ਈ.ਡੀ. ਨੇ ਨਸ਼ਾ ਤਸਕਰੀ ’ਚ ਮਜੀਠੀਆ ਦੀ ਸ਼ਮੂਲੀਅਤ ਬਾਰੇ ਪ੍ਰਦੇਸ਼ ਕਾਂਗਰਸ ਦੇ ਦੋਸ਼ਾਂ ਨੂੰ ਸਾਬਤ ਕੀਤਾ : ਬਾਜਵਾ

ਮਜੀਠੀਆ ਤੇ ਦਮਨਜੀਤ ਸਿੰਘ ਦਾ ਅਸਤੀਫਾ ਮੰਗਿਆ, ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ
cc ਚੰਡੀਗੜ੍ਹ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਨਫੋਰਸਮੇਂਟ ਡਾਇਰੈਕਟਰੇਟ (ਈ.ਡੀ) ਵੱਲੋਂ ਪੰਜਾਬ ਦੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਤੋਂ ਪੁੱਛਗਿਛ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਜਿਸ ਡਰੱਗ ਰੈਕੇਟ ’ਚ ਸ਼ਮੂਲਿਅਤ ਨੂੰ ਲੈ ਕੇ ਰਿਟਾਇਰਡ ਡੀ.ਐਸ.ਪੀ ਜਗਦੀਸ਼ ਭੋਲਾ ਤੇ ਮਜੀਠੀਆ ਦੇ ਦੋ ਨਜਦੀਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਥੇ ਜਾਰੀ ਬਿਆਨ ’ਚ ਬਾਜਵਾ ਨੇ ਕਿਹਾ ਕਿ ਈ.ਡੀ. ਦਾ ਅਕਾਲੀ ਆਗੂਆਂ ਤੋਂ ਪੁੱਛਗਿਛ ਕਰਨ ਦਾ ਕਦਮ ਕਾਂਗਰਸ ਦੇ ਦੋਸ਼ਾਂ ਨੂੰ ਸਾਬਤ ਕਰਦਾ ਹੈ ਕਿ ਸੀਨੀਅਰ ਅਕਾਲੀ ਮੰਤਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਿੱਧੇ ਤੌਰ ’ਤੇ ਡਰੱਗ ਰੈਕੇਟ ’ਚ ਸ਼ਾਮਿਲ ਹਨ। ਉਨ੍ਹਾਂ ਨੂੰ ਤੁਰੰਤ ਮਜੀਠੀਆ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਅਤੇ ਕੇਸ ਦੀ

