May 30, 2026 4:27 pm

ਪੰਜਾਬ ਬੋਰਡ ਦੀ ਵਿਵਾਦਤ ਪੁਸਤਕ ’ਤੇ ਰੋਕ ਸਿਖ ਕੌਮ ਤੇ ਪੰਜਾਬੀਆਂ ਦੀ ਜਿਤ : ਭਾਈ ਲੌਂਗੋਵਾਲ

ਅੰਮ੍ਰਿਤਸਰ, 8 ਮਈ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਵਲੋਂ ਬਾਰ੍ਹਵੀਂ ਦੇ ਸਿਲੇਬਸ ਅਤੇ ਪਾਠਕ੍ਰਮ ਦੀ ਪੁਸਤਕ ‘ਤੇ ਰੋਕ ਲਗਾਉਣ ਨੂੰ ਸਿਖ ਕੌਮ ਅਤੇ ਪੰਜਾਬੀਆਂ ਦੀ ਜਿਤ ਕਰਾਰ ਦਿਤਾ ਹੈ। ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਇਕ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਕਿ ਸਮੁਚੇ ਸਿਖ ਪੰਥ ਦੀ ਮੰਗ ਸੀ ਕਿ ਇਹ ਵਿਵਾਦਤ ਪੁਸਤਕ ਵਾਪਸ ਲਈ ਜਾਵੇ, ਕਿਉਂਕਿ ਇਸ ਵਿਚ ਸਿਖ ਕੌਮ ਅਤੇ ਪੰਜਾਬ ਦੇ ਇਤਿਹਾਸ ਨੂੰ ਨਜ਼ਰਅੰਦਾਜ਼ ਕਰ ਕੇ ਸਿਖ ਪੰਥ ਅਤੇ ਪੰਜਾਬੀਆਂ ਨਾਲ ਥ੍ਰੋਹ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੜੀ ਠੀਕ ਨਹੀਂ ਸੀ ਅਤੇ ਉਸ ਨੂੰ ਕਿਤਾਬ ਵਾਪਸ ਲੈਣ ਵਿਚ ਏਨੀ ਦੇਰ ਨਹੀਂ ਸੀ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਚਲੋ ਦੇਰ ਨਾਲ ਹੀ ਸਹੀ ਪਰ ਸਰਕਾਰ ਦੇ ਰੋਕ ਲਗਾਉਣ ਨਾਲ ਇਹ ਸਿਧ ਹੋ ਗਿਆ ਹੈ ਕਿ ਉਸ ਪਾਸੋਂ ਭਾਰੀ ਭੁਲ ਹੋਈ ਸੀ। ਭਾਈ ਲੌਂਗੋਵਾਲ ਨੇ ਸਰਕਾਰ ਵਲੋਂ ਬਣਾਈ ਗਈ ਨਿਗਰਾਨ ਕਮੇਟੀ ਤੇ ਵੀ ਤਸਲੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਕਿਰਪਾਲ ਸਿੰਘ ਚੰਡੀਗੜ੍ਹ ਦੀ ਅਗਾਵਈ ਵਿਚ ਬਣਾਈ ਗਈ ਕਮੇਟੀ ਦਾ ਸ਼੍ਰੋਮਣੀ ਕਮੇਟੀ ਸਵਾਗਤ ਕਰਦੀ ਹੈ ਅਤੇ ਸਰਕਾਰ ਵਲੋਂ ਪਤਰ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਦੋ ਮੈਂਬਰ ਦੇ ਦਿਤੇ ਜਾਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਸਿਖ ਕੌਮ ਅਤੇ ਪੰਜਾਬੀਆਂ ਦਾ ਮਸਲਾ ਸੀ, ਜਿਸ ਦਾ ਕੌਮ ਵਲੋਂ ਡਟਵਾਂ ਵਿਰੋਧ ਕਰ ਕੇ ਕੌਮੀ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਸਮੁਚੇ ਖਾਲਸਾ ਪੰਥ ਅਤੇ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਾਮਲੇ ਤੇ ਪੰਥਕ ਧਿਰਾਂ, ਸ਼੍ਰੋਮਣੀ ਅਕਾਲੀ ਦਲ, ਸਿਖ ਬੁਧੀਜੀਵੀਆਂ ਅਤੇ ਸੰਗਤਾਂ ਦੇ ਸੁਹਿਰਦ ਯਤਨਾ ਨਾਲ ਹੀ ਇਹ ਸੰਭਵ ਹੋ ਸਕਿਆ ਹੈ।

Send this to a friend