰਨ ਲਈ ਵਚਨਬਧ ਹੈ। ਸਰਕਾਰੀ ਬੁਲਾਰੇ ਅਨੁਸਾਰ ਮੁਖ ਮੰਤਰੀ ਨੇ ਦਸਿਆ ਕਿ ਸਹਿਕਾਰੀ ਸੰਸਥਾਵਾਂ ਤੋਂ ਕਰਜ਼ਾ ਲੈਣ ਵਾਲੇ 2.02 ਲਖ ਸੀਮਾਂਤ ਕਿਸਾਨਾਂ ਨੂੰ ਕਰਜ਼ਾ ਰਾਹਤ ਮੁਹਈਆ ਕਰਵਾ ਦਿਤੀ ਹੈ ਜਿਸ ਦੀ ਰਾਸ਼ੀ 999.97 ਲਖ ਬਣਦੀ ਹੈ। ਇਹ ਰਾਸ਼ੀ ਪਿਛਲੇ ਸਾਲ 17 ਅਕਤੂਬਰ ਨੂੰ ਸਰਕਾਰ ਵਲੋਂ ਨੋਟੀਫਾਈ ਕੀਤੀ ਸਕੀਮ ਹੇਠ ਜਾਰੀ ਕੀਤੀ ਗਈ ਹੈ। ਮੁਖ ਮੰਤਰੀ ਨੇ ਦਸਿਆ ਕਿ ਇਸ ਸਕੀਮ ਦਾ ਹੋਰ ਸੁਧਾਰਨੀਕਰਨ ਕਰਨ ਵਾਸਤੇ ਸਰਕਾਰ ਨੇ 16 ਫਰਵਰੀ, 2018 ਨੂੰ ਇਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਜੋ ਕਿਸਾਨਾਂ ਦੀ ਮੌਤ ਹੋਣ, ਐਨ ਆਰ ਆਈ ਕੇਸਾਂ ਅਤੇ ਆਧਾਰ ਕਾਰਡ ਨਾ ਹੋਣ ਵਾਲੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੀ ਸੁਵਿਧਾ ਮੁਹਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਬੰਧਤ ਐਸ ਡੀ ਐਮ ਦੀ ਨਿਗਰਾਨੀ ਹੇਠ ਇਕ ਕਮੇਟੀ ਵਲੋਂ ਹੁਣ ਇਸ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਮੁਖ ਮੰਤਰੀ ਨੇ ਦੋਹਰਾਇਆ ਕਿ ਵਿਤੀ ਸਮਸਿਆਵਾਂ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਬੋਝ ਘਟਾਉਣ ਵਾਸਤੇ ਰਾਹਤ ਦੇਣ ਲਈ ਢੁਕਵੇ ਫੰਡਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ।



