ਚੰਡੀਗੜ੍ਹ, 8 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਘ ਪਰਿਵਾਰ ਦੀਆਂ ਫਿਰਕੂ ਅਤੇ ਵੰਡਪਾਊ ਨੀਤੀਆਂ ਦੀ ਸਖਤ ਅਤਲੋਚਨਾ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਹਿੰਦੂ ਕੱਟੜਵਾਦ ਵਾਲੀ ਸੋਚ ਮੁਲਕ ਦੇ ਸਮਾਜਿਕ ਤਾਣੇਬਾਣੇ ਨੂੰ ਤਬਾਹ ਕਰ ਕੇ ਇਸ ਨੂੰ ਤਬਾਹੀ ਵੱਲ ਧਕੇਲ ਰਹੀ ਹੈ।ਉਹ ਸਿੱਖ ਐਜੂਕੇਸ਼ਨਲ ਸੁਸਾਇਟੀ ਵਲੋਂ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਘਾਦਗਾਰੀ ਪੁਰਸਕਾਰ ਦੇਣ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਬਾਜਵਾ ਨੇ ਕਿਹਾ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਸੰਘ ਪਰਿਵਾਰ ਦੀਆਂ ਸਾਹਮਣੇ ਆਈਆਂ ਨੀਤੀਆਂ ਭਾਰਤ ਅਤੇ ਹਿੰਦੋਸਤਾਨ ਦੇ ਸੰਕਲਪ ਨੂੰ ਬਹੁਤ ਵੱਡਾ ਖਤਰਾ ਹਨ।ਉਹਨਾਂ ਇਸ ਸੰਦਰਭ ਵਿਚ ਜਥੇਦਾਰ ਟੌਹੜਾ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਬਹੁਭਾਸ਼ੀ, ਬਹੁਧਰਮੀ ਅਤੇ ਬਹੁਸਭਿਆਚਾਰੀ ਮੁਲਕ ਦੀ ਬਹੁਤ ਡੂੰਘੀ ਸਮਝ ਸੀ ਅਤੇ ਉਹ ਇੱਕੋ ਇੱਕ ਅਜਿਹੇ ਅਕਾਲੀ ਆਗੂ ਸਨ ਜਿਨ੍ਹਾਂ ਨੂੰ ਇਹ ਪੂਰੀ ਤਰਾਂ ਸਪਸ਼ਟ ਸੀ ਕਿ ਇਸ ਬਹੁਭਾਂਤੀ ਮੁਲਕ ਦੀ ਅਨੇਕਤਾ ਨੂੰ ਬਰਕਰਾਰ ਰੱਖ ਕੇ ਹੀ ਇਸ ਦੀ ਏਕਤਾ ਕਾਇਮ ਰੱਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਿਆਸੀ ਵਿਚਾਰਧਾਰਾ ਮੁਲਕ ਦੇ ਅਜੋਕੇ ਸਿਆਸੀ ਹਾਲਾਤ ਵਿਚ ਪਹਿਲਾਂ ਨਾਲੋਂ ਵੀ ਵੱਧ ਪ੍ਰਸੰਗਕ ਹੋ ਗਈ ਹੈ ਕਿਉਂਕਿ ਅੱਜ ਮੁਲਕ ਭਾਜਪਾ ਤੇ ਸੰਘ ਪਰਿਵਾਰ ਦੀਆਂ ਫੁੱਟਪਾਊ ਨੀਤੀਆਂ ਨਾਲ ਲੜ ਰਿਹਾ ਹੈ।
ਬੀਜੇਪੀ ਅਤੇ ਸੰਘ ਪਰਿਵਾਰ ਦੀ ਫਿਰਕੂ ਸੋਚ ਮੁਲਕ ਲਈ ਘਾਤਕ : ਤ੍ਰਿਪਤ ਬਾਜਵਾ