ਸੀ.ਬੀ.ਆਈ ਜਾਂਚ ਸਬੰਧੀ ਆਪਣੀ ਮੰਗ ਨੂੰ ਦੁਹਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਈ.ਡੀ. ਨੂੰ ਦਿੱਤੇ ਬਿਆਨ ’ਚ ਭੋਲਾ ਨੇ ਇਕ ਵਾਰ ਫਿਰ ਤੋਂ ਮਜੀਠੀਆ ਅਤੇ ਜੇਲ ਮੰਤਰੀ ਸਰਵਨ ਸਿੰਘ ਫਿਲੌਰ ਦੇ ਬੇਟੇ ਦਮਨਜੀਤ ਸਿੰਘ ਦਾ ਨਾਂ ਲਿਆ ਹੈ। ਭੋਲਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਮਜੀਠੀਆ ਦਾ ਰੈਕੇਟ ਦੇ ਸਰਗਨਾ ਵਜੋਂ ਨਾਂ ਲਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਦੋ ਹੋਰ ਸੀਨੀਅਰ ਮੰਤਰੀ ਨਸ਼ਾ ਤਸਕਰੀ ’ਚ ਸ਼ਾਮਿਲ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭੋਲਾ ਵੱਲੋਂ ਲਗਾਏ ਦੋਸ਼ਾਂ ਤੋਂ ਬਾਅਦ ਮਜੀਠੀਆ ਨੂੰ ਬਿਨ੍ਹਾਂ ਕਿਸੇ ਜਾਂਚ ਤੋਂ ਕਲੀਨ ਚਿੱਟ ਦੇ ਦਿੱਤੀ। ਭੋਲਾ ਦੀ ਨਿਸ਼ਾਨਦੇਹੀ ’ਤੇ ਹੀ ਜਗਦੀਸ਼ ਸਿੰਘ ਚਾਹਲ ਤੇ ਯੂਥ ਅਕਾਲੀ ਦਲ ਦੇ ਆਗੂ ਮਨਿੰਦਰ ਸਿੰਘ ਬਿੱਟੂ ਔਲਖ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਵੇਂ ਮਜੀਠੀਆ ਦੇ ਨਜ਼ਦੀਕੀ ਹਨ। ਉਨ੍ਹਾਂ ਨੇ ਕਿਹਾ ਕਿ ਸਿਆਸੀ ਦਬਾਅ ਕਾਰਨ ਪੰਜਾਬ ਪੁਲਿਸ ਨੇ ਮਾਮਲੇ ਦੀ ਸਹੀ ਦਿਸ਼ਾ ’ਚ ਜਾਂਚ ਨਹੀਂ ਕੀਤੀ।
ਬਾਜਵਾ ਨੇ ਕਿਹਾ ਕਿ ਈ.ਡੀ. ਵੱਲੋਂ ਰਿਕਾਰਡ ਕੀਤੇ ਬਿਆਨ ’ਚ ਸਾਫ ਹੋ ਗਿਆ ਹੈ ਕਿ ਜਗਦੀਸ਼ ਸਿੰਘ ਚਾਹਲ ਮਜੀਠੀਆ ਦੇ ਨਿਰਦੇਸ਼ਾਂ ’ਤੇ ਨਸ਼ਾ ਸਪਲਾਈ ਕਰ ਰਿਹਾ ਸੀ। ਭੋਲਾ ਵੱਲੋਂ ਦਰਸ਼ਾਏ ਦੋ ਹੋਰ ਵਿਅਕਤੀ ਸੱਤਾ ਤੇ ਪਿੰਕੀ ਵੀ ਮਜੀਠੀਆ ਦੇ ਨਜ਼ਦੀਕੀ ਹਨ ਅਤੇ ਸੱਤਾ ਹੁਣ ਪਟਿਆਲਾ ਜੇਲ੍ਹ ’ਚ ਹੈ, ਜਿਸਦੀ ਮਜੀਠੀਆ ਦੇ ਬੈਡਰੂਮ ਤੱਕ ਸਿੱਧੀ ਪਹੁੰਚ ਸੀ। ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਮਜੀਠੀਆ ਤੇ ਹੋਰਨਾਂ ਅਕਾਲੀ ਆਗੂਆਂ ਨੂੰ ਬਚਾਉਣ ਖਾਤਿਰ ਜਾਂਚ ਨੂੰ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਵੱਡਾ ਰੈਕੇਟ ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮਨਜ਼ੂਰੀ ਬਗੈਰ ਨਹੀਂ ਚੱਲ ਸਕਦਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਕਈ ਐਨ.ਆਰ.ਆਈ ਦੋਸਤਾਂ ’ਚੋਂ ਕੁਝ ਜਿਹੜੇ ਕੈਨੇਡਾ ਤੇ ਯੂਰਪ ’ਚ ਕਬੱਡੀ ਕਲੱਬ ਚਲਾਉਣ ’ਚ ਵੀ ਸ਼ਾਮਿਲ ਸਨ, ਡਰੱਗ ਰੈਕੇਟ ’ਚ ਸ਼ਾਮਿਲ ਹਨ ਅਤੇ ਨਸ਼ਿਆਂ ਦੀ ਤਸਕਰੀ ਲਈ ਕਬੱਡੀ ਖਿਡਾਰੀਆਂ ਦਾ ਇਸਤੇਮਾਲ ਕਰ ਰਹੇ ਹਨ। ਸੁਖਬੀਰ ਬਾਦਲ ਸਿਰਫ ਡਰੱਗ ਰੈਕੇਟ ਨੂੰ ਛਿਪਾਉਣ ਲਈ ਵਰਲਡ ਕਬੱਡੀ ਕੱਪ ਕਰਵਾ ਰਿਹਾ ਹੈ।
ਬਾਜਵਾ ਨੇ ਕਿਹਾ ਕਿ ਜੇ ਇਸ ਰੈਕੇਟ ’ਚ ਕੋਈ ਅਕਾਲੀ ਆਗੂ ਸ਼ਾਮਿਲ ਨਹੀਂ ਹੈ, ਤਾਂ ਕਿਉਂ ਬਾਦਲ ਸੀ.ਬੀ.ਆਈ ਜਾਂਚ ਦਾ ਆਦੇਸ਼ ਨਹੀਂ ਦੇ ਰਹੇ। ਅਕਾਲੀ ਆਗੂਆਂ ਨੇ ਪੰਜਾਬ ਦੇ ਨੌਜਵਾਨਾਂ ਦੀ ਜਿੰਦਗੀ ਤਬਾਹ ਕਰ ਦਿੱਤੀ ਹੈ ਅਤੇ ਯੋਜਨਾਬੱਧ ਤਰੀਕੇ ਨਾਲ ਸਿੱਖਿਆ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਰਹੇ ਹਨ, ਤਾਂ ਜੋ ਨੌਜਵਾਨ ਅਨਪੜ੍ਹ ਹੋਣ ਤੇ ਨਿਰਭਰ ਹੋਣ। ਪੰਜਾਬ ਦੇ ਲੋਕ ਨਸ਼ਾਖੋਰੀ ਖਿਲਾਫ ਅਵਾਜ਼ ਚੁੱਕਣ ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਬਚਾਉਣ।

Send this to a friend